ਗੁਰਦਾਸਪੁਰ, 21 ਸਤੰਬਰ (ਸਰਬਜੀਤ ਸਿੰਘ)–ਸੀ.ਪੀ.ਆਈ (ਐਮ ਐਲ) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਦੇ ਮੈਂਬਰ ਸੁਖਦਰਸ਼ਨ ਸਿੰਘ ਨੱਤ ਨੇ ਇੱਕ ਪਰੈਸ ਨੋਟ ਰਾਹੀਂ ਅਕਾਲੀ ਦਲ (ਅੰਮ੍ਰਿਤਸਰ) ਦੇ ਕੁਝ ਆਗੂਆਂ ਵਲੋਂ ਕੱਲ ਇੰਗਲੈਂਡ ਦੀ ਰਾਣੀ ਐਲਿਜਾਬੈੱਥ ਨੂੰ ਸੁਪਰਦੇ – ਖ਼ਾਕ ਕੀਤੇ ਜਾਣ ਮੌਕੇ ਸ਼੍ਰੀ ਆਕਾਲ ਤਖਤ ਉਤੇ ਅਰਦਾਸ ਕੀਤੇ ਜਾਣ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਹੈ ਕਿ ਅਜਿਹਾ ਕਰਕੇ ਇੰਨਾਂ ਲੋਕਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਸਾਡੇ ਆਜ਼ਾਦੀ ਸੰਗਰਾਮ ਦੇ ਹਜਾਰਾਂ ਸ਼ਹੀਦਾਂ, ਦੇਸ਼ਭਗਤਾਂ ਅਤੇ ਜੁਝਾਰੂ ਅਕਾਲੀ ਸੂਰਬੀਰਾਂ ਦੇ ਨਹੀਂ, ਬਲਕਿ ਸਚਮੁੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਰਨਲ ਡਾਇਰ ਨੂੰ ਸਿਰੋਪਾ ਦੇਣ ਵਾਲੇ ਟੋਡੀ ਅਰੂੜ ਸਿੰਘ ਦੇ ਹੀ ਵਾਰਸ ਹਨ।
ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਗਿਆ ਹੈ ਕਿ ਬਰਤਾਨਵੀ ਤਾਜ ਨਾ ਸਿਰਫ 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ਵਿਚ ਸਾਡੇ ਹਜ਼ਾਰਾਂ ਨਿਰਦੋਸ਼ ਪੰਜਾਬੀਆਂ ਦੇ ਕਤਲੇਆਮ ਲਈ ਜ਼ਿੰਮੇਵਾਰ ਹੈ , ਬਲਕਿ ਭਰੋਸੇਯੋਗ ਸੂਤਰਾਂ ਮੁਤਾਬਿਕ ਇੰਗਲੈਂਡ ਦੀ ਹਕੂਮਤ ਨੇ ਜੂਨ 1984 ਦੇ ਸਾਕਾ ਨੀਲਾ ਤਾਰਾ ਵਿਚ ਵੀ ਇੰਦਰਾ ਸਰਕਾਰ ਨੂੰ ਸਲਾਹ ਤੇ ਸਹਿਯੋਗ ਦਿੱਤਾ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ 1997 ਵਿਚ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਅਪਣੇ ਦੌਰੇ ਸਮੇਂ ਇਸ ਮਹਾਰਾਣੀ ਨੇ ਇੰਨਾਂ ਦੋਵੇਂ ਸਾਕਿਆਂ ਬਾਰੇ ਕੋਈ ਦੁੱਖ ਜਾਂ ਅਫਸੋਸ ਪ੍ਰਗਟ ਨਹੀਂ ਕੀਤਾ। ਇਸ ਦੇ ਬਾਵਜੂਦ ਉਸ ਦੀ ਮੌਤ ਉਤੇ ਅਕਾਲ ਤਖ਼ਤ ਸਾਹਿਬ ‘ਤੇ ਅਰਦਾਸ ਕਰਨ ਵਾਲੇ ਮਾਨ ਦਲ ਦੇ ਕੁਝ ਬੇਜ਼ਮੀਰੇ ਲੀਡਰਾਂ ਨੂੰ ਤਾਂ ਕੋਈ ਸ਼ਰਮ ਨਹੀਂ ਆਈ, ਪਰ ਅਕਾਲ ਤਖ਼ਤ ਦੇ ਜਥੇਦਾਰ ਤੇ ਐਸਜੀਪੀਸੀ ਵੀ ਅਜਿਹੀ ਸੁਆਰਥੀ ਅਰਦਾਸ ਕਾਰਨ ਹੋਈ ਇਸ ਪਵਿੱਤਰ ਸਥਾਨ ਦੀ ਬੇਹੁਰਮਤੀ ਲਈ ਬਰਾਬਰ ਦੇ ਦੋਸ਼ੀ ਹਨ।