ਭਗਵੰਤ ਮਾਨ ਨੂੰ ਸਰਬੋਤਮ ਮੁੱਖ ਮੰਤਰੀ ਕਹਿਣਾ ਕੇਜਰੀਵਾਲ ਦਾ ਗੁਮਰਾਹਕੁਨ ਬਿਆਨ: ਵਿਰੋਧੀ ਧਿਰ ਦੇ ਆਗੂ
ਚੰਡੀਗੜ੍ਹ, ਗੁਰਦਾਸਪੁਰ, 19 ਸਤੰਬਰ (ਸਰਬਜੀਤ ਸਿੰਘ)– ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਪਸ਼ਟ ਤੌਰ ‘ਤੇ ਕਿਹਾ ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਸਭ ਤੋਂ ਵਧੀਆ ਮੁੱਖ ਮੰਤਰੀ ਨਹੀਂ ਹਨ। ਅਸਲ ਵਿੱਚ ਇਹ ਕਾਂਗਰਸ ਪਾਰਟੀ ਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਸਨ, ਜੋ ਹੁਣ ਤੱਕ ਪੰਜਾਬ ਦੇ ਸਭ ਤੋਂ ਵਧੀਆ ਮੁੱਖ ਮੰਤਰੀ ਰਹੇ ਹਨ।
ਆਪਣੇ ਪੰਜਾਬ ਦੌਰੇ ਦੌਰਾਨ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਹੁਣ ਤੱਕ ਦੇ ਸਭ ਤੋਂ ਵਧੀਆ ਮੁੱਖ ਮੰਤਰੀ ਹਨ। ਬਾਜਵਾ ਨੇ ਕਿਹਾ ਕਿ ਇਹ ਪੂਰੀ ਤਰਾਂ ਸਮਝਣ ਯੋਗ ਹੈ ਕਿ ਕੇਜਰੀਵਾਲ ਨੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ ਕਿਉਂਕਿ ਉਹ ‘ਆਪ’ ਦੇ ਪੋਸਟਰ ਬੁਆਏ ਹਨ। ਹਾਲਾਂਕਿ, ਮਾਨ ਨੂੰ ਪੰਜਾਬ ਦਾ ਸਭ ਤੋਂ ਵਧੀਆ ਮੁੱਖ ਮੰਤਰੀ ਕਹਿਣਾ ਕੇਜਰੀਵਾਲ ਦਾ ਇੱਕ ਗੁਮਰਾਹਕੁਨ ਬਿਆਨ ਸੀ।
ਉਨ੍ਹਾਂ ਕਿਹਾ ਕਿ ਮੈਂ ਕੇਜਰੀਵਾਲ ਨੂੰ ਦੱਸਣਾ ਚਾਹੁੰਦਾ ਹਾਂ ਕਿ ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਸਭ ਤੋਂ ਵਧੀਆ ਮੁੱਖ ਮੰਤਰੀ ਸਨ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਅਤੇ ਪ੍ਰਤਾਪ ਸਿੰਘ ਕੈਰੋਂ ਵਿਚਾਲੇ ਕੋਈ ਤੁਲਨਾ ਨਹੀਂ ਹੈ ਕਿਉਂਕਿ ਗੰਗੂ ਤੇਲੀ ਅਤੇ ਰਾਜੇ ਭੋਜ ਵਿਚਾਲੇ ਤੁਲਨਾ ਨਹੀਂ ਕੀਤੀ ਜਾ ਸਕਦੀ। ਜਿੱਥੋਂ ਤੱਕ ਉਨ੍ਹਾਂ ਦੇ ਦ੍ਰਿਸ਼ਟੀਕੋਣ, ਉਨ੍ਹਾਂ ਦੀ ਕਾਰਜਸ਼ੈਲੀ, ਸੂਬੇ ਲਈ ਉਨ੍ਹਾਂ ਦੇ ਯੋਗਦਾਨ, ਉਨ੍ਹਾਂ ਦੀ ਸਿੱਖਿਆ ਆਦਿ ਦਾ ਸਵਾਲ ਹੈ, ਉਹ ਵੱਖਰੇ ਹਨ। ਬਾਜਵਾ ਨੇ ਕਿਹਾ ਕਿ ਇਸ ਦਲੀਲ ਦੇ ਸਮਰਥਨ ‘ਚ ਕਈ ਕਾਰਨ ਹਨ।
ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਪ੍ਰਤਾਪ ਸਿੰਘ ਕੈਰੋਂ ਬਹੁਤ ਪੜੇ-ਲਿਖੇ ਵਿਅਕਤੀ ਸਨ ਅਤੇ ਉਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧ ਯੂਨੀਵਰਸਿਟੀਆਂ ਤੋਂ ਦੋ ਮਾਸਟਰ ਕੀਤੇ ਹਨ। ਉਨ੍ਹਾਂ ਨੇ ਕੈਲੇਫੋਰਨੀਆ ਯੂਨੀਵਰਸਿਟੀ ਬਰਕਲੇ ਤੋਂ ਅਰਥ ਸ਼ਾਸਤਰ ਵਿੱਚ ਐਮਏ ਅਤੇ ਮਿਸ਼ੀਗਨ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ਵਿੱਚ ਐਮਏ ਕੀਤੀ। ਇਸ ਦੇ ਉਲਟ ਭਗਵੰਤ ਮਾਨ ਨੇ ਸਿਰਫ਼ 10+2 ਦੀ ਪੜਾਈ ਪੂਰੀ ਕੀਤੀ ਹੈ। ਉਨ੍ਹਾਂ ਨੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਤੋਂ ਆਪਣੀ ਬੀ. ਕਾਮ. ਦੀ ਪੜਾਈ ਵੀ ਪੂਰੀ ਨਹੀਂ ਕੀਤੀ।
ਬਾਜਵਾ ਨੇ ਕਿਹਾ ਕਿ ਕੈਰੋਂ ਨੇ ਰਿਵਰ ਰੂਜ ਮਿਸ਼ੀਗਨ ਵਿਚ ਫੋਰਡ ਮੋਟਰ ਕੰਪਨੀ ਵਿਚ ਆਪਣੀ ਚੰਗੀ ਤਨਖ਼ਾਹ ਵਾਲੀ ਨੌਕਰੀ ਛੱਡ ਕੇ ਗ਼ਦਰ ਲਹਿਰ ਵਿਚ ਸ਼ਾਮਲ ਹੋ ਗਏ। ਉਨ੍ਹਾਂ ਨੇ 1932 ਵਿੱਚ ਅੰਮ੍ਰਿਤਸਰ ਤੋਂ ਇੱਕ ਅੰਗਰੇਜ਼ੀ ਭਾਸ਼ਾ ਦਾ ਅਖ਼ਬਾਰ – ਦਿ ਨਿਊ ਏਰਾ ਵੀ ਸ਼ੁਰੂ ਕੀਤਾ। ਆਜ਼ਾਦੀ ਤੋਂ ਬਾਅਦ ਸਿਆਸਤ ਵਿੱਚ ਆਉਣ ਤੋਂ ਪਹਿਲਾਂ, ਕੈਰੋਂ ਕੀਰਤੀ ਸਮੂਹ ਨਾਲ ਇੱਕ ਕਿਸਾਨ ਕ੍ਰਾਂਤੀਕਾਰੀ ਸੀ। ਹਾਲਾਂਕਿ, ਭਗਵਾਨ ਮਾਨ ਸਿਆਸਤ ਵਿੱਚ ਵਿੱਚ ਆਉਣ ਤੋਂ ਪਹਿਲਾਂ ਇੱਕ ਹਾਸਰਸ ਕਲਾਕਾਰ ਸਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਹੋਣ ਦੇ ਨਾਤੇ ਕੈਰੋਂ ਦੀ ਆਮ ਗੱਲ ਇਹ ਸੀ ਕਿ ਪੰਜਾਬ ਨੂੰ ਇੱਕ ਉਦਯੋਗਿਕ ਸੂਬੇ ਵਜੋਂ ਵਿਕਸਤ ਕਰਨ ਵਿਚ ਮਦਦ ਕੀਤੀ ਜਾਣੀ ਚਾਹੀਦੀ ਹੈ, ਭਾਵੇਂ ਇਹ ਖੇਤੀਬਾੜੀ ਦੇ ਰੂਪ ਵਿਚ ਵਧਿਆ ਸੂਬਾ ਸੀ। ਉਨ੍ਹਾਂ ਨੇ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਟੈਕਸਟਾਈਲ ਉਦਯੋਗ ਸਥਾਪਤ ਕੀਤੇ ਅਤੇ ਨਾਲ ਹੀ ਪਾਣੀਪਤ ਵਿਖੇ ਰੰਗਾਈ ਉਦਯੋਗ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਭਾਖੜਾ ਲਈ ਬਿਜਲੀ ਸਪਲਾਈ ਪ੍ਰਣਾਲੀ ਵਜੋਂ ਰੋਪੜ ਵਿਖੇ ਰਸਾਇਣਕ ਖਾਦ ਫ਼ੈਕਟਰੀ ਵੀ ਸਥਾਪਤ ਕੀਤੀ। ਜਦੋਂ ਕਿ ਭਗਵੰਤ ਮਾਨ ਦੇ 18 ਮਹੀਨਿਆਂ ਦੇ ਸ਼ਾਸਨ ਕਾਲ ਦੌਰਾਨ ਉਦਯੋਗਪਤੀ ਯੂਪੀ ਸਰਕਾਰ ਨਾਲ ਸਮਝੌਤੇ ਕਰਨ ਲਈ ਪੰਜਾਬ ਤੋਂ ਭੱਜ ਗਏ ਸਨ। ਬਾਜਵਾ ਨੇ ਕਿਹਾ ਕਿ ਪੰਜਾਬ ਨਾਲ ਸਬੰਧਿਤ ਉੱਦਮੀਆਂ ਵੱਲੋਂ ਉੱਤਰ ਪ੍ਰਦੇਸ਼ ਸਰਕਾਰ ਨਾਲ 1.70 ਲੱਖ ਕਰੋੜ ਰੁਪਏ ਦੇ ਸਹਿਮਤੀ ਪੱਤਰਾਂ ‘ਤੇ ਹਸਤਾਖ਼ਰ ਕੀਤੇ ਗਏ।
ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਕੈਰੋਂ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਕੁਝ ਪ੍ਰਮੁੱਖ ਵਿੱਦਿਅਕ ਸੰਸਥਾਵਾਂ ਦੀ ਸਥਾਪਨਾ, ਵਿਕਾਸ ਅਤੇ ਤੇਜ਼ੀ ਲਿਆਂਦੀ ਗਈ। ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦਾ ਯੋਗਦਾਨ ਇਸ ਪ੍ਰਕਾਰ ਹੈ: ਪੀਏਯੂ ਦਾ ਵਿਕਾਸ ਕੀਤਾ, ਹਿਸਾਰ, ਕਰਨਾਲ ਅਤੇ ਅੰਮ੍ਰਿਤਸਰ ਵਿਖੇ ਵੈਟਰਨਰੀ ਸੰਸਥਾਵਾਂ ਦੇ ਵਿਕਾਸ ਨੂੰ ਯਕੀਨੀ ਬਣਾਇਆ, ਤਿੰਨ ਯੂਨੀਵਰਸਿਟੀਆਂ, ਪੰਜਾਬ ਯੂਨੀਵਰਸਿਟੀ, ਕੁਰੂਕਸ਼ੇਤਰ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਅਤੇ ਵਿਕਾਸ ਨੂੰ ਯਕੀਨੀ ਬਣਾਇਆ ਅਤੇ ਜੀਐਨਡੀਯੂ ਲਈ ਨੀਂਹ ਰੱਖੀ। ਇੱਧਰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸੂਬੇ ਦੇ ਕੁਝ ਵਧੀਆ ਪ੍ਰਦਰਸ਼ਨ ਕਰਨ ਵਾਲੇ ਸਕੂਲਾਂ ਦੀ ਬਾਹਰੀ ਦਿੱਖ ਨੂੰ ਬਦਲ ਕੇ ਉਨ੍ਹਾਂ ਦਾ ਨਾਂ ਬਦਲ ਕੇ ਸਕੂਲ ਆਫ਼ ਐਮੀਨੈਂਸ ਕਰ ਰਹੇ ਹਨ।
ਕਾਦੀਆਂ ਦੇ ਵਿਧਾਇਕ ਬਾਜਵਾ ਨੇ ਕਿਹਾ ਕਿ ਕੈਰੋਂ ਨੇ ਪੀਜੀਆਈ ਦੀ ਸਥਾਪਨਾ ਕਰ ਕੇ ਸਿਹਤ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ, ਜੋ ਅੱਜ ਵੀ ਖੇਤਰ ਦੀ ਸਭ ਤੋਂ ਵਧੀਆ ਮੈਡੀਕਲ ਸੰਸਥਾ ਹੈ। ਭਗਵੰਤ ਮਾਨ ਨੇ ਪੰਜ ਸਾਲਾਂ ਵਿੱਚ ਪੰਜਾਬ ਵਿੱਚ 16 ਮੈਡੀਕਲ ਕਾਲਜ ਸਥਾਪਤ ਕਰਨ ਦਾ ਵਾਅਦਾ ਕੀਤਾ। ਹੁਣ ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ਦੇ 18 ਮਹੀਨੇ ਬਾਅਦ ਵੀ ਇੱਕ ਵੀ ਮੈਡੀਕਲ ਕਾਲਜ ਨਹੀਂ ਬਣਾਇਆ ਗਿਆ। ਮੌਜੂਦਾ ਮੈਡੀਕਲ ਕਾਲਜਾਂ ਅਤੇ ਸੰਸਥਾਵਾਂ ਨੂੰ ਮਾਹਰਾਂ ਅਤੇ ਲੋੜੀਂਦੀ ਫੈਕਲਟੀ ਤੋਂ ਬਿਨਾਂ ਹੀ ਛੱਡ ਦਿੱਤਾ ਗਿਆ ਹੈ।
“ਪੰਜਾਬ ਵਿੱਚ ਸਾਰੇ ਧੁੱਸੀ ਬੰਦ ਕੈਰੋਂ ਦੇ ਸਮੇਂ ਬਣਾਏ ਗਏ ਸਨ। ਨਹਿਰੀ ਪ੍ਰਣਾਲੀ ਅਤੇ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ‘ਤੇ ਬੰਨ੍ਹ ਉਸ ਦੇ ਸ਼ਾਸਨ ਕਾਲ ਵਿੱਚ ਸਥਾਪਤ ਕੀਤੇ ਗਏ ਸਨ। ਇਸ ਦੇ ਉਲਟ ਭਗਵੰਤ ਮਾਨ ਸਰਕਾਰ ਧੁੱਸੀ ਬੰਦ ਦੀ ਮੁਰੰਮਤ ਕਰਨ ਵਿੱਚ ਵੀ ਅਸਫਲ ਰਹੀ, ਜਿਸ ਕਾਰਨ ਸੂਬੇ ਵਿੱਚ ਭਿਆਨਕ ਹੜ੍ਹ ਆਏ ਜਿਸ ਨਾਲ ਲੱਖਾਂ ਏਕੜ ਫ਼ਸਲਾਂ ਨੂੰ ਨੁਕਸਾਨ ਪਹੁੰਚਿਆ ਅਤੇ ਕਈ ਲੋਕਾਂ ਦੀਆਂ ਜਾਨਾਂ ਗਈਆਂ।
ਬਾਜਵਾ ਨੇ ਅੱਗੇ ਕਿਹਾ ਕਿ ਸਰਦਾਰ ਕੈਰੋਂ ਦਾ ਸਭ ਤੋਂ ਵੱਡਾ ਗੁਣ ਇਹ ਸੀ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਕਦੇ ਝੂਠ ਨਹੀਂ ਬੋਲਿਆ। ਇੱਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੈਰ ਪੈਰ ‘ਤੇ ਝੂਠ ਬੋਲਦੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਸਰਕਾਰ ਦੇ ਝੂਠੇ ਪ੍ਰਚਾਰ ਲਈ 750 ਰੁਪਏ ਦਾ ਬਜਟ ਰੱਖਿਆ ਹੈ। ਇੰਨੀ ਵੱਡੀ ਰਕਮ ਨਾਲ ਪੰਜਾਬ ਸਰਕਾਰ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਵੱਲੋਂ ਸਥਾਪਤ ਅਤੇ ਵਿਕਸਤ ਕੀਤੇ ਸਿਹਤ ਅਤੇ ਵਿੱਦਿਅਕ ਅਦਾਰਿਆਂ ਦੀ ਆਸਾਨੀ ਨਾਲ ਦੇਖਭਾਲ ਕਰ ਸਕਦੀ ਹੈ। ਜਦੋਂ ਤੋਂ ‘ਆਪ’ ਨੇ ਪੰਜਾਬ ‘ਚ ਸਰਕਾਰ ਬਣਾਈ ਹੈ, ਉਦੋਂ ਤੋਂ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰਾਂ ਢਹਿ-ਢੇਰੀ ਹੋ ਗਈ ਹੈ। ਕੇਜਰੀਵਾਲ ਦੇ ਵੱਡੇ-ਵੱਡੇ ਵਾਅਦਿਆਂ ਦੇ ਬਾਵਜੂਦ ਨਸ਼ਿਆਂ ਦੀ ਦੁਰਵਰਤੋਂ ਅਤੇ ਨਸ਼ਾ ਤਸਕਰੀ ਤੇਜ਼ੀ ਨਾਲ ਵੱਧ ਰਹੀ ਹੈ।