ਗੁਰਦਾਸਪੁਰ, 2 ਫਰਵਰੀ (ਸਰਬਜੀਤ ਸਿੰਘ)– ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮੁਫ਼ਤ ਵਿਦਿਅਕ ਟੂਰ ਕਰਵਾਏ ਜਾ ਰਹੇ ਹਨ। ਰਾਜ ਸਰਕਾਰ ਦੇ ਇਨ੍ਹਾਂ ਆਦੇਸ਼ਾਂ ਤਹਿਤ ਬੀਤੀ ਕੱਲ੍ਹ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਕਿਲ੍ਹਾ ਟੇਕ ਸਿੰਘ ਦੇ ਵਿਦਿਆਰਥੀਆਂ ਦਾ ਜੰਗ-ਏ-ਅਜ਼ਾਦੀ ਯਾਦਗਾਰ, ਕਰਤਾਰਪੁਰ ਵਿਖੇ ਵਿਦਿਅਕ ਟੂਰ ਕਰਵਾਇਆ ਗਿਆ।
ਇਸ ਵਿਦਿਅਕ ਟੂਰ ਦੌਰਾਨ ਵਿਦਿਆਰਥੀਆਂ ਨੇ ਜੰਗ-ਏ-ਅਜ਼ਾਦੀ ਯਾਦਗਾਰ ਵਿਖੇ ਭਾਰਤ ਦੀ ਅਜ਼ਾਦੀ ਸੰਗਰਾਮ ਦੀਆਂ ਪ੍ਰਦਰਸ਼ਿਤ ਕੀਤੀਆਂ ਸਾਰੀਆਂ ਘਟਨਾਵਾਂ ਨੂੰ ਨੇੜੇ ਤੋਂ ਦੇਖਿਆ ਅਤੇ ਸਮਝਿਆ। ਵਿਦਿਆਰਥੀਆਂ ਨੇ ਵੱਖ-ਵੱਖ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਅਤੇ ਉਨ੍ਹਾਂ ਦੇ ਜੀਵਨ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਇਸਦੇ ਨਾਲ ਹੀ ਵਿਦਿਆਰਥੀਆਂ ਨੂੰ ਸੂਬਾ ਪੰਜਾਬ ਦੇ ਇਤਿਹਾਸ ਬਾਰੇ ਵੀ ਜਾਨਣ ਦਾ ਮੌਕਾ ਮਿਲਿਆ।
ਵਿਦਿਅਕ ਟੂਰ ਉੱਪਰ ਗਏ ਵਿਦਿਆਰਥੀਆਂ ਨੇ ਇਸ ਟੂਰ ਦਾ ਖੂਬ ਅਨੰਦ ਮਾਣਿਆ ਅਤੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਹਿਲੀ ਵਾਰ ਜੰਗ-ਏ-ਅਜ਼ਾਦੀ ਯਾਦਗਾਰ ਨੂੰ ਦੇਖਿਆ ਹੈ। ਉਨ੍ਹਾਂ ਕਿਹਾ ਕਿ ਮਲਟੀਮੀਡੀਆ ਤਕਨੀਕਾਂ ਰਾਹੀਂ ਅਜ਼ਾਦੀ ਸੰਗਰਾਮ ਬਾਰੇ ਬਹੁਤ ਵਿਸਥਾਰ ਵਿੱਚ ਦੱਸਿਆ ਗਿਆ ਅਤੇ ਉਨ੍ਹਾਂ ਨੂੰ ਇਥੋਂ ਬਹੁਤ ਕੁਝ ਨਵਾਂ ਜਾਨਣ ਤੇ ਸਿੱਖਣ ਨੂੰ ਮਿਲਿਆ ਹੈ। ਉਨ੍ਹਾਂ ਇਸ ਵਿਦਿਅਕ ਟੂਰ ਲਈ ਆਪਣੇ ਸਕੂਲ ਦੇ ਪ੍ਰਿੰਸੀਪਲ, ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਇਸੇ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਮਮਤਾ ਸੇਠੀ ਖੁਰਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮੁਫ਼ਤ ਵਿਦਿਅਕ ਟੂਰ ਕਰਵਾਏ ਜਾ ਰਹੇ ਹਨ ਜਿਸ ਤਹਿਤ ਵਿਦਿਆਰਥੀਆਂ ਨੂੰ ਵੱਖ-ਵੱਖ ਧਾਰਮਿਕ, ਇਤਿਹਾਸਕ ਅਸਥਾਨਾਂ, ਯਾਦਗਾਰਾਂ, ਮੈਮੋਰੀਅਲ ਆਦਿ ਵਿਖੇ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਅਕ ਟੂਰ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।


