ਰੂੜੇਕੇ ਕਲਾਂ, ਗੁਰਦਾਸਪੁਰ, 18 ਸਤੰਬਰ (ਸਰਬਜੀਤ ਸਿੰਘ)– ਪਿਛਲੇ ਦਿਨੀਂ ਉੱਘੇ ਚਿੰਤਕ ਅਤੇ ਸਾਬਕਾ ਵਿਦਿਆਰਥੀ ਆਗੂ ਮਾਲਵਿੰਦਰ ਮਾਲੀ ਉੱਪਰ ਮੁਹਾਲੀ ਦੇ ਇੱਕ ਥਾਣੇ ਵਿੱਚ ਇੱਕ ਸਾਜ਼ਿਸ਼ ਅਧੀਨ ਝੂਠੀ ਐਫ਼ ਆਈ ਆਰ ਦਰਜ ਕਰਕੇ ਗਿਰਫ਼ਤਾਰ ਕਰਨ ਦੀ ਸੀ ਪੀ ਆਈ (ਐਮ ਐਲ) ਰੈੱਡ ਸਟਾਰ ਵੱਲੋਂ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ। ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਕਿਹਾ ਕਿ ਮਾਲਵਿੰਦਰ ਮਾਲੀ ਵੱਲੋਂ ਵੱਖ ਵੱਖ ਸਮੇਂ ਪੰਜਾਬ ਵਿੱਚ ਰਾਜ ਕਰਨ ਵਾਲੀਆਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਆਮ ਜਨਤਾ ਨਾਲ ਝੂਠੇ ਵਾਅਦੇ ਕਰਕੇ ਮੁੱਕਰ ਜਾਣ ਸਮੇਂ ਹਮੇਸ਼ਾ ਸਿਆਸੀ ਨੁਕਤਾਚੀਨੀ ਕੀਤੀ ਜਾਂਦੀ ਰਹੀ ਹੈ। ਇਸੇ ਕਰਕੇ ਉਹ ਮੌਕੇ ਦੀਆਂ ਸਰਕਾਰਾਂ ਦੇ ਅੱਖ ਵਿੱਚ ਰੋੜ ਵਾਂਗ ਰੜਕਦਾ ਰਿਹਾ ਹੈ। ਅੱਜ ਉਹ ਆਪਣੇ ਫੇਸਬੁੱਕ ਪੇਜ਼ ‘ਤੇ ਭਗਵੰਤ ਮਾਨ ਸਰਕਾਰ ਉੱਪਰ ਵੀ ਸਿਆਸੀ ਤਨਜ਼ ਕਸਦਾ ਆ ਰਿਹਾ ਹੈ। ਭਗਵੰਤ ਮਾਨ ਸਰਕਾਰ ਚੋਣਾ ਸਮੇਂ ਆਮ ਜਨਤਾ ਨਾਲ਼ ਝੂਠੀਆਂ ਗਰੰਟੀਆਂ ਕਰਕੇ ਸੱਤਾ ਵਿੱਚ ਆਈ ਹੈ ਪਰ ਹੁਣ ਉਹ ਲੋਕਾਂ ਵੱਲ ਪਿੱਠ ਕਰਕੇ ਖੜ੍ਹ ਗਈ ਹੈ। ਜਿਹੜੇ ਲੇਖਕ ਤੇ ਬੁੱਧੀਜੀਵੀ ਲੋਕ ਸਰਕਾਰ ਦੀ ਕਾਰਗੁਜ਼ਾਰੀ ਤੇ ਉਂਗਲ ਉਠਾਉਂਦੇ ਹਨ, ਉਹਨਾਂ ਦੀ ਆਵਾਜ਼ ਬੰਦ ਕਰਵਾਉਣ ਦੀ ਸਾਜ਼ਿਸ਼ ਘੜੀ ਜਾ ਰਹੀ ਹੈ। ਮਾਲੀ ਉੱਪਰ ਵੀ ਆਈ ਟੀ ਐਕਟ ਦੀ ਧਾਰਾ 67 ਤਹਿਤ ਪਰਜਾ ਦਰਜ਼ ਕਰਨਾ ਇਸੇ ਕੜੀ ਦਾ ਹਿੱਸਾ ਹੈ। ਮੁਹਾਲੀ ਦੇ ਰਹਿਣ ਵਾਲੇ ਅਮਿੱਤ ਜੈਨ ਜੋਂ ਆਪ ਪਾਰਟੀ ਦਾ ਵਰਕਰ ਹੈ, ਉਸ ਵੱਲੋਂ ਸ਼ਕਾਇਤ ਦਰਜ਼ ਕਰਵਾਈ ਗਈ ਹੈ ਅਤੇ ਪੁਲਿਸ ਵੱਲੋਂ 199,296 ਬੀ ਐਨ ਐਸ ਧਰਾਵਾਂ ਦਾ ਵਾਧਾ ਕਰਕੇ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਝੂਠੀ ਸਾਜ਼ਿਸ਼ ਰਚੀ ਗਈ ਹੈ। ਆਗੂ ਨੇ ਕਿਹਾ ਕਿ ਸਿਆਸਤ ਤੋਂ ਪ੍ਰੇਰਿਤ ਇਹ ਐਫ਼ ਆਈ ਆਰ ਤੁਰੰਤ ਰੱਦ ਕੀਤੀ ਜਾਵੇ ਅਤੇ ਮਾਲਵਿੰਦਰ ਮਾਲੀ ਨੂੰ ਰਿਹਾ ਕੀਤਾ ਜਾਵੇ।


