ਵਿਰੋਧੀ ਪਾਰਟੀਆਂ ਨੂੰ ਚੋਣਾਂ ਲੜਨੋਂ ਰੋਕਣ ਲਈ ਮੋਦੀ ਸਰਕਾਰ ਇਕ ਤੋਂ ਬਾਦ ਇਕ ਸਾਜ਼ਿਸ਼ ਅਤੇ ਹਮਲਾ ਕਰ ਰਹੀ ਹੈ – ਬੱਖਤਪੁਰ, ਨੱਤ
ਮਾਨਸਾ, ਗੁਰਦਾਸਪੁਰ 31 ਮਾਰਚ (ਸਰਬਜੀਤ ਸਿੰਘ)– ਮੋਦੀ ਸਰਕਾਰ ਵਲੋਂ ਵੱਖ ਵੱਖ ਹਥਕੰਡੇ ਵਰਤ ਕੇ ਵਿਰੋਧੀ ਪਾਰਟੀਆਂ ਦੇ ਚੋਣ ਪ੍ਰਚਾਰ ਨੂੰ ਅਸੰਭਵ ਬਣਾ ਦੇਣ ਖਿਲਾਫ ਇੰਡੀਆ ਗੱਠਜੋੜ ਵਲੋਂ 31 ਮਾਰਚ ਨੂੰ ਦਿੱਲੀ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਦੀ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਪੁਰਜ਼ੋਰ ਹਿਮਾਇਤ ਤੇ ਸ਼ਮੂਲੀਅਤ ਦਾ ਐਲਾਨ ਕੀਤਾ ਹੈ। ਇਸ ਸਾਂਝੀ ਰੈਲੀ ਨੂੰ ਹੋਰਨਾਂ ਆਗੂਆਂ ਤੋਂ ਇਲਾਵਾ ਲਿਬਰੇਸ਼ਨ ਦੇ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆ ਵੀ ਸੰਬੋਧਨ ਕਰਨਗੇ।
ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਅਤੇ ਸੂਬਾਈ ਬੁਲਾਰੇ ਸੁਖਦਰਸ਼ਨ ਸਿੰਘ ਨੱਤ ਵਲੋਂ ਇਥੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੁਰੇਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਚੋਣਾਂ ਤੋਂ ਐਨ ਪਹਿਲਾਂ ਜੇਲਾਂ ‘ਚ ਬੰਦ ਕਰਨ ਦਾ ਸਪਸ਼ਟ ਸਿਆਸੀ ਮਨੋਰਥ ਇੰਡੀਆ ਗੱਠਜੋੜ ਦੀਆਂ ਚੋਣ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚਾਉਣਾ ਹੈ। ਇਸੇ ਤਰ੍ਹਾਂ ਪੁਰਾਣੀਆਂ ਇਨਕਮ ਟੈਕਸ ਰਿਟਰਨਾਂ ਵਿਚਲੀਆਂ ਕੁਝ ਖਾਮੀਆਂ ਦੀ ਆੜ ਵਿਚ ਕਾਂਗਰਸ, ਟੀਐਮਸੀ ਤੇ ਸੀਪੀਆਈ ਨੂੰ ਨੋਟਿਸ ਭੇਜਣ ਅਤੇ ਕਾਂਗਰਸ ਦੇ ਬੈਂਕ ਖਾਤੇ ਫਰੀਜ਼ ਕਰਨ ਦਾ ਮਨੋਰਥ ਵੀ ਇੰਨਾਂ ਪਾਰਟੀਆਂ ਦੇ ਚੋਣਾਂ ਲੜਨ ਦੇ ਰਾਹ ਵਿਚ ਅੜਿਕੇ ਖੜੇ ਕਰਨ ਤੋਂ ਸਿਵਾ ਹੋਰ ਕੁਝ ਨਹੀਂ। ਹਾਲਾਂ ਕਿ ਬੀਜੇਪੀ ਵੱਲ ਇਨਕਮ ਟੈਕਸ ਦੀ ਇੰਨਾਂ ਦੇ ਮੁਕਾਬਲੇ ਕੀ ਗੁਣਾਂ ਰਾਸ਼ੀ ਬਕਾਇਆ ਹੈ, ਪਰ ਉਸ ਬਾਰੇ ਇਨਕਮ ਟੈਕਸ ਵਿਭਾਗ ਦਾ ਮੂੰਹ ਪੂਰੀ ਤਰ੍ਹਾਂ ਬੰਦ ਹੈ।
ਲਿਬਰੇਸ਼ਨ ਆਗੂਆਂ ਦਾ ਕਹਿਣਾ ਹੈ ਕਿ ਇੰਨਾ ਸਾਜ਼ਿਸ਼ਾਂ ਦੇ ਬਾਵਜੂਦ ਇੰਡੀਆ ਗੱਠਜੋੜ ਦੇਸ਼ ਭਰ ਵਿਚ ਮਜ਼ਬੂਤੀ ਨਾਲ ਅੱਗੇ ਵੱਧ ਰਿਹਾ ਹੈ। ਮੋਦੀ ਸਰਕਾਰ ਦੇ ਇੰਨਾਂ ਸੰਵਿਧਾਨ ਤੇ ਲੋਕਤੰਤਰ ਵਿਰੋਧੀ ਕਦਮਾਂ ਨੂੰ ਦੇਸ਼ ਦੀ ਜਨਤਾ ਚੁੱਪਚਾਪ ਵੇਖ ਤੇ ਸਮਝ ਰਹੀ ਹੈ ਅਤੇ 1977 ਤੇ 2004 ਦੀਆਂ ਲੋਕ ਸਭਾ ਚੋਣਾਂ ਵਾਂਗ, ਉਹ ਇਸ ਵਾਰ ਵੀ ਤਾਨਾਸ਼ਾਹ ਮੋਦੀ ਸਰਕਾਰ ਖਿਲਾਫ ਫੈਸਲਾਕੁੰਨ ਚੋਣ ਫਤਵਾ ਦੇਵੇਗੀ।