ਇਨ੍ਹਾਂ ਇਲਾਕਿਆਂ ਵਿੱਚ ਅਗਲੇ 10 ਦਿਨ ਫੀਵਰ ਸਰਵੇ ਕਰਨ ਦੀਆਂ ਹਦਾਇਤਾਂ
ਸਿਹਤ ਵਿਭਾਗ ਨੇ ਲੋਕਾਂ ਨੂੰ ਡੇਂਗੂ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ
ਗੁਰਦਾਸਪੁਰ, 15 ਸਤੰਬਰ ( ਸਰਬਜੀਤ ਸਿੰਘ ) – ਪਿੰਡ ਬੱਬਰੀ, ਹਯਾਤ ਨਗਰ ਵਿਖੇ ਡੇਂਗੂ ਦੇ ਕੇਸ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਐਂਟੀ ਲਾਰਵਾ ਟੀਮ ਵੱਲੋਂ ਇਨ੍ਹਾਂ ਇਲਾਕਿਆਂ ਵਿੱਚ ਪਹੁੰਚ ਕੇ ਹਰ ਘਰ ਵਿੱਚ ਡੇਂਗੂ ਦਾ ਲਾਰਵਾ ਚੈੱਕ ਕਰਨ ਦੇ ਨਾਲ ਘਰਾਂ ਵਿੱਚ ਮੱਛਰ ਮਾਰਨ ਵਾਲੀ ਦਵਾਈ ਦੀ ਸਪਰੇਅ ਕੀਤੀ ਗਈ ਹੈ। ਐਂਟੀ ਲਾਰਵਾ ਟੀਮਾਂ ਨੇ ਮਿਲੇ ਲਾਰਵੇ ਨੂੰ ਨਸ਼ਟ ਵੀ ਕੀਤਾ। ਜ਼ਿਲ੍ਹਾ ਐਪੀਡਿਮਾਲੋਜ਼ਿਸਟ ਡਾ. ਪ੍ਰਭਜੋਤ ਕੌਰ ਕਲਸੀਦੀ ਅਗਵਾਈ ਵਿੱਚ ਸਿਹਤ ਵਿਭਾਗ ਦੀ ਟੀਮ ਨੇ ਇਨ੍ਹਾਂ ਇਲਾਕਿਆਂ ’ਚ ਡੇਂਗੂ ਬੁਖਾਰ ਦੇ ਪੋਜ਼ੇਟਿਵ ਮਰੀਜ਼ਾਂ ਅਤੇ ਹੋਰ ਵਿਅਕਤੀਆਂ ਨੂੰ ਡੇਂਗੂ ਬੁਖਾਰ ਤੋਂ ਬਚਾਓ ਬਾਰੇ ਜਾਗਰੂਕਿਤ ਕੀਤਾ ਗਿਆ।
ਇਸ ਮੌਕੇ ਪੀ.ਐਚ.ਸੀ. ਦੌਰਾਗਲਾ ਦੇ ਸਿਹਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਪਿੰਡ ਬੱਬਰੀ ਤੇ ਹਯਾਤ ਨਗਰ ਵਿਖੇ ਫੀਵਰ ਸਰਵੇ ਕਰਨ ਅਤੇ ਆਉਣ ਵਾਲੇ 10 ਦਿਨ ਤੱਕ ਉੱਥੇ ਮੱਛਰ ਦੀ ਬਰੀਡਿੰਗ ਚੈਕ ਕਰਨ ਤੋਂ ਇਲਾਵਾ ਬਚਾਅ ਸਬੰਧੀ ਗਤੀਵਿਧੀਆਂ ਕਰਨ।
ਡਾ. ਕਲਸੀ ਨੇ ਦੱਸਿਆ ਕਿ ਪਿਛਲੇ ਸਾਲ 2021 ਵਿੱਚ ਜ਼ਿਲ੍ਹਾ ਗੁਰਦਾਸਪੁਰ ਵਿੱਚ 13 ਸਤੰਬਰ ਤੱਕ ਡੇਂਗੂ ਬੁਖਾਰ ਦੇ 16 ਪੋਜ਼ੇਟਿਵ ਕੇਸ ਸਨ ਤੇ ਇਸ ਸਮੇਂ ਸਾਲ ਹੁਣ ਤੱਕ ਡੇਂਗੂ ਬੁਖਾਰ ਦੇ ਪੋਜ਼ੇਟਿਵ ਕੇਸ 12 ਹਨ। ਡੇਂਗੂ ਦੇ ਕੇਸ ਹਰ ਸਾਲ ਮਹੀਨਾ ਸਤੰਬਰ ਵਿੱਚ ਵਧਣੇ ਸ਼ੁਰੂ ਹੁੰਦੇ ਹਨ ਜੋ ਕਿ 15 ਦਸੰਬਰ ਤੱਕ ਰਹਿੰਦੇ ਹਨ। ਇਸ ਲਈ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਹਰ ਸ਼ੁੱਕਰਵਾਰ ਡਰਾਈ ਡੇਅ ਦੇ ਤੌਰ ’ਤੇ ਮਨਾਇਆ ਜਾਵੇ ਅਤੇ ਇਸ ਮੌਕੇ ਆਪਣੇ ਘਰਾਂ ਵਿੱਚ ਪਏ ਕੂਲਰ, ਗਮਲੇ ਤੇ ਹੋਰ ਟੁੱਟੇ ਭੱਜੇ ਬਰਤਨਾਂ ਵਿੱਚ ਪਏ ਮੀਂਹ ਦੇ ਪਾਣੀ, ਫਰਿਜਾਂ ਦੀਆਂ ਵੇਸਟ ਪਾਣੀ ਦੀਆਂ ਟਰੇਆਂ ਵਿੱਚ ਪਏ ਪਾਣੀ ਨੂੰ ਹਰ ਸ਼ੁੱਕਰਵਾਰ ਕੱਢ ਕੇ ਸਾਫ਼ ਕਰਕੇ ਸੁਕਾਇਆ ਜਾਵੇ। ਉਨ੍ਹਾਂ ਕਿਹਾ ਕਿ ਮਲੇਰੀਆ, ਡੇਂਗੂ, ਚਿਕਨਗੁਨੀਆ, ਬੁਖਾਰ ਦੇ ਟੈਸਟ ਤੇ ਇਲਾਜ਼ ਸਿਵਲ਼ ਹਸਪਤਾਲ ਬਟਾਲਾ ਤੇ ਗੁਰਦਾਸਪੁਰ ਵਿਖ਼ੇ ਮੁਫ਼ਤ ਕੀਤੇ ਜਾਂਦੇ ਹਨ।