ਰਾਏਕੋਟ, ਗੁਰਦਾਸਪੁਰ, 2 ਜਨਵਰੀ (ਸਰਬਜੀਤ ਸਿੰਘ)– ਨਵੇਂ ਸਾਲ ਦੇ ਮੌਕੇ ਖੱਬੇ ਪੱਖੀਆਂ ਵੱਲੋਂ ਇਜ਼ਰਾਈਲ ਵੱਲੋਂ ਫਲਸਤੀਨ ਤੇ ਅਮਰੀਕੀ ਸਾਮਰਾਜਵਾਦ ਦੀ ਸ਼ਹਿ ਕੀਤੇ ਜਾ ਰਹੇ ਹਮਲਿਆਂ ਖ਼ਿਲਾਫ਼ ਸਥਾਨਕ ਹਰੀ ਸਿੰਘ ਨਲੂਆ ਚੌਂਕ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਫਲਸਤੀਨ ਚ ਬੇਕਸੂਰ ਲੋਕਾਂ ਦਾ ਕਤਲੇਆਮ ਬੰਦ ਕੀਤਾ ਜਾਵੇ ਤੇ ਜੰਗ ਫੌਰੀ ਤੌਰ ਤੇ ਬੰਦ ਕੀਤੀ ਜਾਵੇ।
ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਸੀਪੀਆਈ ਐਮ ਐਲ ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਪਰਸ਼ੋਤਮ ਸ਼ਰਮਾ, ਹਰਭਗਵਾਨ ਭੀਖੀ, ਆਰ ਐਮ ਪੀ ਆਈ ਦੇ ਸੂਬਾ ਆਗੂ ਕਾਮਰੇਡ ਸੁਰਿੰਦਰ ਕੌਰ,ਇਨਕਲਾਬੀ ਕੇਂਦਰ ਪੰਜਾਬ ਦੇ ਜਸਵੀਰ ਸਿੰਘ ਅਕਾਲਗੜ੍ਹ,ਸੀ ਪੀ ਆਈ ਦੇ ਕਾਮਰੇਡ ਕਰਤਾਰ ਰਾਮ , ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਡਾਕਟਰ ਚਰਨ,ਬੀ ਕੇ ਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ , ਅਜਮੇਰ ਸਿੰਘ ਕਾਲਸਾਂ ਆਦਿ ਨੇ ਕਿਹਾ ਕਿ ਅਮਰੀਕੀ ਸਾਮਰਾਜਵਾਦ ਨੇ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਲਈ ਯੂਕਰੇਨ ਤੇ ਫਲੀਸਤੀਨੀ ਨੂੰ ਜੰਗ ਵਿੱਚ ਝੋਕਿਆ ਹੈ। ਆਗੂਆਂ ਨੇ ਕਿਹਾ ਕਿ ਫਲੀਸਤੀਨੀ ਦੀ ਫੌਰੀ ਆਜ਼ਾਦੀ,ਉਸ ਨੂੰ ਆਪਣੀ ਜ਼ਮੀਨ ਤੁਰੰਤ ਦੇਣ ਦੀ ਵਕਾਲਤ ਕਰਦਿਆਂ ਕਿਹਾ ਕਿ ਅਮਰੀਕੀ ਤੇ ਉਸ ਸਹਿਯੋਗੀਆਂ ਵੱਲੋਂ ਕਤਲੇਆਮ ਤੇ ਹਥਿਆਰ ਵੇਚਣ ਦੀ ਨੀਤੀ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਬੁਲਾਰਿਆਂ ਨੇ ਮੋਦੀ ਸਰਕਾਰ ਦੀ ਨੀਤੀ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਉਹ ਅਮਰੀਕਾ ਦੇ ਦੱਲੇ ਬਣੇ ਹੋਏ ਨੇ,ਤੇ ਦੇਸ਼ ਅੰਦਰ ਜਮਹੂਰੀਅਤ ਦਾ ਗਲਾ ਘੁੱਟ ਰਹੇ ਹਨ ਉਸ ਖ਼ਿਲਾਫ਼ ਬਹੁਤ ਵੱਡੀ ਲੜਾਈ ਹੈ।। ਉਨ੍ਹਾਂ ਫਿਰਕੂ ਸ਼ਕਤੀਆਂ ਨੂੰ ਹਾਰ ਦੇਣ ਦਾ ਵੀ ਸੱਦਾ ਦਿੱਤਾ।ੌ
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਮਤੇ ਪਾਸ ਕਰਦਿਆਂ ਕਿਹਾ ਕਿ ਸੰਯੁਕਤ ਸੁਰੱਖਿਆ ਪ੍ਰੀਸ਼ਦ ਤੁਰੰਤ ਜੰਗ ਬੰਦ ਕਰਵਾਏ ਤੇ ਉੱਜੜੇ ਹੋਏ ਲੋਕਾਂ ਦੇ ਮੁੜ ਵਸੇਬੇ ਲਈ ਪੂਰੀਆਂ ਸਹੂਲਤਾਂ ਪ੍ਰਦਾਨ ਕਰੇ, ਸੰਯੁਕਤ ਸੁਰੱਖਿਆ ਸੰਘ ਵਿੱਚ ਇਜ਼ਰਾਈਲ ਤੇ ਉਸ ਦੇ ਸਹਿਯੋਗੀ ਦੇਸ਼ਾਂ ਦੀ ਨਿਖੇਧੀ ਕੀਤੀ ਜਾਵੇ। ਇਜ਼ਰਾਈਲ ਵਲੋਂ ਗਾਜ਼ਾ ਪੱਟੀ ਦਾ ਸਫਾਇਆ ਕਰਨਾ, ਔਰਤਾਂ, ਬੱਚਿਆਂ, ਹਸਪਤਾਲਾਂ, ਸਕੂਲਾਂ,ਰਾਹਤ ਕੈਂਪਾਂ ਉੱਤੇ ਹਮਲੇ ਕਰਨੇ ਤੁਰੰਤ ਬੰਦ ਕੀਤੇ ਜਾਣ।
ਉਪਰੋਕਤ ਆਗੂਆਂ ਤੋਂ ਇਲਾਵਾ ਇਨਕਲਾਬੀ ਨੌਜਵਾਨ ਸਭਾ ਦੇ ਆਗੂ ਹਰਜੀਤ ਸਿੰਘ ਬਸਰਆਵਆਂ, ਗੁਰਮੇਲ ਸਿੰਘ ਅਕਾਲਗੜ੍ਹ,ਗੁਰਦੀਪ ਸਿੰਘ ਕਲਸੀ,ਤਾਰਾ ਸਿੰਘ ਅੱਚਰਵਾਲ, ਰਣਜੀਤ ਸਿੰਘ, ਅਮਰਜੀਤ ਸਿੰਘ,ਗੱਗੂ ਚੌਧਰੀ ਤੇ ਗੱਗੂ ਚੌਧਰੀ ਆਦਿ ਨੇ ਸੰਬੋਧਨ ਕੀਤਾ।


