ਜਗਰਾਉਂ ਤੋਂ ‘ਆਪ’ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਅਤੇ ਉਸ ਦੇ ਭਾਈਵਾਲਾਂ ਵਿਰੁੱਧ ਐਫਆਈਆਰ ਦਰਜ ਕੀਤੀ ਜਾਣੀ ਚਾਹੀਦੀ ਹੈ: ਵਿਰੋਧੀ ਧਿਰ ਦੇ ਆਗੂ
ਚੰਡੀਗੜ੍ਹ, 23 ਜੂਨ (ਸਰਬਜੀਤ ਸਿੰਘ)– ਐਨਆਰਆਈ ਪਰਿਵਾਰ ਵੱਲੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਕਥਿਤ ਨਾਜਾਇਜ਼ ਕਬਜ਼ੇ ਤੋਂ ਆਪਣਾ ਘਰ ਖ਼ਾਲੀ ਕਰਵਾਉਣ ਤੋਂ ਬਾਅਦ, ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀਰਵਾਰ ਨੂੰ ‘ਆਪ’ ਵਿਧਾਇਕ ਅਤੇ ਇਸ ਅਪਰਾਧ ਵਿੱਚ ਉਸ ਦੇ ਭਾਈਵਾਲਾਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਇਹ ਮਾਮਲਾ ਇੱਥੇ ਹੀ ਖ਼ਤਮ ਨਹੀਂ ਹੁੰਦਾ। ਇਸ ਦੀ ਸਹੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਦੌਰਾਨ ਜਗਰਾਓਂ ਤੋਂ ਆਪ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਅਤੇ ਉਸ ਦੀ ਇਸ ਵਾਰਦਾਤ ਵਿਚ ਉਸ ਦੀ ਭਾਈਵਾਲ ਖ਼ਿਲਾਫ਼ ਐਫਆਈਆਰ ਦਰਜ ਹੋਣੀ ਲਾਜ਼ਮੀ ਹੈ।
“ਹੁਣ ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ ਅਤੇ ਇਸ ਭ੍ਰਿਸ਼ਟ ਕਰਤੂਤ ਵਿੱਚ ਸ਼ਾਮਲ ਹਰ ਵਿਅਕਤੀ ਨੂੰ ਨਤੀਜੇ ਭੁਗਤਣੇ ਦਿਓ। ਇਹ ਕਾਨੂੰਨੀ ਪ੍ਰਣਾਲੀ ਦਾ ਮਜ਼ਾਕ ਹੋਵੇਗਾ ਜੇ ਇਸ ਕੇਸ ਨੂੰ ਤਰਕਪੂਰਨ ਅੰਤ ਤੱਕ ਲਿਜਾਣ ਤੋਂ ਬਿਨਾਂ ਛੱਡ ਦਿੱਤਾ ਜਾਂਦਾ ਹੈ”, ਵਿਰੋਧੀ ਧਿਰ ਦੇ ਆਗੂ ਨੇ ਅੱਗੇ ਕਿਹਾ।
ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਉਸ ਨੇ ਆਪਣੀ ਮਰਜ਼ੀ ਨਾਲ ਘਰ ਖ਼ਾਲੀ ਨਹੀਂ ਕੀਤਾ। ਇਹ ਮੁੱਖ ਵਿਰੋਧੀ ਪਾਰਟੀ – ਪੰਜਾਬ ਕਾਂਗਰਸ, ਕਿਸਾਨ ਜਥੇਬੰਦੀਆਂ ਅਤੇ ਆਮ ਜਨਤਾ ਦੇ ਲਗਾਤਾਰ ਦਬਾਅ ਤੋਂ ਬਾਅਦ ਹੋਇਆ। ਉਹ ਵਿਰੋਧੀ ਪਾਰਟੀ ਦੇ ਦਬਾਅ ਅੱਗੇ ਝੁਕ ਗਈ ਅਤੇ ਐਨ.ਆਰ.ਆਈ ਪਰਿਵਾਰ ਦੇ ਭਾਰਤ ਆਉਣ ਅਤੇ ਪੁਲਿਸ ਸ਼ਿਕਾਇਤ ਦਰਜ ਕਰਵਾਉਣ ਤੋਂ ਲਗਭਗ ਦੋ ਹਫ਼ਤਿਆਂ ਬਾਅਦ ਚਾਬੀਆਂ ਘਰ ਦੇ ਅਸਲੀ ਮਾਲਕਾਂ ਨੂੰ ਸੌਂਪ ਦਿੱਤੀਆਂ। ਉਸ ਦਾ ਇਰਾਦਾ ਜਾਇਦਾਦ ਨੂੰ ਪੱਕੇ ਤੌਰ ‘ਤੇ ਹਥਿਆਉਣਾ ਸੀ।
ਇੱਕ ਬਿਆਨ ਰਾਹੀਂ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਪ੍ਰਵਾਸੀ ਭਾਰਤੀਆਂ ਨੇ ‘ਆਪ’ ਦਾ ਦਿਲੋਂ ਸਮਰਥਨ ਕੀਤਾ ਅਤੇ ਪਾਰਟੀ ਨੂੰ ਭਾਰੀ ਫ਼ੰਡ ਅਲਾਟ ਕੀਤੇ। ਪਰ “ਕੱਟੜ ਇਮਾਨਦਾਰ” ਪਾਰਟੀ ਦੇ “ਨਕਲੀ ਹੀਰਿਆਂ” ਨੇ ਤਾਂ ਪਰਵਾਸੀ ਭਾਰਤੀਆਂ ਨੂੰ ਵੀ ਨਾ ਬਖ਼ਸ਼ਿਆ। ਉਨ੍ਹਾਂ ਨੇ ਉਨ੍ਹਾਂ ਲੋਕਾਂ ਨਾਲ ਧੋਖਾ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਲਗਭਗ ਸਭ ਕੁਝ ਮੁਹੱਈਆ ਕਰਵਾਇਆ, ਜਦੋਂ ਕਿ ‘ਆਪ’ ਸੂਬੇ ਵਿਚ ਇੱਕ ਮਜ਼ਬੂਤ ਜ਼ਮੀਨ ਦੀ ਤਲਾਸ਼ ਵਿਚ ਸੀ।
“ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੰਜਾਬ ਕਾਂਗਰਸ ਨੇ ‘ਆਪ’ ਨੇਤਾਵਾਂ ਅਤੇ ਵਿਧਾਇਕ ਦੇ ਮਾੜੇ ਇਰਾਦੇ ਨੂੰ ਅਸਫਲ ਕੀਤਾ ਹੋਵੇ। ਪੰਜਾਬ ਕਾਂਗਰਸ ਵੱਲੋਂ ਸਖ਼ਤ ਸਟੈਂਡ ਲੈਣ ਤੋਂ ਬਾਅਦ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਅਹੁਦੇ ਤੋਂ ਲਾਹ ਦਿੱਤਾ ਗਿਆ ਸੀ। ਇਸੇ ਤਰ੍ਹਾਂ ਕਾਂਗਰਸ ਦੇ ਦਬਾਅ ਕਾਰਨ ਵਿਧਾਇਕ ਅਮਿਤ ਰਤਨ ਕੋਟਫੱਤਾ ਖ਼ਿਲਾਫ਼ ਕਾਰਵਾਈ ਕੀਤੀ ਗਈ। ਇਸ ਦੌਰਾਨ, ਅਸੀਂ ਉਦੋਂ ਤੱਕ ਲੜਦੇ ਰਹਾਂਗੇ ਜਦੋਂ ਤੱਕ ਕੈਬਨਿਟ ਮੰਤਰੀ, ਲਾਲ ਚੰਦ ਕਟਾਰੂਚੱਕ ਨੂੰ ਬਰਖ਼ਾਸਤ ਨਹੀਂ ਕੀਤਾ ਜਾਂਦਾ” ਬਾਜਵਾ ਨੇ ਅੱਗੇ ਕਿਹਾ।