ਹਿੰਸਾ ਤੋਂ ਪੀੜ੍ਹਤ ਔਰਤਾਂ ਨੂੰ ਡਾਕਟਰੀ, ਕਾਨੂੰਨੀ, ਪੁਲਿਸ ਅਤੇ ਕਾਉਂਸਲਿੰਗ ਦੀ ਦਿੱਤੀ ਜਾਂਦੀ ਹੈ ਸਹਾਇਤਾ
ਸਖੀ ਵਨ ਸਟੌਪ ਸੈਂਟਰ ਦਾ ਮੁੱਖ ਉਦੇਸ਼ ਔਰਤਾਂ ਵਿੱਚ ਉਨ੍ਹਾਂ ਦੇ ਅਧਿਕਾਰਾ ਪ੍ਰਤੀ ਜਾਗਰੂਕਤਾ ਲਿਆਉਣਾ – ਜ਼ਿਲ੍ਹਾ ਪ੍ਰੋਗਰਾਮ ਅਫ਼ਸਰ
ਗੁਰਦਾਸਪੁਰ, 16 ਨਵੰਬਰ (ਸਰਬਜੀਤ ਸਿੰਘ) – ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਵਿਖੇ ਚੱਲ ਰਿਹਾ ਸਖੀ ਵਨ ਸਟੌਪ ਸੈਂਟਰ ਔਰਤਾਂ ਲਈ ਵੱਡਾ ਸਹਾਰਾ ਬਣ ਕੇ ਸਾਹਮਣੇ ਆਇਆ ਹੈ। ਇਸ ਸੈਂਟਰ ਵੱਲੋਂ ਹਿੰਸਾ ਤੋਂ ਪੀੜ੍ਹਤ ਔਰਤਾਂ ਨੂੰ ਡਾਕਟਰੀ, ਕਾਨੂੰਨੀ, ਪੁਲਿਸ ਅਤੇ ਕਾਉਂਸਲਿੰਗ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਸੁਮਨਦੀਪ ਕੌਰ ਨੇ ਦੱਸਿਆ ਕਿ ਸਖੀ ਵਨ ਸਟੌਪ ਸੈਂਟਰ ਦਾ ਮੁੱਖ ਉਦੇਸ਼ ਪੀੜ੍ਹਤ ਔਰਤਾਂ ਨੂੰ ਜਿਥੇ ਸਹਾਰਾ ਦੇਣਾ ਹੈ ਓਥੇ ਉਨ੍ਹਾਂ ਵਿੱਚ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਲਿਆਉਣਾ ਵੀ ਹੈ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਵਿੱਚ ਅਪ੍ਰੈਲ 2022 ਤੋਂ ਸਤੰਬਰ 2022 ਤੱਕ ਕੁੱਲ 96 ਕੇਸ ਆਏ ਸਨ, ਜਿਨ੍ਹਾਂ ਵਿੱਚੋਂ ਘਰੇਲੂ ਹਿੰਸਾ ਦੇ 58 ਕੇਸ, ਬਲਾਤਕਾਰ ਦੇ 2, ਜਿੰਨਸੀ ਛੇੜਛਾੜ ਦੇ 2, ਸ਼ੈਲਟਰ 33 ਕੇਸਾਂ ਨੂੰ ਦਰਜ ਕਰਕੇ ਉਨ੍ਹਾਂ ਦਾ ਨਿਪਟਾਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਭਾਵਤ ਔਰਤਾਂ ਨੂੰ ਡਾਕਟਰੀ, ਕਾਨੂੰਨੀ, ਪੁਲਿਸ ਅਤੇ ਕਾਉਂਸਲਿੰਗ ਦੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਸਖੀ ਵਨ ਸਟੌਪ ਸੈਂਟਰ ਦਾ ਉਦੇਸ਼ ਪ੍ਰਾਈਵੇਟ ਅਤੇ ਜਨਤਕ ਥਾਵਾਂ ਤੇ ਪਰਿਵਾਰਕ, ਕਮਿਊਨਿਟੀ ਅਤੇ ਕੰਮ ਦੇ ਸਥਾਨਾਂ ’ਤੇ ਹਿੰਸਾ ਦੁਆਰਾ ਪ੍ਰਭਾਵਿਤ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਲਈ ਜਾਗਰੂਕ ਕਰਨਾ ਅਤੇ ਨਿਆਂ ਦਿਵਾਉਣਾ ਹੈ, ਇਸ ਲਈ ਸਖੀ ਵਨ ਸਟੌਪ ਸੈਂਟਰ ਵੱਲੋਂ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਉਪਰ ਜਾਗਰੂਕਤਾ ਕੈਪ ਲਗਾਏ ਜਾ ਰਹੇ ਹਨ।
ਉਹਨਾਂ ਦੱਸਿਆ ਕਿ ਸਖੀ ਵਨ ਸਟੌਪ ਸੈਂਟਰ ਵੱਲੋ ਹਿੰਸਾ ਦੁਆਰਾ ਪ੍ਰਭਾਵਿਤ ਔਰਤਾਂ ਜੋ ਸਰੀਰਕ, ਭਾਵਨਾਤਮਕ, ਮਨੋਵਿਗਿਆਨਕ ਅਤੇ ਆਰਥਿਕ ਸ਼ੋਸ਼ਣ ਦਾ ਸਾਹਮਣਾ ਕਰ ਰਹੀਆਂ ਹਨ, ਉਹਨਾਂ ਨੂੰ ਐਮਰਜੈਂਸੀ ਸਹਾਇਤਾ, ਮੈਡੀਕਲ ਸਹਾਇਤਾ, ਕਾਨੂੰਨੀ ਸਹਾਇਤਾ, ਮਨੋਚਕਿਸਤਿਕ ਕੌਸਲਿੰਗ ਅਤੇ ਮੁਫਤ ਸ਼ੋਰਟ ਸਟੇਅ ਦੀਆਂ ਸਹੂਲਤਾਂ ਮੁਫਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਸੁਮਨਦੀਪ ਕੌਰ ਨੇ ਦੱਸਿਆ ਕਿ ਪੀੜ੍ਹਤ ਔਰਤਾਂ ਸਖੀ ਵਨ ਸਟੌਪ ਸੈਂਟਰ, ਗੁਰਦਾਸਪੁਰ ਦੀ ਪ੍ਰਬੰਧਕ ਅਨੂੰ ਗਿੱਲ ਨਾਲ ਉਨ੍ਹਾਂ ਦੇ ਮੋਬਾਇਲ ਨੰਬਰ 75083-50243 ਜਾਂ ਸੈਂਟਰ ਦੇ ਲੈਂਡ-ਲਾਈਨ ਨੰਬਰ 01874-240165 ’ਤੇ ਸੰਪਰਕ ਕਰ ਸਕਦੀਆਂ ਹਨ।