ਆਪ’ ਤੇ ਭਾਜਪਾ ਦੀ ਬੇਰੁਖ਼ੀ ਕਾਰਨ ਕਿਸਾਨਾਂ ਨੇ ਟੋਲ ਪਲਾਜ਼ੇ ਬੰਦ ਕੀਤੇ : ਬਾਜਵਾ

ਪੰਜਾਬ

ਦੋਵੇਂ ਸਰਕਾਰਾਂ ਨੂੰ ਪਿੱਛੇ ਮੁੜ ਕੇ ਦੇਖਣਾ ਚਾਹੀਦਾ ਹੈ ਅਤੇ ਕਿਸਾਨਾਂ ਨਾਲ ਕੀਤੇ ਉਹਨਾਂ ਵਾਅਦਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਕਦੇ ਪੂਰੇ ਨਹੀਂ ਕੀਤੇ

ਗੁਰਦਾਸਪੁਰ 14 ਜਨਵਰੀ (ਸਰਬਜੀਤ ਸਿੰਘ)–ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਕਿਸਾਨਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਪ੍ਰਤੀ ਉਦਾਸੀਨ ਰਵੱਈਏ ਕਾਰਨ ਕਿਸਾਨ ਯੂਨੀਅਨਾਂ ਨੇ ਪੰਜਾਬ ਦੇ 13 ਟੋਲ ਪਲਾਜ਼ਿਆਂ ਨੂੰ ਬੰਦ ਕਰ ਦਿੱਤਾ ਹੈ।

ਬਾਜਵਾ ਨੇ ਇੱਕ ਬਿਆਨ ਵਿੱਚ ਦੋਵਾਂ ਸਰਕਾਰਾਂ ਨੂੰ ਮੁੜ ਵਿਚਾਰ ਕਰਨ ਅਤੇ ਕਿਸਾਨਾਂ ਨਾਲ ਕੀਤੇ ਉਹਨਾਂ ਵਾਅਦਿਆਂ ਵੱਲ ਧਿਆਨ ਦੇਣ ਲਈ ਕਿਹਾ ਜੋ ਕਦੇ ਪੂਰੇ ਨਹੀਂ ਕੀਤੇ।

ਬਾਜਵਾ ਨੇ ਇਹ ਗੱਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਸੂਬੇ ਨੂੰ 13 ਪਲਾਜ਼ਿਆਂ ਬਾਰੇ ਸਥਿਤੀ ਅਤੇ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਕਹੀ, ਜਿਨ੍ਹਾਂ ਨੂੰ ਕਥਿਤ ਤੌਰ ‘ਤੇ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ।

“ਸੂਬੇ ਵਿੱਚ ਟੋਲ ਪਲਾਜ਼ਾ ਬੰਦ ਹੋਣਾ ਪੰਜਾਬ ਅਤੇ ਕੇਂਦਰ ਸਰਕਾਰਾਂ ਦੇ ਕਿਸਾਨਾਂ ਪ੍ਰਤੀ ਵਿਤਕਰੇ ਭਰੇ ਰਵੱਈਏ ਦਾ ਨਤੀਜਾ ਹੈ। ‘ਆਪ’ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿਸਾਨਾਂ ਕਈ ਵਾਅਦੇ ਕੀਤੇ ਪਰ ਪੂਰੇ ਨਹੀਂ ਕੀਤੇ। ਆਪ ਸਰਕਾਰ ਦੇ ਵਾਅਦੇ ਜਿਵੇਂ ਫ਼ਸਲਾਂ ਦੇ ਨੁਕਸਾਨ ਲਈ ਮੁਆਵਜ਼ਾ ਦੇਣ, ਪਰਾਲੀ ਨਾ ਸੜਨ ਲਈ ਨਕਦ ਰਿਆਇਤਾਂ ਅਤੇ ਮੂੰਗੀ ਦੀ ਦਾਲ ਘੱਟੋ-ਘੱਟ ਸਮਰਥਨ ਮੁੱਲ ‘ਤੇ ਖ਼ਰੀਦਣ ਆਦਿ ਕਦੇ ਵੀ ਪੂਰੇ ਨਹੀਂ ਹੋਏ। ਇਸੇ ਤਰਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਅਜੇ ਤੱਕ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਰੂਪ ਦੇਣਾ ਹੈ, ਜੋ ਕਿ ਕਿਸਾਨਾਂ ਦਾ ਲੰਬੇ ਸਮੇਂ ਤੋਂ ਲਟਕਿਆ ਹੋਇਆ ਮੁੱਦਾ ਹੈ, ਅਤੇ ਕਿਸਾਨਾਂ ਖ਼ਿਲਾਫ਼ ਦਰਜ ਕੇਸਾਂ ਨੂੰ ਰੱਦ ਨਹੀਂ ਕੀਤਾ।”

ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ‘ਆਪ’ ਸਰਕਾਰ ਦੀ ਸ਼ਾਸਨ ਕਰਨ ਦੀ ਨਾ-ਪੜਪੱਕਤਾ ਕਾਰਨ ਪੰਜਾਬ ਧਰਨਿਆਂ-ਭੂਮੀ ਵਿੱਚ ਤਬਦੀਲ ਹੋ ਗਿਆ ਹੈ। ਕਿਸਾਨ, ਸਿੱਖ ਜਥੇਬੰਦੀਆਂ, ਮਜ਼ਦੂਰ, ਜਲੰਧਰ ਦੇ ਲਤੀਫਪੁਰਾ ਇਲਾਕੇ ਦੇ ਵਸਨੀਕ ਅਤੇ ਜ਼ੀਰਾ ਵਿੱਚ ਸ਼ਰਾਬ ਦੀ ਫ਼ੈਕਟਰੀ ਖ਼ਿਲਾਫ਼ ਪਿੰਡ ਵਾਸੀ ਪਹਿਲਾਂ ਹੀ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ 108 ਐਂਬੂਲੈਂਸ ਦੇ ਮੁਲਾਜ਼ਮ ਹੜਤਾਲ ’ਤੇ ਚਲੇ ਗਏ ਹਨ, ਜਿਸ ਕਾਰਨ ਸੂਬੇ ਵਿੱਚ ਸਿਹਤ ਸੇਵਾਵਾਂ ਠੱਪ ਹੋ ਗਈਆਂ ਹਨ।

“ਜਿਵੇਂ ਕਿ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਰੋਜ਼ਾਨਾ 1.33 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ, ਇਹ ਪੰਜਾਬ ਵਿੱਚ ‘ਆਪ’ ਸਰਕਾਰ ਅਤੇ ਕੇਂਦਰ ਵਿੱਚ ਭਾਜਪਾ ਸਰਕਾਰ ਦੇ ਕਾਰਨ ਹੈ,” ਵਿਰੋਧੀ ਧਿਰ ਦੇ ਆਗੂ ਨੇ ਅੱਗੇ ਕਿਹਾ।

Leave a Reply

Your email address will not be published. Required fields are marked *