ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਨੌਜਵਾਨਾਂ ਨੂੰ ਡਾ. ਬੀ.ਆਰ. ਅੰਬੇਡਕਰ ਵੱਲੋਂ ਦਿਖਾਏ ਗਏ ਮਾਰਗ ‘ਤੇ ਚੱਲਣ ਦਾ ਸੱਦਾ ਦਿੱਤਾ

ਗੁਰਦਾਸਪੁਰ

ਦੀਨਾਨਗਰ/ਗੁਰਦਾਸਪੁਰ, 14 ਅਪ੍ਰੈਲ (ਸਰਬਜੀਤ ਸਿੰਘ)– ਸੂਬੇ ਦੇ ਖ਼ੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਦੀ ਵਿਚਾਰਧਾਰਾ ਉੱਪਰ ਚੱਲਦੇ ਹੋਏ ਇੱਕ ਬਰਾਬਰੀ ਵਾਲੇ ਅਤੇ ਪ੍ਰਗਤੀਸ਼ੀਲ ਸਮਾਜ ਦੀ ਸਿਰਜਨਾ ਕਰਨ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੇ ਦਿਖਾਏ ਗਏ ਮਾਰਗ ‘ਤੇ ਚੱਲਣਾ ਹੀ ਬਾਬਾ ਸਾਹਿਬ ਨੂੰ ਸਭ ਤੋਂ ਢੁਕਵੀਂ ਸ਼ਰਧਾਂਜਲੀ ਹੈ।

ਡਾ. ਭੀਮ ਰਾਓ ਅੰਬੇਡਕਰ ਜੀ ਦੀ 134ਵੀਂ ਜਯੰਤੀ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐੱਸ.ਐੱਸ.ਐੱਮ. ਕਾਲਜ ਦੀਨਾਨਗਰ ਵਿਖੇ ਆਯੋਜਿਤ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਯੋਗਦਾਨ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਸਮਾਨਤਾ, ਭਾਈਚਾਰੇ ਅਤੇ ਮਨੁੱਖਤਾ ਲਈ ਸਮਰਪਿਤ ਕਰ ਦਿੱਤਾ ਅਤੇ ਦੱਬੇ-ਕੁਚਲੇ ਵਰਗ ਦੇ ਉਥਾਨ ਲਈ ਬਹੁਤ ਯਤਨ ਕੀਤੇ।  ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਦਾ ਸਮਾਜਿਕ ਅਤੇ ਰਾਜਨੀਤਿਕ ਸਮਾਨਤਾ ਦਾ ਦ੍ਰਿਸ਼ਟੀਕੋਣ ਅੱਜ ਵੀ ਓਨਾ ਹੀ ਪ੍ਰਸੰਗਕ ਹੈ ਜਿੰਨਾ ਪਹਿਲਾਂ ਸੀ। ਡਾ. ਅੰਬੇਡਕਰ ਨੂੰ ਇੱਕ ਵਿਸ਼ਾਲ ਵਿਸ਼ਵ-ਵਿਆਪੀ ਸ਼ਖ਼ਸੀਅਤ ਦੱਸਦੇ ਹੋਏ, ਸ੍ਰੀ ਲਾਲ ਚੰਦ ਕਟਾਰੂਚੱਕ ਨੇ ਨੌਜਵਾਨਾਂ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਅਤੇ ਇੱਕ ਸਮਾਵੇਸ਼ੀ ਅਤੇ ਨਿਆਂਪੂਰਨ ਸਮਾਜ ਬਣਾਉਣ ਲਈ ਕੰਮ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਡਾ. ਭੀਮ ਰਾਓ ਅੰਬੇਦਕਰ ਸਾਹਿਬ ਦੇ ਪੂਰਨਿਆਂ ਉੱਪਰ ਚੱਲਦੀ ਹੋਈ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਪੰਜਾਬ ਸਰਕਾਰ ਦੀ ਕੈਬਨਿਟ ਵਿੱਚ 6 ਮੰਤਰੀ ਅਨਸੂਚਿਤ ਜਾਤੀਆਂ ਨਾਲ ਸਬੰਧਿਤ ਹਨ। ਉਨ੍ਹਾਂ ਕਿਹਾ ਕਿ  ਸੂਬਾ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੇ ਉਲਟ, ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਫੰਡਾਂ ਦੀ ਸਮੇਂ ਸਿਰ ਵੰਡ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਰਾਜ ਭਰ ਦੇ ਵਿਦਿਆਰਥੀਆਂ ਨੂੰ ਵੱਡਾ ਲਾਭ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 31 ਮਾਰਚ, 2020 ਤੋਂ ਪਹਿਲਾਂ ਐੱਸ.ਸੀ. ਕਾਰਪੋਰੇਸ਼ਨ ਦੁਆਰਾ ਜਾਰੀ ਕੀਤੇ ਗਏ ਕਰਜ਼ੇ ਮੁਆਫ਼ ਕਰ ਦਿੱਤੇ ਹਨ, ਜਿਸ ਨਾਲ ਵਿੱਤੀ ਤੰਗੀ ਕਾਰਨ ਅਦਾਇਗੀ ਕਰਨ ਵਿੱਚ ਅਸਮਰੱਥ ਵਿਅਕਤੀਆਂ ਨੂੰ ਲਾਭ ਪਹੁੰਚਿਆ ਹੈ। ਇਸ ਤੋਂ ਇਲਾਵਾ ਏ.ਜੀ. ਦਫ਼ਤਰ ਵਿੱਚ ਪਹਿਲੀ ਵਾਰ ਅਨਸੂਚਿਤ ਜਾਤੀਆਂ ਅਤੇ ਅਨਸੂਚਿਤ ਜਨ ਜਾਤੀਆਂ ਲਈ ਅਸਾਮੀਆਂ ਦਾ ਰਾਖਵਾਂਕਰਨ ਕੀਤਾ ਗਿਆ ਹੈ।

ਇਸ ਮੌਕੇ ਵਿਧਾਇਕ ਸ. ਗੁਰਦੀਪ ਸਿੰਘ ਰੰਧਾਵਾ, ਚੇਅਰਮੈਨ ਰਮਨ ਬਹਿਲ, ਚੇਅਰਮੈਨ ਜਗਰੂਪ ਸਿੰਘ ਸੇਖਵਾਂ ਅਤੇ ਸ਼ਮਸ਼ੇਰ ਸਿੰਘ ਨੇ ਵੀ ਬਾਬਾ ਸਾਹਿਬ ਨੂੰ ਯੁੱਗ ਪੁਰਸ਼ ਦੱਸਦੇ ਹੋਏ ਆਪਣਾ ਸਤਿਕਾਰ ਭੇਟ ਕੀਤਾ। ਐੱਸ.ਡੀ.ਐੱਮ. ਦੀਨਾਨਗਰ ਜਸਪਿੰਦਰ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਗਿਆ ਜਦਕਿ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਮੁੱਖ ਮਹਿਮਾਨ ਤੇ ਹੋਰ ਮਹਿਮਾਨਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *