ਬਾਜਵਾ ਨੇ ਇੱਕ ਪੁਰਾਣੀ ਵੀਡੀਓ ਦਾ ਹਵਾਲਾ ਦਿੰਦੇ ਹੋਏ ਚੰਨੀ ਦਾ ਅਪਮਾਨ ਕਰਨ ਲਈ ਕੇਜਰੀਵਾਲ ਅਤੇ ਮਾਨ ਨੂੰ ਮੁਆਫ਼ੀ ਮੰਗੀ ਲਈ ਕਿਹਾ

ਪੰਜਾਬ

ਭਗਵੰਤ ਮਾਨ ਵੱਲੋਂ ਕੇਜਰੀਵਾਲ ਦੇ ਕੰਨਾਂ ਵਿੱਚ ਕੁਝ ਘੁਸਰ-ਮੁਸਰ ਕਰਨ ਤੋਂ ਬਾਅਦ ਕੇਜਰੀਵਾਲ ਨੇ ਦਲਿਤ ਭਾਈਚਾਰੇ ਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਅਪਮਾਨ ਕੀਤਾ: ਵਿਰੋਧੀ ਧਿਰ ਦੇ ਆਗੂ

ਚੰਡੀਗੜ੍ਹ, ਗੁਰਦਾਸਪੁਰ, 9 ਜੂਨ (ਸਰਬਜੀਤ ਸਿੰਘ)– ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੋਂ ਪੰਜਾਬ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਅਪਮਾਨ ਕਰਨ ਲਈ ਬਿਨਾਂ ਸ਼ਰਤ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ।

ਕਾਂਗਰਸ ਦੇ ਸੀਨੀਅਰ ਆਗੂ ਬਾਜਵਾ ਨੇ ਇਕ ਵੀਡੀਓ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦਿੱਲੀ ਦੇ ਸੀ ਐੱਮ ਅਰਵਿੰਦ ਕੇਜਰੀਵਾਲ ਨੇ ਸਾਬਕਾ ਸੀ ਐੱਮ ਚਰਨਜੀਤ ਸਿੰਘ ਚੰਨੀ ਬਾਰੇ ਬਹੁਤ ਅਪਮਾਨਜਨਕ ਅਤੇ ਅਨੈਤਿਕ ਟਿੱਪਣੀਆਂ ਕੀਤੀਆਂ ਜਦੋਂ ਉਹ (ਕੇਜਰੀਵਾਲ) ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰ ਰਹੇ ਸਨ।

ਵੀਡੀਓ ਵਿੱਚ, ਕੇਜਰੀਵਾਲ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਕੀ ਚੰਨੀ ਕੇਜਰੀਵਾਲ ਨਾਲ ਵਿਆਹ ਤੈਅ ਕਰਨਾ ਚਾਹੁੰਦੇ ਸਨ (ਕਿਆ ਰਿਸ਼ਤਾ ਕਰਨਾ ਹੈ ਚੰਨੀ ਸਾਹਿਬ ਕੋ)। ਕੇਜਰੀਵਾਲ ਨੇ ਇਹ ਗੱਲ ਉਸ ਸਮੇਂ ਕਹੀ ਜਦੋਂ ਭਗਵੰਤ ਮਾਨ ਨੇ ਕੇਜਰੀਵਾਲ ਦੇ ਕੰਨ ਵਿੱਚ ਕੁਝ ਘੁਸਰ-ਮੁਸਰ ਕੀਤੀ, ਜਿਸ ਤੋਂ ਇਹ ਪ੍ਰਤੀਤ ਹੁੰਦਾ ਹੈ ਜਿਵੇਂ ਭਗਵੰਤ ਮਾਨ ਚਾਹੁੰਦੇ ਹੋਣ ਕਿ ਕੇਜਰੀਵਾਲ ਕਿਸੇ ਦਲਿਤ ਮੁੱਖ ਮੰਤਰੀ ਬਾਰੇ ਅਜਿਹੀ ਅਣਉੱਚਿਤ ਭਾਸ਼ਾ ਦੀ ਵਰਤੋਂ ਕਰਨ।

ਬਾਜਵਾ ਨੇ ਕਿਹਾ ਕਿ ਪੰਜਾਬ ਵਿਚ ਲੋਕ ਇਨ੍ਹਾਂ ਟਿੱਪਣੀਆਂ ਦੀ ਡੂੰਘਾਈ ਨੂੰ ਜਾਣਦੇ ਹਨ। ਪੰਜਾਬੀ ਇਹ ਵੀ ਜਾਣਦੇ ਹਨ ਕਿ ਕਿਵੇਂ ਕੁਝ ਘਿਣਾਉਣੇ ਲੋਕ ਆਪਣੇ ਵਿਰੋਧੀਆਂ ਦਾ ਅਪਮਾਨ ਕਰਨ ਲਈ ਅਜਿਹੀਆਂ ਟਿੱਪਣੀਆਂ ਦੀ ਵਰਤੋਂ ਕਰਦੇ ਹਨ।

“ਕੀ ਵਿੱਤ ਮੰਤਰੀ, ਹਰਪਾਲ ਸਿੰਘ ਚੀਮਾ ਨੂੰ ਇਹ ਸ਼ਬਦ ਉਦੋਂ ਪ੍ਰੇਸ਼ਾਨ ਕਰਨ ਵਾਲੇ ਨਹੀਂ ਲੱਗੇ? ਕੀ ਚੀਮਾ ਨੇ ਦੋਵਾਂ ਨੂੰ ਦਲਿਤ ਮੁੱਖ ਮੰਤਰੀ ਬਾਰੇ ਅਜਿਹੀਆਂ ਅਪਮਾਨਜਨਕ ਟਿੱਪਣੀਆਂ ਲਈ ਮੁਆਫ਼ੀ ਮੰਗਣ ਲਈ ਕਿਹਾ ਸੀ? ਵਿੱਤ ਮੰਤਰੀ ਚੀਮਾ, ਜੋ ਆਪਣੇ ਆਪ ਨੂੰ ਦਲਿਤ ਅਧਿਕਾਰਾਂ ਦਾ ਝੰਡਾਬਰਦਾਰ ਮੰਨਦੇ ਹਨ, ਬਿਹਤਰ ਤਰੀਕੇ ਨਾਲ ਸਮਝਾ ਸਕਦੇ ਹਨ”, ਬਾਜਵਾ ਨੇ ਅੱਗੇ ਕਿਹਾ।

ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਲਿਖੇਗੀ। ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਇੱਕ ਵਿਆਹੁਤਾ ਆਦਮੀ ਲਈ ਇੱਕ ਹੋਰ ਵਿਆਹ ਬਾਰੇ ਬੋਲਣਾ ਕਿੰਨਾ ਸ਼ਰਮਨਾਕ ਲੱਗ ਰਿਹਾ ਸੀ। ਇਸ ਨਾਲ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ – ਦੋਵੇਂ ਉੱਚ ਜਾਤੀਆਂ ਦੇ ਭਾਈਚਾਰਿਆਂ ਨਾਲ ਸਬੰਧਿਤ ਹਨ – ਦੀ ਜਾਗੀਰਦਾਰੀ ਮਾਨਸਿਕਤਾ ਵੀ ਝਲਕਦੀ ਹੈ ਕਿਉਂਕਿ ਉਨ੍ਹਾਂ ਨੇ ਉਪਰੋਕਤ ਸ਼ਬਦਾਂ ਨਾਲ ਇੱਕ ਦਲਿਤ ਆਦਮੀ ਦੀ ਬੇਇੱਜ਼ਤੀ ਕੀਤੀ ਸੀ।

ਵੀਡੀਓ ‘ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਇਨ੍ਹਾਂ ਭੱਦੇ ਕੁਮੈਂਟਾਂ ‘ਤੇ ਹੱਸਦੇ ਨਜ਼ਰ ਆ ਰਹੇ ਹਨ।

Leave a Reply

Your email address will not be published. Required fields are marked *