ਗੁਰਦਾਸਪੁਰ, 20 ਦਸੰਬਰ (ਸਰਬਜੀਤ ਸਿੰਘ)—ਫਿਰੋਜ਼ਪੁਰ ਜਿਲ੍ਹੇ ਦੀ ਇਕ ਸ਼ਰਾਬ ਫੈਕਟਰੀ ਦੇ ਮਾਲਕਾਂ ਵੱਲੋਂ ਪਾਣੀ ਪ੍ਰਦੂਸ਼ਿਤ ਕੀਤੇ ਜਾਣ ਖਿਲਾਫ਼ ਪੁਰਅਮਨ ਧਰਨਾ ਦੇ ਰਹੇ ਲੋਕਾਂ ਨੂੰ ਪੰਜਾਬ ਪੁਲਸ ਵੱਲੋਂ ਤਸ਼ੱਦਦ ਰਾਹੀਂ ਜਬਰਨ ਉਠਾਏ ਜਾਣ ਦੀ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਜੋਰਦਾਰ ਨਿਖੇਧੀ ਕੀਤੀ ਹੈ।
ਇੱਥੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਸਾਥੀ ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਉਕਤ ਜਾਬਰ ਪਹੁੰਚ ਤਿਆਗ ਕੇ ਮੁਨਾਫੇ ਦੀ ਭੁੱਖੇ ਫੈਕਟਰੀ ਮਾਲਕਾਂ ਦੀ ਕੁਦਰਤ ਦੋਖੀ, ਮਨੁੱਖ ਫਮਾਰੂ ਕਾਰਵਾਈ ਨੂੰ ਫੌਰੀ ਨਕੇਲ ਪਾਵੇ।
ਪਾਰਟੀ ਆਗੂਆਂ ਨੇ ਕਿਹਾ ਹੈ ਕਿ ਪੀਣ ਵਾਲੇ ਪਾਣੀ ‘ਚ ਜ਼ਹਿਰੀਲਾ ਮਾਦਾ ਅਤੇ ਸਨਅਤੀ ਰਹਿੰਦ-ਖੂਹੰਦ ਰਲਾ ਕੇ ਸੂਬਾ ਵਾਸੀਆਂ ਨੂੰ ਲਾਇਲਾਜ ਰੋਗਾਂ ਦਾ ਸ਼ਿਕਾਰ ਬਣਾ ਰਹੇ ਸ਼ਰਾਬ ਕਾਰੋਬਾਰੀਆਂ ਖਿਲਾਫ਼ ਸਖ਼ਤੀ ਵਰਤਣ ਦੀ ਬਜਾਇ ਸੰਘਰਸ਼ਸ਼ੀਲ ਲੋਕਾਂ ‘ਤੇ ਅਕਹਿ ਜਬਰ ਢਾਹੇ ਜਾਣ ਅਤੇ ਲਤੀਫਪੁਰਾ, ਜਲੰਧਰ ਵਿਖੇ ਪਿਛਲੇ 75 ਸਾਲਾਂ ਤੋਂ ਰਹਿ ਰਹੇ ਲੋਕਾਂ ਦੇ ਮਕਾਨ ਢਾਹੇ ਜਾਣ ਦੇ ਅਣਮਨੁੱਖੀ ਕਾਰੇ ਨੇ ਸੂਬਾ ਸਰਕਾਰ ਦਾ ਲੋਕ ਮਾਰੂ ਕਿਰਦਾਰ ਪੂਰੀ ਤਰ੍ਹਾਂ ਨਾਲ ਬੇਪਰਦ ਕਰ ਦਿੱਤਾ ਹੈ।
ਪਾਸਲਾ, ਰੰਧਾਵਾ ਅਤੇ ਜਾਮਾਰਾਏ ਨੇ ਐਲਾਨ ਕੀਤਾ ਹੈ ਕਿ ਪਾਰਟੀ ਡੱਟ ਕੇ ਸੰਘਰਸ਼ਸ਼ੀਲ ਲੋਕਾਂ ਦੇ ਨਾਲ ਖਲੋਂਦੀ ਹੋਈ ਉਕਤ ਨਿਆਂ ਸੰਗਤ ਸੰਘਰਸ਼ ਦੀ ਡੱਟਵੀਂ ਹਿਮਾਇਤ ਕਰੇਗੀ।
ਉਨ੍ਹਾਂ ਪਾਰਟੀ ਸਫਾਂ ਨੂੰ ਉਕਤ ਦੋਹਾਂ ਘਟਨਾਵਾਂ ਖਿਲਾਫ਼ 19-20-22 ਦਸੰਬਰ ਨੂੰ ਪਿੰਡਾਂ/ ਸ਼ਹਿਰੀ ਮੁਹੱਲਿਆਂ ਅੰਦਰ ਵਿਸ਼ਾਲ ਇਕੱਠ ਕਰਕੇ ਸੂਬਾ ਸਰਕਾਰ ਦੇ ਪੁਤਲੇ ਸਾੜੇ ਜਾਣ ਦਾ ਸੱਦਾ ਦਿੱਤਾ ਹੈ।