ਗੁਰਦਾਸਪੁਰ, 28 ਜੁਲਾਈ (ਸਰਬਜੀਤ ਸਿੰਘ)— ਇੱਥੇ ਫ਼ੈਜ਼ਪੁਰਾ ਰੋਡ ਲਿਬਰੇਸ਼ਨ ਦਫ਼ਤਰ ਵਿਖੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਬਾਨੀ ਅਤੇ ਪਾਰਟੀ ਦੇ ਪਹਿਲੇ ਜਨਰਲ ਸਕੱਤਰ ਕਾਮਰੇਡ ਚਾਰੂਮਜੂਮਦਾਰ ਅਤੇ ਪੰਜਾਬ ਦੇ ਨਕਸਲੀ ਸ਼ਹੀਦ ਬਾਬਾ ਬੂਝਾ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਲਿਬਰੇਸ਼ਨ ਦੇ ਆਗੂ ਗੁਲਜ਼ਾਰ ਸਿੰਘ ਭੁੰਬਲੀ, ਸੁਖਦੇਵ ਸਿੰਘ ਭਾਗੋਕਾਵਾਂ, ਅਸ਼ਵਨੀ ਕੁਮਾਰ ਲੱਖਣ ਕਲਾਂ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਨੇ ਜ਼ਮੀਨੀ ਸੁਧਾਰਾਂ ਦੀ ਲੜਾਈ ਸ਼ੁਰੂ ਕੀਤੀ ਸੀ ਜੋ ਅਜੇ ਵੀ ਜਾਰੀ ਹੈ ਜਿਸ ਨੂੰ ਪੂਰਾ ਕਰਨ ਲਈ ਲਿਬਰੇਸ਼ਨ ਲਗਾਤਾਰ ਸੰਘਰਸ਼ ਦੇ ਰਸਤੇ ਤੇ ਹੈ। ਆਗੂਆਂ ਕਿਹਾ ਕਿ ਲਿਬਰੇਸ਼ਨ ਨੇ ਪੰਜਾਬ ਵਿੱਚ ਆਪਣੀ ਰਾਜਸੀ ਸ਼ਕਤੀ ਮਜ਼ਬੂਤ ਕਰਨ ਲਈ ਸਾਰੇ ਪੰਜਾਬ ਵਿੱਚ ਅੰਗਰੇਜੋ ਭਾਰਤ ਛੱਡੋ ਦੇ ਦਿਨ 9 ਅਗਸਤ ਤੋਂ ਰਾਜਨੀਤਕ ਕਾਨਫਰੰਸਾਂ ਕਰਨ ਦਾ ਫੈਸਲਾ ਲਿਆ ਹੈ। ਇਨ੍ਹਾਂ ਕਾਨਫਰੰਸਾਂ ਵਿਚ ਲੋਕਾਂ ਨਾਲ ਵਾਅਦਾ ਕੀਤਾ ਜਾਵੇਗਾ ਕਿ ਜੇਕਰ ਜਨਤਾ ਵਲੋਂ ਸਾਨੂੰ ਸਤਾ ਵਿੱਚ ਹਿੱਸੇਦਾਰ ਬਣਾਇਆ ਜਾਂਦਾ ਹੈ ਤਾਂ ਅਸੀਂ ਹਰ ਪ੍ਰੀਵਾਰ ਲਈ ਰੋਟੀ, ਕਪੜਾ, ਮਕਾਨ ਅਤੇ ਮੁਫ਼ਤ ਵਿਦਿਆ ਅਤੇ ਮੁਫ਼ਤ ਸੇਹਤ ਸਹੂਲਤਾਂ ਨੂੰ ਲਾਗੂ ਕਰਵਾਵਾਂਗੇ।ਹਰ ਇਕ ਦੇ ਰੋਜ਼ਗਾਰ ਨੂੰ ਮੂਲ ਅਧਿਕਾਰਾ ਵਿੱਚ ਸ਼ਾਮਲ ਕੀਤਾ ਜਾਵੇਗਾ, ਮਜ਼ਦੂਰਾਂ ਲਈ 200 ਦਿਨ ਦਾ ਮਨਰੇਗਾ ਰੋਜ਼ਗਾਰ ਅਤੇ ਦਿਹਾੜੀ 700 ਤੱਕ ਕਰਨ ਸਮੇਤ ਮਨਰੇਗਾ ਵਿੱਚ ਫੈਲਿਆ ਭ੍ਰਿਸ਼ਟਾਚਾਰ ਖਤਮ ਕੀਤਾ ਜਾਵੇਗਾ, ਕਿਸਾਨਾਂ ਦੀਆਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਨੂੰ ਕਨੂੰਨੀ ਗਰੰਟੀ ਦਿਵਾਈ ਜਾਵੇਗੀ, ਬੁਢਾਪਾ, ਵਿਧਵਾ ਅਤੇ ਅੰਗਹੀਣ ਪੈਨਸ਼ਨ 5000 ਰੁਪਏ ਕਰਨ ਦਾ ਉਪਰਾਲਾ ਕੀਤਾ ਜਾਵੇਗਾ ਅਤੇ ਪੰਜਾਬ ਦੇ ਰਾਜਨੀਤਕ,ਦਰਿਆਈ ਪਾਣੀਆਂ ਦਾ ਹੱਲ, ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਦੇਣ, ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਲ ਕਰਨ ਵਰਗੇ ਮੁਦਿਆਂ ਨੂੰ ਹੱਲ ਕਰਨ ਯਤਨ ਜੁਟਾਏ ਜਾਣਗੇ। ਸ਼ਹੀਦੀ ਸਮਾਗਮ ਵਿੱਚ ਗੁਰਦੀਪ ਸਿੰਘ ਕਾਮਲਪੁਰਾ, ਦਲਬੀਰ ਭੋਲਾ ਮਲਕਵਾਲ, ਬਲਵਿੰਦਰ ਸਿੰਘ ਸਿੰਘਪੁਰਾ,ਸੋਨੀ ਭਾਮ,ਪਿੰਟਾ ਤਲਵੰਡੀ ਭਰਥ ਅਤੇ ਬਚਨ ਮਸਾਣੀਆਂ ਸ਼ਾਮਲ ਸਨ।


