ਆਯੂਰਵੈਦਿਕ ਦਾ ਤਿਆਗ ਹੀ ਰੋਗਾਂ ਦਾ ਮੁੱਖ ਕਾਰਨ- ਚੇਅਰਮੈਨ ਰਮਨ ਬਹਿਲ

ਪੰਜਾਬ

ਆਯੂਰਵੈਦਿਕ ਅਤੇ ਯੂਨਾਨੀ ਵਿਭਾਗ ਨੇ ਗੁਰਦਾਸਪੁਰ ਵਿਖੇ ਸੱਤਵਾਂ ਆਯੂਰਵੈਦ/ਧੰਨਵੰਤਰੀ ਦਿਵਸ ਮਨਾਇਆ
ਗੁਰਦਾਸਪੁਰ, 23 ਅਕਤੂਬਰ (ਸਰਬਜੀਤ ਸਿੰਘ) – ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਆਯੂਰਵੈਦਿਕ ਦਾ ਤਿਆਗ ਰੋਗਾਂ ਦਾ ਮੁੱਖ ਕਾਰਨ ਹੈ। ਉਹ ਅੱਜ ਆਯੂਰਵੈਦਿਕ ਅਤੇ ਯੂਨਾਨੀ ਵਿਭਾਗ ਵੱਲੋਂ ਅੱਜ ਪੁਰਾਣੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਆਯੋਜਿਤ ਕੀਤੇ ਗਏ ਸੱਤਵਾਂ ਆਯੂਰਵੈਦ/ਧੰਨਵੰਤਰੀ ਦਿਵਸ ਵਿੱਚ ਸ਼ਾਮਿਲ ਹੋਣ ਲਈ ਆਏ ਹਨ। ਇਸ ਮੌਕੇ ਆਯੂਰਵੈਦਿਕ ਅਤੇ ਯੂਨਾਨੀ ਵਿਭਾਗ ਵੱਲੋਂ ਆਯੂਰਵੈਦਿਕ ਵਿਧੀ ਬਾਰੇ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ ਅਤੇ ਲੋਕਾਂ ਨੂੰ ਆਯੂਰਵੈਦਿਕ ਇਲਾਜ ਪ੍ਰਣਾਲੀ ਬਾਰੇ ਦੱਸਿਆ ਗਿਆ।


ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਚੇਅਰਮੈਨ ਰਮਨ ਬਹਿਲ ਨੇ ਕਿਹਾ ਆਯੂਰਵੈਦ ਸਾਡੀ ਭਾਰਤੀ ਸੰਸਕਿ੍ਰਤੀ ਦੀ ਉਪਜ ਹੈ ਅਤੇ ਇਹ ਸਭ ਤੋਂ ਪੁਰਾਣੀ ਤੇ ਕਾਰਗਰ ਇਲਾਜ ਵਿਧੀ ਹੈ। ਉਨਾਂ ਕਿਹਾ ਕਿ ਰਿਸ਼ੀ ਧੰਨਵੰਤਰੀ ਖੁਦ ਵਿਸ਼ਨੂੰ ਭਗਵਾਨ ਦੇ ਅਵਤਾਰ ਸਨ ਅਤੇ ਉਨਾਂ ਵੱਲੋਂ ਹੀ ਆਯੂਰਵੈਦ ਦੀ ਇਲਾਜ ਪ੍ਰਣਾਲੀ ਵਿਕਸਤ ਕੀਤੀ ਗਈ ਸੀ। ਉਨਾਂ ਕਿਹਾ ਕਿ ਆਯੂਰਵੈਦ ਕੁਦਰਤੀ ਇਲਾਜ ਪ੍ਰਣਾਲੀ ਹੈ ਅਤੇ ਪ੍ਰਾਚੀਨ ਸਮੇਂ ਤੋਂ ਹੀ ਇਹ ਬੜੀ ਸਫਲਤਾ ਨਾਲ ਚੱਲਦੀ ਆ ਰਹੀ ਹੈ। ਉਨਾਂ ਕਿਹਾ ਕਿ ਐਲੋਪੈਥੀ ਅਤੇ ਹੋਰ ਇਲਾਜ ਵਿਧੀਆਂ ਦੇ ਕਈ ਮਾੜੇ ਪ੍ਰਭਾਵ ਵੀ ਦੇਖਣ ਨੂੰ ਮਿਲਦੇ ਹਨ ਪਰ ਆਯੂਰਵੇਦਿਕ ਪ੍ਰਣਾਲੀ ਪੂਰੀ ਤਰਾਂ ਸੁਰੱਖਿਅਤ ਅਤੇ ਮਨੁੱਖ ਤੇ ਮਨ ਤੇ ਤਨ ਨੂੰ ਨਿਰੋਗ ਕਰਨ ਵਾਲੀ ਹੈ।


ਚੇਅਰਮੈਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਆਯੂਰਵੈਦਿਕ ਇਲਾਜ ਪ੍ਰਣਾਲੀ ਨੂੰ ਹੋਰ ਪ੍ਰਫੂਲਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਆਯੂਰਵੈਦਿਕ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਸਟਾਫ਼ ਅਤੇ ਦਵਾਈਆਂ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ ਤਾਂ ਜੋ ਲੋਕ ਵੱਧ ਤੋਂ ਵੱਧ ਆਯੂਰਵੈਦਿਕ ਇਲਾਜ ਪ੍ਰਣਾਲੀ ਦਾ ਲਾਭ ਉਠਾ ਸਕਣ। ਇਸ ਮੌਕੇ ਸਿਵਲ ਸਰਜਨ ਡਾ. ਹਰਭਜਨ ਰਾਮ ਮਾਂਡੀ, ਸਹਾਇਕ ਸਿਵਲ ਸਰਜਨ ਡਾ. ਭਾਰਤ ਭੂਸ਼ਨ, ਜ਼ਿਲਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ ਗੁਰਦਾਸਪੁਰ ਡਾ. ਸੁਖਮਿੰਦਰ ਕੌਰ, ਡਾ. ਰੋਮੀ ਰਾਜਾ, ਡਾ. ਮਿਨਾਕਸ਼ੀ, ਡਾ. ਨਵਨੀਤ ਸਿੰਘ, ਡਾ. ਕੁਲਬੀਰ ਕੌਰ, ਡਾ. ਬਿਕਰਮਜੀਤ ਸਿੰਘ, ਡਾ. ਹਰਿੰਦਰ ਸਿੰਘ, ਡਾ. ਅਸ਼ੋਕ, ਡਾ. ਵਰੁਣ, ਡਾ. ਰਮਨ ਨੇ ਵੀ ਆਯੂਰਵੈਦਿਕ ਇਲਾਜ ਵਿਧੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।

Leave a Reply

Your email address will not be published. Required fields are marked *