ਸ਼ਹੀਦ ਕਾਮਰੇਡ ਅਮਰੀਕ ਸਿੰਘ ਪਨਿਆੜ ਦੀ ਯਾਦ ਵਿੱਚ ਗਾਂਧੀ ਪਨਿਆੜ ਵਿਖੇ ਸਿਆਸੀ ਕਾਨਫਰੰਸ

ਗੁਰਦਾਸਪੁਰ


ਕਿਸਾਨਾਂ ਮਜ਼ਦੂਰਾਂ ਦੇ ਕਈ ਘੋਲਾਂ ਦੀ ਅਗਵਾਈ ਕੀਤੀ ਸੀ ਕਾਮਰੇਡ ਅਮਰੀਕ ਸਿੰਘ ਪਨਿਆੜ- ਸਤਬੀਰ ਸਿੰਘ ਸੁਲਤਾਨੀ
ਇਜਰਾਇਲ ਵੱਲੋਂ ਗਾਜ਼ਾ ਵਿੱਚ ਕੀਤੀ ਜਾ ਰਹੀ ਤਬਾਹੀ ਬਿਲਕੁਲ ਗਲਤ- ਦਰਸ਼ਨ ਖਟਕੜ

ਗੁਰਦਾਸਪੁਰ, 11 ਜੂਨ ( ਸਰਬਜੀਤ ਸਿੰਘ)— ਸੀਪੀਆਈ ਐਮਐਲ ਨਿਊ ਡੈਮੋਕਰੇਸੀ ਵੱਲੋਂ 17 ਜੂਨ 1990 ਨੂੰ ਫਿਰਕੂ ਦਹਿਸ਼ਤਗਰਦਾਂ ਦੇ ਹੱਥ ਸ਼ਹੀਦ ਹੋਏ ਕਾਮਰੇਡ ਅਮਰੀਕ ਸਿੰਘ ਪਨਿਆੜ ਦੀ 34ਵੀਂ ਸ਼ਹੀਦੀ ਵਰੇਗੰਡ ਮੌਕੇ ਪਿੰਡ ਗਾਂਧੀ ਆਪਣੇਆੜ ਵਿਖੇ ਸਿਆਸੀ ਕਾਨਫਰੰਸ ਕੀਤੀ ਗਈ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਤਰਲੋਕ ਸਿੰਘ ਬਹਿਰਾਮਪੁਰ, ਸੁਖਦੇਵ ਰਾਜ ਬਹਿਰਾਮਪੁਰ ਪਰਮਜੀਤ ਰਤਨਗੜ੍ਹ ਸ਼ਾਮਿਲ ਹੋਏ ਅਤੇ ਸਟੇਜ ਸਕੱਤਰ ਦੀ ਭੂਮਿਕਾ ਕਾਮਰੇਡ ਰਾਜਕੁਮਾਰ ਪੰਡੋਰੀ ਨੇ ਨਿਭਾਈ।
ਸਿਆਸੀ ਕਾਨਫਰੰਸ ਦੀ ਸ਼ੁਰੂਆਤ ਵਿੱਚ ਸ਼ਹੀਦ ਕਾਮਰੇਡ ਅਮਰੀਕ ਸਿੰਘ ਪਨਿਆੜ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਦੋ ਮਿਨਟ ਦਾ ਮੋਨ ਧਾਰਿਆ ਗਿਆ ਅਤੇ ਇਸ ਉਪਰੰਤ ਉਹਨਾਂ ਦੀ ਪਤਨੀ ਬੀਬੀ ਸੁਰਿੰਦਰ ਕੌਰ ਬੇਟੇ ਵਿਕਰਮ ਸਿੰਘ ਸੀਪੀਆਈਐਮਐਲ ਨਿਊ ਡੈਮੋਕਰੇਸੀ ਦੇ ਸੂਬਾ ਆਗੂ ਦਰਸ਼ਨ ਖਟਕੜ ਅਜਮੇਰ ਸਿੰਘ ਸਤਬੀਰ ਸਿੰਘ ਸੁਲਤਾਨੀ ਜੋਗਿੰਦਰ ਪਾਲ ਪਨਿਆੜ ਗੁਰਦਿਆਲ ਸਿੰਘ ਬਾਲਾ ਪਿੰਡੀ ਅਨੋਖ ਸਿੰਘ ਘੋੜੇਵਾਹ ਸਮੇਤ ਉਹਨਾਂ ਦੇ ਸਾਥੀਆਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਕਾਨਫਰੰਸ ਦੀ ਸ਼ੁਰੂਆਤ ਵਿੱਚ ਬੋਲਦਿਆਂ ਸਤਬੀਰ ਸਿੰਘ ਸੁਲਤਾਨੀ ਨੇ ਕਿਹਾ ਕਿ ਕਾਮਰੇਡ ਅਮਰੀਕ ਸਿੰਘ ਪਨਿਆੜ ਵਿਦਿਆਰਥੀ ਜੀਵਨ ਤੋਂ ਹੀ ਲੋਕਾਂ ਦੇ ਮੁੱਦਿਆਂ ਉੱਪਰ ਸੰਘਰਸ਼ੀਲ ਰਹੇ। ਵਿਦਿਆਰਥੀ ਜੀਵਨ ਤੋਂ ਬਾਅਦ ਸੂਬੇ ਅੰਦਰ ਬੱਸ ਕਿਰਾਇਆ ਐਜੀਟੇਸ਼ਨ, ਬਿਜਲੀ ਬਿੱਲ ਬਾਈਕਾਟ ਮੁਹਿਮ, ਅਤੇ ਹੋਰਨਾਂ ਸਥਾਨਕ ਕਿਸਾਨ ਘੋਲਾਂ ਨੂੰ ਨਾ ਸਿਰਫ ਲਾਮਬੰਦ ਕੀਤਾ, ਬਲਕਿ ਲੋਕਾਂ ਦਾ ਚੇਤਨਤਾ ਦਾ ਪੱਧਰ ਉੱਪਰ ਚੁੱਕਣ ਵਿੱਚ ਆਪਣਾ ਬਣਦਾ ਰੋਲ ਨਿਭਾਇਆ। ਉਹਨਾਂ ਦੱਸਿਆ ਕਿ ਕਾਮਰੇਡ ਅਮਰੀਕ ਸਿੰਘ ਪਨਿਆੜ ਨੇ ਕਈ ਕਿਸਾਨ ਮਜ਼ਦੂਰ ਘੋਲਾਂ ਦੀ ਅਗਵਾਈ ਕੀਤੀ।
ਕਾਨਫਰੰਸ ਵਿੱਚ ਹਾਜ਼ਰ ਪਾਰਟੀ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਸੀਪੀਆਈਐਮਐਲ ਨਿਊ ਡੈਮੋਕਰੇਸੀ ਦੇ ਸੂਬਾਈ ਆਗੂ ਕਾਮਰੇਡ ਦਰਸ਼ਨ ਖਟਕੜ ਨੇ ਕਿਹਾ ਕਿ ਅਪ੍ਰੈਲ-ਜੂਨ 2024 ਵਿਚ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਇਹ ਹੈ ਕਿ ਮੋਦੀ ਦੀ ਅਗਵਾਈ ਵਾਲੀ ਆਰ.ਐੱਸ.ਐੱਸ.-ਭਾਜਪਾ ਦੀ ਦੇਸ਼ ਵਿਚ ਫਾਸੀਵਾਦੀ ਵਿਵਸਥਾ ਥੋਪਣ ਦੀ ਮੁਹਿੰਮ ਖਤਮ ਹੋ ਗਈ ਹੈ। ਅਸਲ ਵਿੱਚ ਇਹ ਇਹਨਾਂ ਚੋਣਾਂ ਵਿੱਚ ਸਭ ਤੋਂ ਅਹਿਮ ਮੁੱਦਾ ਸੀ ਜਿਸ ਲਈ ਸਾਡੀ ਪਾਰਟੀ ਸਮੇਤ ਅਗਾਂਹਵਧੂ, ਜਮਹੂਰੀ ਅਤੇ ਇਨਕਲਾਬੀ ਤਾਕਤਾਂ ਨੇ ਇਹਨਾਂ ਚੋਣਾਂ ਵਿੱਚ ਆਰ.ਐਸ.ਐਸ.-ਭਾਜਪਾ ਨੂੰ ਹਰਾਉਣ ਅਤੇ ਭਜਾਉਣ ਦਾ ਸੱਦਾ ਦਿੱਤਾ ਸੀ।ਮੋਦੀ ਅਤੇ ਭਾਜਪਾ ਦੇ ਹੋਰ ਆਗੂ ਸਭ ਤੋਂ ਵੱਡੀ ਪਾਰਟੀ ਵਜੋਂ ਉਭਰਨ ਦੀ ਸ਼ੇਖੀ ਮਾਰ ਰਹੇ ਹਨ, ਪਰ ਇਸ ਨੂੰ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਪੈਸੇ ਅਤੇ ਮੀਡੀਆ ਦੀ ਤਾਕਤ ਦੀ ਵੱਡੇ ਪੱਧਰ ‘ਤੇ ਵਰਤੋਂ, ਕੇਂਦਰ ਸਰਕਾਰ ਦੀ ਬੇਤੁਕੀ ਵਰਤੋਂ ਦੇ ਪਿਛੋਕੜ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਈਡੀ, ਆਈਟੀ ਅਤੇ ਸੀਬੀਆਈ ਵਰਗੀਆਂ ਏਜੰਸੀਆਂ ਨੇ ਮੌਜੂਦਾ ਮੁੱਖ ਮੰਤਰੀਆਂ ਦੀ ਗ੍ਰਿਫਤਾਰੀ ਚੋਣਾਂ ਤੋਂ ਠੀਕ ਪਹਿਲਾਂ, ਚੋਣ ਕਮਿਸ਼ਨ ਦਾ ਪੱਖਪਾਤੀ ਰਵੱਈਆ ਆਦਿ।ਇਨ੍ਹਾਂ ਦੇ ਬਾਵਜੂਦ ਫਾਸੀਵਾਦੀ ਤਾਕਤਾਂ ਨੂੰ ਝਟਕਾ ਲੱਗਾ ਹੈ।ਨਾ ਸਿਰਫ਼ ਆਰਐਸਐਸ-ਭਾਜਪਾ ਸਰਕਾਰ ਬਣਾਉਣ ਅਤੇ ਚਲਾਉਣ ਲਈ ਆਪਣੇ ਐਨਡੀਏ ਸਹਿਯੋਗੀਆਂ ‘ਤੇ ਨਿਰਭਰ ਰਹਿਣਗੇ। ਉਨ੍ਹਾਂ ਦੇ ਕੁਝ ਪ੍ਰਮੁੱਖ ਸਹਿਯੋਗੀ ਜਿਵੇਂ ਕਿ ਟੀਡੀਪੀ ਅਤੇ ਜੇਡੀ (ਯੂ), ਮੌਕਾਪ੍ਰਸਤ, ਹਿੰਦੂਤਵ ਤੋਂ ਨਹੀਂ ਆਉਂਦੇ ਹਨ ਅਤੇ ਨਾ ਹੀ ਹਿੰਦੂਤਵ ਦੇ ਏਜੰਡੇ ਨੂੰ ਲੈਕੇ ਆਉਂਦੇ ਹਨ।
ਇਸ ਉਪਰੰਤ ਪਾਰਟੀ ਦੇ ਸੀਨੀਅਰ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ ਨੇ ਕਿਹਾ ਕਿ ਪੰਜਾਬ ਨੇ ਕਾਂਗਰਸ ਦੇ ਕਈ ਪ੍ਰਮੁੱਖ ਨੇਤਾਵਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਬਾਵਜੂਦ ਭਾਜਪਾ ਵਿੱਚ ਦਾਖਲੇ ਤੋਂ ਇਨਕਾਰ ਕਰ ਦਿੱਤਾ ਹੈ। ‘ਆਪ’, ਜੋ ਕਿ ਦੋ ਵੱਡੀਆਂ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਤੋਂ ਲੋਕਾਂ ਦੇ ਮੋਹ ਭੰਗ ਹੋਣ ਕਾਰਨ ਉਭਰੀ ਸੀ, ਨੇ ਵੱਖ-ਵੱਖ ਜਥੇਬੰਦੀਆਂ ਵੱਲੋਂ ਭਾਜਪਾ ਵਿਰੋਧੀ ਮੁਹਿੰਮ ਨੂੰ ਦਬਾਉਂਦੇ ਹੋਏ ਲੋਕਾਂ ਦੀਆਂ ਉਮੀਦਾਂ ਨਾਲ ਧੋਖਾ ਕੀਤਾ ਹੈ। ਇਸ ਨਾਲ ਖਾਲਿਸਤਾਨੀ ਤਾਕਤਾਂ ਦਾ ਵਾਧਾ ਹੋਇਆ ਹੈ, ਜਿਸ ਨਾਲ ਉਨ੍ਹਾਂ ਨੇ ਦੋ ਲੋਕ ਸਭਾ ਸੀਟਾਂ ਜਿੱਤੀਆਂ ਹਨ। ਇਸ ਦਾ ਇੱਕ ਮਹੱਤਵਪੂਰਨ ਪਹਿਲੂ ਭਾਜਪਾ ਵੱਲੋਂ ਇਹਨਾਂ ਤਾਕਤਾਂ ਨੂੰ ਉਸ ਰਾਜ ਵਿੱਚ ਵੱਧਦੇ ਲੋਕ ਸੰਘਰਸ਼ਾਂ ਨੂੰ ਨੁਕਸਾਨ ਪਹੁੰਚਾਉਣ ਦੇ ਸਨਕੀ ਉਦੇਸ਼ ਨਾਲ ਸਮਰਥਨ ਸੀ। ਉਹਨਾਂ ਕਿਹਾ ਕਿ ਜਿੰਨਾ ਫਿਰਕੂ ਤਾਕਤਾਂ ਖਿਲਾਫ ਲੜਦੇ ਹੋਏ ਕਾਮਰੇਡ ਅਮਰੀਕ ਸਿੰਘ ਪਨਿਆੜ ਹੋਰਾਂ ਨੇ ਸ਼ਹਾਦਤ ਦਾ ਜਾਮ ਪੀਤਾ ਸੀ ਪੰਜਾਬ ਵਿੱਚ ਮੁੜ ਉਹੋ ਜਿਹੀ ਫਿਰਕੂ ਤਾਕਤਾਂ ਸਿਰ ਚੁੱਕ ਰਹੀਆਂ ਹਨ ਜਿਸ ਨੂੰ ਲੋਕ ਮੁੱਦਿਆਂ ਉੱਪਰ ਲਾਮਬੰਦ ਕਰਕੇ ਸੰਘਰਸ਼ਾਂ ਰਾਹੀਂ ਹਰਾਇਆ ਜਾ ਸਕਦਾ ਹੈ।
ਕਾਨਫਰੰਸ ਵਿੱਚ ਹਾਜ਼ਰ ਪਾਰਟੀ ਕਾਰਕੁਨਾਂ ਦਾ ਧੰਨਵਾਦ ਕਰਦੇ ਹੋਏ ਸੁਖਦੇਵ ਰਾਜ ਬਹਿਰਾਮਪੁਰ ਨੇ ਸ਼ਹੀਦ ਕਾਮਰੇਡ ਅਮਰੀਕ ਸਿੰਘ ਪਨਿਆੜ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਨ ਦਾ ਅਹਿਦ ਲਿਆ।
ਇਸ ਮੌਕੇ ਨਿਰਮਲ ਸਿੰਘ ਨਿਮਾ ਬੋਥਾ ਵਾਲੇ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਦੇਸ਼ ਭਗਤੀ ਦੀਆਂ ਵਾਰਾਂ ਅਤੇ ਗੀਤਾਂ ਨਾਲ ਆਏ ਹੋਏ ਪਾਰਟੀ ਕਾਰਨਾਂ ਨੂੰ ਨਿਹਾਲ ਕੀਤਾ। ਕਾਨਫਰੰਸ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਿਆ ਅਤੇ ਬਾਜਲਾ ਪਰਿਵਾਰ ਵੱਲੋਂ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ। ਇਸ ਮੌਕੇ ਬਾਬਾ ਰੋਡ ਪੀਰ ਸੇਵਾ ਸੁਸਾਇਟੀ ਵੱਲੋਂ ਸਾਫ ਸਫਾਈ ਦੀ ਅਹਿਮ ਭੂਮਿਕਾ ਨਿਭਾਈ।

Leave a Reply

Your email address will not be published. Required fields are marked *