ਕੇਂਦਰੀ ਜੇਲ੍ਹ ਵਿੱਚ ਬੰਦ ਮਹਿਲਾ ਬੰਦੀਆਂ ਨੇ ਪੂਰੇ ਉਤਸ਼ਾਹ ਨਾਲ ਮਨਾਇਆ `ਤੀਆਂ` ਦਾ ਤਿਓਹਾਰ
ਜ਼ਿਲ੍ਹਾ ਤੇ ਸੈਸ਼ਨ ਜੱਜ ਰਜਿੰਦਰ ਅਗਰਵਾਲ ਅਤੇ ਉਨ੍ਹਾਂ ਦੀ ਧਰਮ ਪਤਨੀ ਰੀਨਾ ਅਗਰਵਾਲ ਨੇ ਵੀ ਤੀਆਂ ਵਿੱਚ ਕੀਤੀ ਸ਼ਮੂਲੀਅਤ
ਗੁਰਦਾਸਪੁਰ, 5 ਅਗਸਤ (ਸਰਬਜੀਤ ਸਿੰਘ)– ਸਾਉਣ ਦੇ ਮਹੀਨੇ ਇਸ ਵਾਰ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਵੀ `ਤੀਆਂ` ਲੱਗੀਆਂ ਹਨ। ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਵਿੱਚ ਬੰਦ ਮਹਿਲਾ ਬੰਦੀਆਂ ਲਈ ਜੇਲ੍ਹ ਦੇ ਔਰਤਾਂ ਦੇ ਬਲਾਕ ਵਿੱਚ ਵਿਸ਼ੇਸ਼ ਤੌਰ `ਤੇ ਤੀਆਂ ਦਾ ਤਿਓਹਾਰ ਮਨਾਇਆ ਗਿਆ, ਜਿਸ ਵਿੱਚ ਮਹਿਲਾਵਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਤੀਆਂ ਦੇ ਇਸ ਤਿਓਹਾਰ ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਿੰਦਰ ਅਗਰਵਾਲ ਅਤੇ ਉਨ੍ਹਾਂ ਦੀ ਧਰਮ ਪਤਨੀ ਰੀਨਾ ਅਗਰਵਾਲ ਨੇ ਵਿਸ਼ੇਸ਼ ਤੌਰ `ਤੇ ਸ਼ਮੂਲੀਅਤ ਕੀਤੀ।
ਤੀਆਂ ਦੇ ਤਿਉਹਾਰ ਮੌਕੇ ਰੰਗ-ਬਿਰੰਗੇ ਪੰਜਾਬੀ ਪਹਿਰਾਵੇ ਵਿੱਚ ਸੱਜ਼ੀਆਂ ਮਹਿਲਾਵਾਂ ਨੇ ਗਿੱਧੇ ਅਤੇ ਲੋਕ ਗੀਤਾਂ ਜਰੀਏ ਆਪਣੇ ਮਨੋ-ਭਾਵਾਂ ਅਤੇ ਖੁਸ਼ੀ ਦਾ ਖੁੱਲ ਕੇ ਇਜ਼ਹਾਰ ਕੀਤਾ। ਔਰਤਾਂ ਸਮੇਤ ਛੋਟੇ ਬੱਚਿਆਂ ਦੀ ਗਿੱਧੇ ਦੀ ਪੇਸ਼ਕਾਰੀ ਬਾ-ਕਮਾਲ ਸੀ। ਤੀਆਂ ਦੀਆਂ ਖੁਸ਼ੀਆਂ ਮੌਕੇ ਕੇਂਦਰੀ ਜੇਲ੍ਹ ਗੁਰਦਾਸਪੁਰ ਦਾ ਵਿਹੜਾ ਸ਼ਗਨਾਂ ਦੇ ਗੀਤਾਂ ਨਾਲ ਗੂੰਜ ਉੱਠਿਆ ਅਤੇ ਜੇਲ੍ਹ ਵਿੱਚ ਬੰਦ ਮਹਿਲਾਵਾਂ ਲਈ ਇਹ ਮੌਕਾ ਬਹੁਤ ਉਤਸ਼ਾਹ ਤੇ ਹਰਸ਼ੋ-ਉਲਾਸ ਵਾਲਾ ਹੋ ਨਿਭੜਿਆ। ਤੀਆਂ ਦੇ ਮੌਕੇ ਮਹਿਲਾਵਾਂ ਨੇ ਸਮਾਜ ਨੂੰ ਵਧੀਆ ਸੁਨੇਹਾ ਦੇਣ ਵਾਲੇ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ।
ਕੇਂਦਰੀ ਜੇਲ੍ਹ ਵਿੱਚ ਬੰਦ ਮਹਿਲਾਵਾਂ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਤੀਆਂ ਦੀ ਮੁਬਾਰਕਬਾਦ ਦਿੰਦੇ ਹੋਏ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਿੰਦਰ ਅਗਰਵਾਲ ਨੇ ਕਿਹਾ ਕਿ ਤੀਆਂ ਦੇ ਤਿਓਹਾਰ ਦਾ ਇਹ ਉਪਰਾਲਾ ਬਹੁਤ ਵਧੀਆ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਬੰਦ ਮਹਿਲਾ ਬੰਦੀਆਂ ਨੇ ਪੂਰੇ ਉਤਸ਼ਾਹ ਨਾਲ ਇਸ ਤਿਓਹਾਰ ਵਿੱਚ ਹਿੱਸਾ ਲਿਆ ਹੈ ਜਿਸ ਨਾਲ ਉਨ੍ਹਾਂ ਨੂੰ ਮਾਨਸਿਕ ਤੌਰ `ਤੇ ਖੁਸ਼ੀ ਮਿਲੀ ਹੋਵੇਗੀ। ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਦੇ ਸੁਜੱਚੇ ਪ੍ਰਬੰਧਨ ਅਤੇ ਜੇਲ੍ਹ ਵਿੱਚ ਬੰਦੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਕਾਰਨ ਹੀ ਅਜਿਹੇ ਉਪਰਾਲੇ ਸੰਭਵ ਹੋ ਸਕਦੇ ਹਨ। ਇਸ ਦੌਰਾਨ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਅਗਰਵਾਲ ਨੇ ਜੇਲ੍ਹ ਵਿੱਚ ਸਿੱਖਿਆ ਹਾਸਲ ਕਰਨ ਰਹੇ ਬੰਦੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਬੇਹਤਰ ਭਵਿੱਖ ਦੀ ਕਾਮਨਾ ਕੀਤੀ।
ਇਸ ਮੌਕੇ ਰਜੇਸ਼ ਆਹਲੂਵਾਲੀਆ ਸੀ.ਜੇ.ਐੱਮ ਗੁਰਦਾਸਪੁਰ, ਜੇਲ੍ਹ ਸੁਪਰਡੈਂਟ ਨਵਇੰਦਰ ਸਿੰਘ, ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲ ਦੇ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਅਤੇ ਕਾਲਜ ਦੀਆਂ ਵਿਦਿਆਰਥਣਾਂ ਵੀ ਮੌਜੂਦ ਸਨ।