ਗੁਰਦਾਸਪੁਰ, 27 ਜੂਨ (ਸਰਬਜੀਤ ਸਿੰਘ)–ਅੰਤਰਰਾਸ਼ਟਰੀ ਨਸ਼ਾ-ਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਮੌਕੇ ਕੇਂਦਰੀ ਜੇਲ ਗੁਰਦਾਸਪੁਰ ਵਿਖੇ ਵਿਸ਼ੇਸ ਸਮਾਗਮ ਕਰਵਾਇਆ ਗਿਆ। ਜੇਲ੍ਹ ਸੁਪਰਡੈਂਟ ਨਵਇੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿੱਚ ਹਵਾਲਾਤੀਆਂ ਅਤੇ ਕੈਦੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚੇ ਮਿਸ ਅਰੂਸੀ ਮਹਾਜਨ ਵੱਲੋਂ ਵਿਸ਼ੇਸ਼ ਕਾਊਂਸਲਿੰਗ ਕੀਤੀ ਗਈ। ਜੇਲ੍ਹ ਸੁਪਰਡੈਂਟ ਨਵਇੰਦਰ ਸਿੰਘ ਨੇ ਹਵਾਲਾਤੀਆਂ ਅਤੇ ਕੈਦੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰੀ ਜੇਲ ਵਿੱਚ ਜੋ ਕੈਦੀ ਅਤੇ ਹਵਾਲਾਤੀ ਨਸ਼ਾ ਛੱਡਣ ਲਈ ਦਵਾਈ ਲੈ ਰਹੇ ਹਨ ਉਨ੍ਹਾਂ ਦੀ ਕਾਊਂਸਲਿੰਗ ਵੀ ਕੀਤੀ ਜਾਵੇਗੀ ਤਾਂ ਜੋ ਮਾਨਸਿਕ ਤੌਰਤੇ ਵੀ ਨਸ਼ੇ ਛੱਡਣ ਲਈ ਤਿਆਰ ਹੋ ਸਕਣ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਕੈਦੀਆਂ ਅਤੇ ਹਵਾਲਾਤੀਆਂ ਦੇ ਜੀਵਨ ਦੀ ਚੰਗੀ ਸਿਰਜਨਾ ਸਬੰਧੀ ਕਾਉਂਸਲਿੰਗ, ਪੜ੍ਹਾਈ ਅਤੇ ਸਕਿਲ ਡਿਵੈਲਪਮੈਂਟ ਦੇ ਕੋਰਸ ਕਰਵਾਏ ਜਾ ਰਹੇ ਹਨ ਤਾਂ ਜੋ ਜੇਲ੍ਹ ਤੋਂ ਬਾਹਰ ਜਾ ਕੇ ਇਸ ਵਿਅਕਤੀ ਆਪਣੀ ਨਵੀਂ ਤੇ ਖੁਸ਼ਹਾਲ ਜ਼ਿੰਦਗੀ ਸ਼ੁਰੂ ਕਰ ਸਕਣ।
ਜ਼ਿਲ੍ਹਾ ਗਾਈਡੈਂਸ ਕਾਊਂਸਲਰ ਪਰਮਿੰਦਰ ਸਿੰਘ ਨੇ ਵੀ ਕੈਦੀਆਂ ਅਤੇ ਹਵਾਲਾਤੀਆਂ ਦੀ ਕੌਂਸਲਿੰਗ ਕੀਤੀ। ਇਸ ਮੌਕੇ ਸਾਰੇ ਕੈਦੀਆਂ ਅਤੇ ਹਵਾਲਾਤੀਆਂ ਨੂੰ ਅੱਗੇ ਤੋਂ ਆਉਣ ਵਾਲੇ ਜੀਵਨ ਵਿੱਚ ਸਾਰੇ ਮਾੜੇ ਕੰਮ ਛੱਡ ਕੇ ਚੰਗੇ ਕੰਮ ਕਰਨ ਅਤੇ ਕਦੇ ਵੀ ਨਸ਼ਾ ਨਾ ਕਰਨ ਦਾ ਪ੍ਰਣ ਕੀਤਾ।


