ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ 9330 ਖਿਡਾਰੀਆਂ ਨੇ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ
ਗੁਰਦਾਸਪੁਰ, 20 ਸਤੰਬਰ (ਸਰਬਜੀਤ ਸਿੰਘ) – ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੂਲਿਤ ਕਰਨ ਦਾ ਅਹਿਮ ਜਰੀਆ ਸਾਬਤ ਹੋ ਰਹੀਆਂ ਹਨ। ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਨੌਜਵਾਨਾਂ ਵਿੱਚ ਵੀ ਖੇਡਾਂ ਵਤਨ ਪੰਜਾਬ ਦੀਆਂ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਜ਼ਿਲ੍ਹਾ ਗੁਰਦਾਸਪੁਰ ਵਿੱਚ ਵੱਖ-ਵੱਖ ਉਮਰ ਵਰਗ ਦੇ 9330 ਨੌਜਵਾਨ ਲੜਕੇ-ਲੜਕੀਆਂ ਨੇ ਇਨ੍ਹਾਂ ਖੇਡਾਂ ਵਿੱਚ ਸ਼ਮੂਲੀਅਤ ਕੀਤੀ ਹੈ।
ਜ਼ਿਲ੍ਹਾ ਖੇਡ ਅਫ਼ਸਰ ਗੁਰਦਾਸਪੁਰ ਸ. ਸੁਖਚੈਨ ਸਿੰਘ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਪਹਿਲਾਂ 1 ਤੋਂ 7 ਸਤੰਬਰ ਤੱਕ ਬਲਾਕ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ ਸਨ ਅਤੇ ਹੁਣ 15 ਸਤੰਬਰ ਤੋਂ 22 ਸਤੰਬਰ ਤੱਕ ਜ਼ਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ 9330 ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਲਈ ਆਪਣਾ ਨਾਮ ਰਜਿਸਟਰਡ ਕੀਤਾ ਸੀ ਅਤੇ ਇਨ੍ਹਾਂ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਭਾਗ ਲਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ਦੇ ਜੇਤੂ ਖਿਡਾਰੀ 10 ਤੋਂ 21 ਅਕਤੂਬਰ ਤੱਕ ਹੋਣ ਵਾਲੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਸੂਬਾ ਪੱਧਰ ਉਤੇ ਜੇਤੂਆਂ ਨੂੰ ਕੁੱਲ 6 ਕਰੋੜ ਰੁਪਏ ਦੇ ਇਨਾਮ ਵੰਡੇ ਜਾਣਗੇ। ਪਹਿਲੇ ਸਥਾਨ ਉਤੇ ਆਉਣ ਵਾਲਿਆਂ ਨੂੰ 10 ਹਜ਼ਾਰ ਰੁਪਏ ਨਗਦ ਇਨਾਮ ਤੇ ਸਰਟੀਫਿਕੇਟ, ਦੂਜੇ ਸਥਾਨ ਉਤੇ ਆਉਣ ਵਾਲਿਆਂ ਨੂੰ 7 ਹਜਾਰ ਰੁਪਏ ਤੇ ਸਰਟੀਫਿਕੇਟ ਅਤੇ ਤੀਜੇ ਸਥਾਨ ਉਤੇ ਆਉਣ ਵਾਲਿਆਂ ਨੂੰ 5 ਹਜਾਰ ਰੁਪਏ ਤੇ ਸਰਟੀਫਿਕੇਟ ਦਿੱਤੇ ਜਾਣਗੇ। ਇਸਤੋਂ ਇਲਾਵਾ ਜੇਤੂ ਖਿਡਾਰੀਆਂ ਨੂੰ ਖੇਡ ਕੋਟੇ ਦਾ ਰਾਖਵਾਂਕਰਨ ਵੀ ਮਿਲੇਗਾ।
ਜ਼ਿਲ੍ਹਾ ਖੇਡ ਅਫ਼ਸਰ ਸੁਖਚੈਨ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਨੌਜਵਾਨ ਖਿਡਾਰੀਆਂ ਦਾ ਉਤਸ਼ਾਹ ਦੇਖਿਆਂ ਹੀ ਬਣਦਾ ਸੀ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੇ ਪੂਰੀ ਮਿਹਤਨ ਤੇ ਖੇਡ ਭਾਵਨਾ ਨਾਲ ਇਨ੍ਹਾਂ ਖੇਡਾਂ ਵਿੱਚ ਹਿੱਸਾ ਲਿਆ ਹੈ ਅਤੇ ਇਨ੍ਹਾਂ ਵਿਚੋਂ ਬਹੁਤ ਸਾਰੇ ਖਿਡਾਰੀਆਂ ਦਾ ਪ੍ਰਦਰਸ਼ਨ ਇਨ੍ਹਾਂ ਵਧੀਆ ਰਿਹਾ ਹੈ ਕਿ ਉਹ ਭਵਿੱਖ ਵਿੱਚ ਅੰਤਰਰਾਸ਼ਟਰੀ ਪੱਧਰ ਤੱਕ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨਗੇ। ਉਨ੍ਹਾਂ ਕਿਹਾ ਕਿ 22 ਸਤੰਬਰ ਨੂੰ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਸਮਾਪਤ ਹੋ ਜਾਣਗੇ।