ਤਹਿਸੀਲ ਗੁਰਦਾਸਪੁਰ ਵਿਚ ਕਿਸਾਨਾਂ ਤੇ ਪ੍ਰਸ਼ਾਸਨ ਦਾ ਕੋਈ ਟਕਰਾਅ ਨਹੀਂ ਹੋਇਆ – ਐੱਸ.ਡੀ.ਐੱਮ. ਗੁਰਦਾਸਪੁਰ
ਗੁਰਦਾਸਪੁਰ, 20 ਮਈ (ਸਰਬਜੀਤ ਸਿੰਘ)– ਕੁਝ ਬੇਬੁਨਿਆਦ ਖਬਰਾਂ ਦਾ ਖੰਡਨ ਕਰਦੇ ਹੋਏ ਐੱਸ.ਡੀ.ਐੱਮ. ਗੁਰਦਾਸਪੁਰ ਅਮਨਦੀਪ ਕੌਰ ਘੁੰਮਣ ਨੇ ਸਪੱਸ਼ਟ ਕੀਤਾ ਹੈ ਕਿ ਸਬ-ਡਵੀਜ਼ਨ ਗੁਰਦਾਸਪੁਰ ਵਿੱਚ ਨੈਸ਼ਨਲ ਹਾਈਵੇ ਲਈ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਕਿਸਾਨਾਂ ਨੂੰ ਪੂਰੀ ਕੀਮਤ ਅਦਾ ਕਰਨ ਤੋਂ ਬਾਅਦ ਕਿਸਾਨਾਂ ਦੀ ਸਹਿਮਤੀ ਨਾਲ ਹੀ ਐਕਵਾਇਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਵਿਅਕਤੀਆਂ ਵੱਲੋਂ ਇਹ ਅਫ਼ਵਾਹ ਫੈਲਾਈ ਜਾ ਰਹੀ ਹੈ ਕਿ ਸਬ-ਡਵੀਜ਼ਨ ਗੁਰਦਾਸਪੁਰ ਵਿਚ ਕਿਸਾਨਾਂ ਨਾਲ ਤਕਰਾਰ ਹੋਇਆ ਹੈ ਜੋ ਕਿ ਬਿਲਕੁਲ ਨਿਰਅਧਾਰ ਤੇ ਝੂਠੀ ਗੱਲ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਤਹਿਸੀਲ ਵਿੱਚ ਕਿਸਾਨਾਂ ਨਾਲ ਕਿਸੇ ਪ੍ਰਕਾਰ ਦੀ ਤਕਰਾਰ ਨਹੀਂ ਹੋਈ ਹੈ ਅਤੇ ਨਾ ਹੀ ਐੱਸ.ਡੀ.ਐੱਮ. ਗੁਰਦਾਸਪੁਰ ਵੱਲੋਂ ਅਜਿਹੇ ਕੋਈ ਨਿਰਦੇਸ਼ ਦਿੱਤੇ ਗਏ ਸਨ। ਉਨ੍ਹਾਂ ਕਿਹਾ ਝੂਠੀਆਂ ਅਤੇ ਬੇਬੁਨਿਆਦ ਖਬਰਾਂ ਉੱਪਰ ਯਕੀਨ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਕਿਸਾਨ ਨੂੰ ਜ਼ਮੀਨ ਦੇ ਰੇਟ ਨੂੰ ਲੈ ਕੇ ਕੋਈ ਸੰਦੇਹ ਹੈ ਤਾਂ ਉਹ ਮਾਣਯੋਗ ਕਮਿਸ਼ਨਰ ਸਾਹਿਬ ਕੋਲ ਆਰਬ੍ਰੀਟ੍ਰੇਸ਼ਨ ਦਾ ਕੇਸ ਕਰ ਸਕਦਾ ਹੈ।