ਜ਼ਿਲ੍ਹੇ ਵਿੱਚ ਵੱਖ-ਵੱਖ ਥਾਈਂ ਚੱਲ ਰਹੀਆਂ 124 ਯੋਗ ਕਲਾਸਾਂ – ਰਮਨ ਬਹਿਲ
ਗੁਰਦਾਸਪੁਰ, 8 ਮਈ (ਸਰਬਜੀਤ ਸਿੰਘ) – ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ “ਸੀ.ਐੱਮ. ਦੀ ਯੋਗਸ਼ਾਲਾ” ਯੋਜਨਾ ਤਹਿਤ ਗੁਰਦਾਸਪੁਰ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਯੋਗਾ ਕਲਾਸਾਂ ਦਾ ਲਾਭ ਲੈ ਰਹੇ ਹਨ। ਇਨ੍ਹਾਂ ਕਲਾਸਾਂ ਵਿੱਚ ਸ਼ਾਮਲ ਹੋ ਕੇ ਲੋਕ ਸਰਵਾਈਕਲ, ਪਿੱਠ ਦਰਦ, ਥਾਇਰਾਇਡ, ਬਲੱਡ ਪ੍ਰੈਸ਼ਰ, ਸ਼ੂਗਰ, ਐਸਿਡਟੀ, ਮੋਟਾਪਾ, ਮਾਈਗ੍ਰੇਨ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਰਾਹਤ ਪਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸੀ.ਐੱਮ. ਦੀ ਯੋਗਸ਼ਾਲਾ ਦੇ ਤਹਿਤ ਇਸ ਸਮੇਂ 124 ਥਾਵਾਂ ‘ਤੇ ਯੋਗਾ ਕਲਾਸਾਂ ਚੱਲ ਰਹੀਆਂ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਨਾਗਰਿਕ ਨਿਯਮਤ ਤੌਰ ‘ਤੇ ਭਾਗ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਯੋਗ ਨਾ ਸਿਰਫ਼ ਸਰੀਰਕ ਬਲਕਿ ਮਾਨਸਿਕ ਬਿਮਾਰੀਆਂ ਜਿਵੇਂ ਡਿਪ੍ਰੈਸ਼ਨ ਤੇ ਫੋਬੀਆ ਵਿੱਚ ਵੀ ਲਾਭਦਾਇਕ ਸਾਬਤ ਹੋ ਰਿਹਾ ਹੈ।ਚੇਅਰਮੈਨ ਸ੍ਰੀ ਰਮਨ ਬਹਿਲ ਨੇ ਅੱਗੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਇਸ ਵੇਲੇ 26 ਯੋਗਾ ਟਰੇਨਰ ਤਾਇਨਾਤ ਕੀਤੇ ਗਏ ਹਨ, ਜੋ ਵੱਖ-ਵੱਖ ਥਾਵਾਂ ‘ਤੇ ਲੋਕਾਂ ਨੂੰ ਯੋਗਾ ਦੀ ਸਿੱਖਿਆ ਦੇ ਰਹੇ ਹਨ। ਸਥਾਨਕ ਨਾਗਰਿਕਾਂ ਵੱਲੋਂ ਇਸ ਪਹਿਲ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ, ਜੋ ਕਿ ਇਕ ਸਿਹਤਮੰਦ ਸਮਾਜ ਵੱਲ ਉਠਾਇਆ ਗਿਆ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹੇ ਦੇ ਕਿਸੇ ਪਿੰਡ ਜਾਂ ਕਸਬੇ ਦੇ ਲੋਕ ਆਪਣੇ ਨੇੜੇ ਯੋਗਾ ਕਲਾਸ ਸ਼ੁਰੂ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਯੋਗ ਕਲਾਸਾਂ ਦੇ ਜ਼ਿਲ੍ਹਾ ਸੁਪਰਵਾਈਜ਼ਰ ਜਾਂ ਜ਼ਿਲ੍ਹਾ ਯੂਨਾਨੀ ਅਤੇ ਆਯੂਰਵੈਦਿਕ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ।


