ਔਰਤਾਂ ਤੇ ਦਲਿਤ ਮਜ਼ਦੂਰਾਂ ਨਾਲ ਮੇਲ ਮਾਂ ਵਾਲਾ ਰਵਈਆ ਸਹਿਣ ਨਹੀਂ ਕਰਾਂਗੇ: ਗੋਬਿੰਦ ਸਿੰਘ ਛਾਜਲੀ
ਰਾਜਪਾਲ ਪੰਜਾਬ ਵੱਲੋਂ ਦਿੱਤੀ ਧਮਕੀ ਦਾ ਮਜ਼ਦੂਰ ਮੂੰਹ ਤੋੜ ਜਵਾਬ ਦੇਣਗੇ – ਵਿਜੇ ਕੁਮਾਰ ਭੀਖੀ
ਮੁੱਖ ਮੰਤਰੀ ਭਗਵੰਤ ਮਾਨ ਨੇ ਕੋਈ ਸੁਰਖਿਆ ਨਾ ਲੈਣ ਅਤੇ ਹੜ੍ਹ ਪੀੜ੍ਹਤਾਂ ਨੂੰ ਬੱਕਰੀ ਮੁਰਗੀ ਤੱਕ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਵਰਗੇ ਜੋ ਦਮਗਜ਼ੇ ਮਾਰੇ ਸਨ, ਉਹ ਵੀ ਮਜ਼ਾਕ ਸਾਬਤ ਹੋਏ ਹਨ-ਸੁਖਦਰਸ਼ਨ ਸਿੰਘ ਨੱਤ
ਮਾਨਸਾ, ਗੁਰਦਾਸਪੁਰ, 29 ਅਗਸਤ (ਸਰਬਜੀਤ ਸਿੰਘ)–ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਮਾਨਸਾ ਜ਼ਿਲਾ ਇਕਾਈ ਵੱਲੋਂ ਮਜ਼ਦੂਰਾਂ ਦੇ ਹੱਕੀ ਸੰਘਰਸ਼ ਨੂੰ ਤੇਜ਼ ਕਰਨ ਦੇ ਅਹਿਦ ਨਾਲ ਸਥਾਨਿਕ ਰੇਲਵੇ ਗੁਦਾਮ ‘ਤੇ ਹਜ਼ਾਰਾਂ ਔਰਤਾਂ ਤੇ ਮਜ਼ਦੂਰਾਂ ਦੀ ਹਾਜ਼ਰੀ ਵਾਲੀ ਵਿਸ਼ਾਲ ਮਜ਼ਦੂਰ ਲਲਕਾਰ ਰੈਲੀ ਕੀਤੀ ਗਈ। ਰੈਲੀ ਤੋਂ ਬਾਦ ਡਿਪਟੀ ਕਮਿਸ਼ਨਰ ਦਫ਼ਤਰ ਮਾਨਸਾ ਤੱਕ ਜੋਰਦਾਰ ਮੁਜਾਹਰਾ ਕੀਤਾ ਗਿਆ।
ਮਜ਼ਦੂਰ ਲਲਕਾਰ ਰੈਲੀ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ, ਸੂਬਾ ਸਕੱਤਰ ਗੁਰਪ੍ਰੀਤ ਸਿੰਘ ਰੂੜੇਕੇ ਤੇ ਸੂਬਾ ਮੀਤ ਪ੍ਰਧਾਨ ਵਿਜੈ ਕੁਮਾਰ ਭੀਖੀ ਅਤੇ ਲਿਬਰੇਸ਼ਨ ਦੇ ਕੇਂਦਰੀ ਕਮੇਟੀ ਦੇ ਮੈਂਬਰ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਕੇਂਦਰ ਦੀ ਜੁਮਲੇਬਾਜ਼ ਮੋਦੀ ਸਰਕਾਰ ਵਾਂਗ, ਪੰਜਾਬ ਦੀ ਆਮ ਆਦਮੀ ਪਾਰਟੀ ਵਲੋਂ ਕੇਜਰੀਵਾਲ ਤੇ ਭਗਵੰਤ ਮਾਨ ਨੇ ਚੋਣਾਂ ਦੌਰਾਨ ਹਰ ਔਰਤ ਦੇ ਖਾਤੇ ‘ਚ ਹਰ ਮਹੀਨੇ 1000-1000 ਰੁਪਏ ਪਾਉਣ ਦੀ ਜੋ ਗਾਰੰਟੀ ਵੀ ਕੀਤੀ ਸੀ, ਉਹ ਵੀ ਮੋਦੀ ਦੇ ਪੰਦਰਾਂ ਲੱਖ ਦੇਣ ਵਾਂਗ ਇਕ ਚੋਣ ਜੁਮਲਾ ਹੀ ਸਾਬਿਤ ਹੋ ਰਹੀ ਹੈ।
ਇੱਥੇ ਹੀ ਬੱਸ ਨਹੀਂ ਪੰਜਾਬ ਦੀ ਸੱਤਾ ਤੇ ਕਾਬਿਜ ਹੋਣ ਤੋਂ ਬਾਅਦ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਈ ਸੁਰਖਿਆ ਨਾ ਲੈਣ ਅਤੇ ਹੜ੍ਹ ਪੀੜ੍ਹਤਾਂ ਨੂੰ ਬੱਕਰੀ ਮੁਰਗੀ ਤੱਕ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਵਰਗੇ ਜੋ ਦਮਗਜ਼ੇ ਮਾਰੇ ਸਨ, ਉਹ ਵੀ ਮਜ਼ਾਕ ਸਾਬਤ ਹੋਏ ਹਨ। ਜਦਕਿ ਹਕੀਕਤ ਇਹ ਹੈ ਕਿ ਹੜ੍ਹਾਂ ਮਾਰੇ ਬੇਜ਼ਮੀਨੇ ਮਜ਼ਦੂਰਾਂ ਕੋਲ੍ਹ ਫਿਲਹਾਲ ਸਿਰ ਤੇ ਛੱਤ ਤੱਕ ਨਹੀਂ ਰਹੀ ਤੇ ਉਹ ਤਰਪਾਲਾਂ ਪਾਕੇ ਦਿਨ ਕੱਟੀ ਕਰਨ ਲਈ ਮਜ਼ਬੂਰ ਹਨ। ਬੁਲਾਰਿਆਂ ਨੇ ਮੰਗ ਕੀਤੀ ਕਿ ਜਿਥੇ ਹੜ੍ਹਾਂ ਤੋਂ ਪੀੜਿਤ ਕਿਸਾਨਾਂ ਨੂੰ ਢੁੱਕਵਾਂ ਮੁਆਵਜ਼ਾ ਮਿਲਣਾ ਚਾਹੀਦਾ ਹੈ, ਉਸੇ ਤਰਜ਼ ‘ਤੇ ਅਸੀਂ ਮਜ਼ਦੂਰਾਂ ਨੂੰ ਢਹਿ ਗਏ ਘਰ ਲਈ ਪੰਜ ਲੱਖ ਰੁਪਏ, ਨੁਕਸਾਨੇ ਘਰਾਂ ਦੀ ਮੁਰੰਮਤ ਲਈ ਤਿੰਨ ਲੱਖ ਰੁਪਏ, ਹੜਾਂ ਦੀ ਭੇਟ ਚੜ੍ਹੇ ਹਰ ਦੁਧਾਰੂ ਪਸ਼ੂ ਲਈ ਇਕ ਲੱਖ ਰੁਪਏ ਮੁਆਵਜਾ ਤੁਰੰਤ ਦਿੱਤੇ ਜਾਣ ਦੀ ਮੰਗ ਕਰਦੇ ਹਾਂ। ਰੁਜ਼ਗਾਰ ਵਿਹੂਣੇ ਹੋ ਚੁੱਕੇ ਮਜ਼ਦੂਰ ਪਰਿਵਾਰਾਂ ਲਈ 20 ਹਜ਼ਾਰ ਰੁਪਏ ਗੁਜ਼ਾਰਾ ਭੱਤਾ ਦਿੱਤੇ ਜਾਣ ਦੀ ਵੀ ਗਾਰੰਟੀ ਕੀਤੀ ਜਾਵੇ। ਇਸ ਤੋਂ ਇਲਾਵਾ ਮਨਰੇਗਾ ਕਾਨੂੰਨ ਤਹਿਤ 200 ਦਿਨ ਕੰਮ, 700 ਰੁਪੈ ਦਿਹਾੜੀ ਅਤੇ ਕੰਮ ਦਿਹਾੜੀ ਕਾਨੂੰਨਨ ਛੇ ਘੰਟੇ ਕੀਤੇ ਜਾਣ, ਮਜ਼ਦੂਰ ਔਰਤਾਂ ਸਿਰ ਚੜ੍ਹੇ ਮਾਇਕਰੋ ਫਾਇਨਾਂਸ ਕੰਪਨੀਆਂ ਦੇ ਕਰਜ਼ਿਆਂ ‘ਤੇ ਲਕੀਰ ਮਾਰੇ ਜਾਣ ਅਤੇ ਆਰਐਸਜੀ ਫਾਊਂਡੇਸ਼ਨ ਦੀ ਠੱਗੀ ਦਾ ਸ਼ਿਕਾਰ ਹੋਈਆਂ ਸੈਂਕੜੇ ਲੜਕੀਆਂ ਨੂੰ ਇਨਸਾਫ ਦੇਣ ਤੇ ਕੰਪਨੀ ਦੀ ਮਾਲਕ ਦੀ ਗ੍ਰਿਫਤਾਰੀ ਦੀ ਮੰਗ ਵੀ ਜ਼ੋਰ ਨਾਲ ਉਭਾਰੀ ਗਈ। ਇਸ ਮੌਕੇ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੇ ਪੰਜਾਬ ਦੇ ਕੇਂਦਰੀ ਇੰਚਾਰਜ ਕਾਮਰੇਡ ਪ੍ਰਸ਼ੋਤਮ ਸ਼ਰਮਾ ਅਤੇ ਪਾਰਟੀ ਕੇਂਦਰੀ ਕਮੇਟੀ ਮੈਂਬਰ ਤੇ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਬੇਸ਼ੱਕ ਪੰਜਾਬ ਦੀ ਮਾਨ ਸਰਕਾਰ, ਸੂਬੇ ਦੇ ਹਿੱਤਾਂ ਦੀ ਰਾਖੀ ਕਰਨ, ਨਸ਼ਿਆਂ ਦੇ ਕਾਲਾ ਕਾਰੋਬਾਰ ਰੋਕਣ, ਹੜ੍ਹਾਂ ਦੀ ਰੋਕਥਾਮ ‘ਚ ਫੇਲ੍ਹ ਸਾਬਿਤ ਹੋਈ ਹੈ, ਪਰ ਇਸ ਦੇ ਖਿਲਾਫ ਪੰਜਾਬ ਦੀ ਜਨਤਾ ਹੌਲੀ ਹੌਲੀ ਇਕ ਵੱਡਾ ਸੰਘਰਸ਼ ਕਰਨ ਵੱਲ ਵੱਧ ਰਹੀ ਹੈ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਵਿਜੇ ਕੁਮਾਰ ਭੀਖੀ ਨੇ ਆਖਿਆ ਕਿ ਅਸੀਂ ਰਾਜਪਾਲ ਜਾਂ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਬਰਖ਼ਾਸਤ ਕਰਕੇ ਇਥੇ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਕਿਸੇ ਵੀ ਸਾਜ਼ਿਸ਼ ਦਾ ਡੱਟਵਾਂ ਵਿਰੋਧ ਕਰਾਂਗੇ। ਕਿਉਂਕਿ ਇਸ ਦੀ ਆੜ ਵਿਚ ਮੋਦੀ ਸਰਕਾਰ ਪੰਜਾਬ ਦੇ ਹੱਕਾਂ ‘ਤੇ ਹੋਰ ਵੱਡੇ ਡਾਕੇ ਮਾਰੇਗੀ ਅਤੇ ਇਥੇ ਫਿਰਕੂ ਤੇ ਕਾਰਪੋਰੇਟ ਪ੍ਰਸਤ ਬੀਜੇਪੀ ਦੇ ਪੈਰ ਪੱਕੇ ਕਰੇਗੀ। ਜਿਸ ਦੀ ਕਦਾਚਿਤ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੁਮਾਇੰਦਗੀ ਕਰਨ ਦੀ ਬਜਾਏ ਰਾਜਪਾਲ ਸ਼੍ਰੀ ਪ੍ਰੋਹਿਤ ਬੀਜੇਪੀ ਦੇ ਏਜੰਟ ਵਾਂਗ ਸੂਬਾ ਸਰਕਾਰ ਨੂੰ ਧਮਕੀਆਂ ਦੇ ਰਿਹਾ ਹੈ। ਇਸ ਦੇ ਉਲਟ ਅੱਜ ਲੋੜ ਹੈ ਕਿ ਫੈਡਰਲ ਢਾਂਚੇ ਨੂੰ ਮਜ਼ਬੂਤ ਕਰਕੇ ਪਿੰਡ ਪੱਧਰ ਤੱਕ ਸ਼ਕਤੀਆਂ ਦਾ ਵਿਕੇਂਦਰੀਕਰਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਜੋ ਕਿ ਲੋਕਾਂ ਤੇ ਜ਼ਬਰ ਦਾ ਰਾਹ ਅਖਤਿਆਰ ਕਰਨ ਦੇ ਰਾਹ ਤੇ ਅੱਗੇ ਵੱਧ ਰਹੀ ਹੈ ਉਸਤੋਂ ਪੰਜਾਬ ਦੇ ਹਿੱਤਾਂ ਦੀ ਰਾਖੀ ਦੀ ਕੋਈ ਆਸ ਰੱਖਣ ਦੀ ਬਜਾਇ ਸੰਘਰਸ਼ ਦੇ ਬਲ ਤੇ ਗਰੀਬਾਂ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਲਈ, ਪਿੰਡਾਂ ਚ ਦਲਿਤਾਂ ਦੇ ਤੀਜੇ ਹਿੱਸੇ ਦੀ ਜ਼ਮੀਨ ਲਈ ਸਾਨੂੰ ਵੱਡੇ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਵੇਗਾ।
ਰੈਲੀ ਨੂੰ ਪ੍ਰਗਤੀਸ਼ੀਲ ਇਸਤਰੀ ਸਭਾ ਦੇ ਕੌਮੀ ਕੌਂਸਲਰ ਜਸਬੀਰ ਕੌਰ ਨੱਤ ਨੇ ਕਿਹਾ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਦੇਣ ਵਾਲੀ ਮੋਦੀ ਸਰਕਾਰ ਦੇ ਕਾਰਜਕਾਲ ਚ ਬੇਟੀਆਂ ਤੇ ਸੱਭ ਤੋਂ ਵੱਧ ਜ਼ਬਰ ਕੇਂਦਰ ਸਰਕਾਰ ਦੀ ਸਰਪ੍ਰਸਤੀ ਪ੍ਰਾਪਤ ਆਗੂਆਂ ਤੇ ਗਿਰੋਹਾਂ ਵੱਲੋਂ ਹੀ ਕੀਤਾ ਗਿਆ ਹੈ ਯੂਪੀ ਤੋਂ ਲੈਕੇ ਮਨੀਪੁਰ ਤੱਕ ਇਸਦੀਆਂ ਸੈਂਕੜੇ ਉਦਾਹਰਣਾਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇੱਕ ਮਜ਼ਬੂਤ ਅੰਦੋਲਨ ਦੀ ਉਸਾਰੀ ਕਰਕੇ ਆਪਣੇ ਹਿੱਤਾਂ ਦੀ ਰਾਖੀ ਲਈ ਜੂਝਣਾ ਪਵੇਗਾ। ਇਸ ਤੋਂ ਇਲਾਵਾ ਰੈਲੀ ਨੂੰ ਬਿੰਦਰ ਕੌਰ ਉੱਡਤ ਭਗਤ ਰਾਮ, ਬਲਵਿੰਦਰ ਘਰਾਂਗਣਾ, ਦਰਸ਼ਨ ਦਾਨੇਵਾਲੀਆ, ਗੁਰਸੇਵਕ ਮਾਨ, ਭੋਲਾ ਸਿੰਘ ਗੁੜੱਦੀ, ਕ੍ਰਿਸ਼ਨਾ ਕੌਰ ਮਾਨਸਾ, ਕਾਮਰੇਡ ਛੱਜੂ ਸਿੰਘ ਦਿਆਲਪੁਰ,ਗਗਨ ਖੜਕ ਸਿੰਘ ਵਾਲਾ,ਕਾਮਰੇਡ ਜੀਤ ਸਿੰਘ ਬੋਹਾ,ਧਰਮਪਾਲ ਨੀਟਾ, ਸਵਰਨ ਸਿੰਘ ਜੰਗੀਆਣਾ, ਹਰਮੇਸ਼ ਸਿੰਘ ਭੰਮੇ, ਸ਼ਿੰਦਰਪਾਲ ਕੌਰ ਕਣਕਵਾਲ, ਕਾਮਰੇਡ ਜੀਤ ਸਿੰਘ ਬੋਹਾ, ਰਘਬੀਰ ਸਿੰਘ ਭੀਖੀ, ਕੁਲਵੰਤ ਸਿੰਘ ਛਾਜਲੀ, ਯਾਦਵਿੰਦਰ ਸਿੰਘ ਭੀਖੀ, ਸੰਦੀਪ ਕੌਰ ਸਮਾਓ, ਬਿੱਕਰ ਸਿੰਘ ਮੋਹਰਸਿੰਘ ਵਾਲਾ ਨੇ ਵੀ ਸੰਬੋਧਨ ਕੀਤਾ।
ਭਰਾਤਰੀ ਜਥੇਬੰਦੀਆਂ ਵਜੋਂ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ ਮਾਨਸਾ, ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਵੱਲੋਂ ਸੁਖਜੀਤ ਸਿੰਘ ਰਾਮਾਨੰਦੀ, ਇਨਕਲਾਬੀ ਨੌਜਵਾਨ ਸਭਾ ਵੱਲੋਂ ਬਿੰਦਰ ਅਲਖ ਨੇ ਮਜ਼ਦੂਰਾਂ ਦੇ ਹੱਕੀ ਸੰਘਰਸ਼ ਦਾ ਡੱਟਵਾਂ ਸਾਥ ਦੇਣ ਦਾ ਐਲਾਨ ਕੀਤਾ।
ਮੁਜ਼ਾਹਰਾਕਾਰੀ ਪੁਲਸ ਵਲੋਂ ਰੋਕਣ ਦੇ ਬਾਵਜੂਦ ਡਿਪਟੀ ਕਮਿਸ਼ਨਰ ਦਫ਼ਤਰ ਦੇ ਐਨ ਗੇਟ ਤੱਕ ਪਹੁੰਚ ਗਏ। ਉਥੇ ਹਜ਼ਾਰਾਂ ਔਰਤਾਂ ਵਲੋਂ ਮੁੱਖ ਮੰਤਰੀ ਦੇ ਨਾਂ ਲਿਖੀਆਂ ਹਜ਼ਾਰਾਂ ਅਰਜ਼ੀਆਂ, ਜਿੰਨਾਂ ਵਿਚ ਡੇਢ ਸਾਲ ਦੇ ਬਕਾਏ ਸਮੇਤ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਉਨਾਂ ਦੇ ਬੈਂਕ ਖਾਤੇ ਵਿਚ ਪਾਏ ਜਾਣ ਦੀ ਮੰਗ ਕੀਤੀ ਗਈ ਸੀ – ਇੱਕਠੀਆਂ ਕਰਕੇ ਭਗਵੰਤ ਮਾਨ ਤੱਕ ਪਹੁੰਚਾਉਣ ਹਿੱਤ ਡੀਸੀ ਮਾਨਸਾ ਨੂੰ ਦਿੱਤੀਆਂ ਗਈਆਂ। ਇੰਨਾਂ ਚਿੱਠੀਆਂ ਦੀ ਵੱਡੀ ਪੰਡ ਅਤੇ ਮਜ਼ਦੂਰ ਮੋਰਚੇ ਵਲੋਂ ਦਿੱਤਾ ਮੰਗ ਪੱਤਰ ਜੀਏ ਨੂੰ ਡੀਸੀ ਮਾਨਸਾ ਨੇ ਮੰਚ ਉਤੇ ਪਹੁੰਚ ਕੇ ਪ੍ਰਾਪਤ ਕੀਤਾ ਅਤੇ ਜ਼ਿਲਾ ਪ੍ਰਸ਼ਾਸਨ ਵਲੋਂ ਇਸ ਸਮਗਰੀ ਨੂੰ ਛੇਤੀ ਤੋਂ ਛੇਤੀ ਮੁੱਖ ਮੰਤਰੀ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।