ਪਟਨਾ ਸਾਹਿਬ, ਗੁਰਦਾਸਪੁਰ, 24 ਸਤੰਬਰ (ਸਰਬਜੀਤ ਸਿੰਘ)– ਪਟਨਾ ਸਾਹਿਬ ਦੇ ਇਤਿਹਾਸਕ ਸਦਾਕਤ ਆਸ਼ਰਮ — ਉਹ ਧਰਤੀ ਜਿਸ ਨੇ ਆਜ਼ਾਦੀ ਦੀ ਲਲਕਾਰ ਸੁਣੀ ਸੀ — ਵਿੱਚ ਹੋਈ ਕਾਂਗਰਸ ਵਰਕਿੰਗ ਕਮੇਟੀ (CWC) ਦੀ ਬੈਠਕ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਪੰਜਾਬ ਵਿਧਾਨ ਸਭਾ ਵਿੱਚ ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅੱਜ ਇਹ ਸਥਾਨ ਭਾਰਤੀ ਰਾਸ਼ਟਰੀ ਕਾਂਗਰਸ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਦੇ ਅਜ਼ਮ ਦਾ ਕੇਂਦਰ ਬਣ ਗਿਆ ਹੈ, ਜਿਸ ‘ਤੇ ਬੀਜੇਪੀ ਦੀ “ਵੋਟ ਚੋਰੀ” ਵਾਰ ਕਰ ਰਹੀ ਹੈ।
ਬਾਜਵਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੋਵਾਂ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਨੇ ਦਾਅਵਾ ਕੀਤਾ ਕਿ “ਮੋਦੀ ਤੇ ਮਾਨ ਇੱਕੋ ਹੀ ਸਿੱਕੇ ਦੇ ਪਾਸੇ ਹਨ।” ਉਨ੍ਹਾਂ ਨੇ ਦੋਵਾਂ ਨੂੰ “ਵੋਟ ਚੋਰੀ” ਨਾਲ ਨਾਲ “ਨੋਟ ਚੋਰੀ” ਦਾ ਦੋਸ਼ੀ ਕਰਾਰ ਦਿੱਤਾ।
ਸੀਨੀਅਰ ਕਾਂਗਰਸ ਲੀਡਰ ਨੇ ਯਾਦ ਦਿਵਾਇਆ ਕਿ ਅਗਲੇ ਮਹੀਨੇ ਭਾਰਤ ਜਾਣਕਾਰੀ ਦਾ ਅਧਿਕਾਰ ਕਾਨੂੰਨ (RTI ਐਕਟ) ਦੇ 20 ਸਾਲ ਪੂਰੇ ਕਰੇਗਾ, ਜੋ ਕਿ ਯੂ.ਪੀ.ਏ. ਚੇਅਰਪਰਸਨ ਮਾਤਾ ਸੋਨੀਆ ਗਾਂਧੀ ਦੀ ਕਲਪਨਾ ਸੀ ਅਤੇ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਲਾਗੂ ਕੀਤਾ ਗਿਆ ਸੀ। ਬਾਜਵਾ ਨੇ ਜ਼ੋਰ ਦਿੱਤਾ ਕਿ ਜਦੋਂ RTI ਨੇ ਨਾਗਰਿਕਾਂ ਨੂੰ ਸਰਕਾਰਾਂ ਤੋਂ ਹਿਸਾਬ ਮੰਗਣ ਦਾ ਅਧਿਕਾਰ ਦਿੱਤਾ, ਮੋਦੀ ਅਤੇ ਮਾਨ ਦੋਵਾਂ ਨੇ ਇਸਦੀ ਰੂਹ ਨੂੰ ਨਜ਼ਰਅੰਦਾਜ਼ ਕਰਨ ਦੇ ਤਰੀਕੇ ਲੱਭੇ।
ਬਾਜਵਾ ਨੇ ਕਿਹਾ ਪ੍ਰਧਾਨ ਮੰਤਰੀ ਮੋਦੀ ਨੇ, ਪਹਿਲਾਂ ਤੋਂ ਮੌਜੂਦ ਪ੍ਰਧਾਨ ਮੰਤਰੀ ਰਾਹਤ ਫੰਡ ਹੋਣ ਦੇ ਬਾਵਜੂਦ, PM CARES ਫੰਡ ਬਣਾਇਆ। ਇਹ ਇਸ ਲਈ ਕੀਤਾ ਗਿਆ ਤਾਂ ਜੋ ਯੋਗਦਾਨ ਅਤੇ ਖਰਚੇ RTI ਦੀ ਪਹੁੰਚ ਤੋਂ ਬਾਹਰ ਰਹਿਣ।
• ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਹੋ ਹੀ ਰਾਹ ਅਪਣਾਇਆ ਹੈ। ਉਨ੍ਹਾਂ ਨੇ ਦੁਨੀਆ ਭਰ ਦੇ ਪੰਜਾਬੀਆਂ ਨੂੰ “ਰੰਗਲਾ ਪੰਜਾਬ ਫੰਡ” ਵਿੱਚ ਯੋਗਦਾਨ ਦੇਣ ਦੀ ਅਪੀਲ ਕੀਤੀ ਬਜਾਏ CM ਰਾਹਤ ਫੰਡ ਦੇ, ਤਾਂ ਜੋ ਲੋਕ ਇਹ ਨਾ ਜਾਣ ਸਕਣ ਕਿ ਪੈਸਾ ਕਿਵੇਂ ਖਰਚਿਆ ਜਾ ਰਿਹਾ ਹੈ।
ਬਾਜਵਾ ਨੇ ਕਿਹਾ, “ਇਹ ਫੰਡ ਜਾਣ-ਬੁੱਝ ਕੇ RTI ਐਕਟ ਦੇ ਦਾਇਰੇ ਤੋਂ ਬਾਹਰ ਰੱਖਣ ਲਈ ਬਣਾਏ ਗਏ ਹਨ।” ਉਨ੍ਹਾਂ ਕਿਹਾ ਕਿ ਇਹ ਸ਼ਾਸਨ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਖ਼ਤਮ ਕਰਨ ਦੀ ਖ਼ਤਰਨਾਕ ਕੋਸ਼ਿਸ਼ ਹੈ।
ਉਨ੍ਹਾਂ ਐਲਾਨ ਕੀਤਾ, “ਇੱਕ ਪਾਸੇ ਇਹ ਲੋਕਾਂ ਦੇ ਵੋਟ ਚੁਰਾਉਂਦੇ ਹਨ, ਦੂਜੇ ਪਾਸੇ ਲੋਕਾਂ ਤੋਂ ਇਹ ਸੱਚ ਲੁਕਾਇਆ ਜਾਂਦਾ ਹੈ ਕਿ ਉਹਨਾਂ ਦਾ ਪੈਸਾ ਕਿਵੇਂ ਲੁੱਟਿਆ ਜਾ ਰਿਹਾ ਹੈ। ਇਹ ਕੁਝ ਹੋਰ ਨਹੀਂ, ਸਗੋਂ ਸੰਸਥਾਗਤ ਵੋਟ ਚੋਰੀ ਅਤੇ ਨੋਟ ਚੋਰੀ ਹੈ।”
ਬਾਜਵਾ ਨੇ ਦੁਹਰਾਇਆ ਕਿ ਕਾਂਗਰਸ, ਜਿਸ ਨੂੰ ਸਦਾਕਤ ਆਸ਼ਰਮ ਦੀ ਆਜ਼ਾਦੀ ਦੀ ਰੂਹ ਨੇ ਪ੍ਰੇਰਿਤ ਕੀਤਾ ਹੈ, ਲੋਕਤੰਤਰ ਦੀ ਰੱਖਿਆ, ਪਾਰਦਰਸ਼ਤਾ ਦੀ ਬਹਾਲੀ ਅਤੇ ਨਾਗਰਿਕਾਂ ਦੇ ਹੱਕਾਂ ਦੀ ਰੱਖਿਆ ਲਈ ਆਪਣੀ ਲੜਾਈ ਜਾਰੀ ਰੱਖੇਗੀ।


