ਪ੍ਰਸ਼ਾਸਨ ਦਾ ਕਾਇਆ ਕਲਪ ਕਰਨ ਲਈ ਨੌਟੰਕੀ ਦੀ ਬਜਾਏ, ਮਾਨ ਸਰਕਾਰ ਵਿਉਂਤਬੱਧ ਢੰਗ ਨਾਲ ਠੋਸ ਕਦਮ ਉਠਾਵੇ
ਗੁਰਦਾਸਪੁਰ , 2 ਅਗਸਤ (ਸਰਬਜੀਤ ਸਿੰਘ)- ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਸੂਬਾਈ ਸਕਤਰ ਸੁਖਦਰਸ਼ਨ ਸਿੰਘ ਨੱਤ ਨੇ ਪਰੈਸ ਨੋਟ ਰਾਹੀ ਗੋਬਿੰਦ ਸਿੰਘ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਦੇ ਵੀ.ਸੀ. ਡਾਕਟਰ ਰਾਜ ਬਹਾਦਰ ਨਾਲ ਸੂਬੇ ਦੇ ਸਿਹਤ ਮੰਤਰੀ ਵਲੋਂ ਬੇਹੂਦਾ ਵਰਤਾਓ ਕਰਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ ਸੁਰਖੀਆਂ ਵਟੋਰਨ ਵਾਲੇ ਸਟੰਟ ਕਰਨ ਦੀ ਬਜਾਏ ਸੂਬੇ ਦੇ ਹਸਪਤਾਲਾਂ , ਵਿਦਿਅਕ ਸੰਸਥਾਵਾਂ ਤੇ ਲੋਕ ਭਲਾਈ ਕਾਰਜਾਂ ਨਾਲ ਸਬੰਧਤ ਹੋਰ ਵਿਭਾਗਾਂ ਦੀ ਹਾਲਤ ਸੁਧਾਰਨ ਲਈ ਕੋਈ ਠੋਸ ਤੇ ਸਮਾਂਬੱਧ ਕਦਮ ਚੁੱਕਣੇ ਚਾਹੀਦੇ ਹਨ।
ਪਾਰਟੀ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਬੇਸ਼ਕ ਹਰ ਖੇਤਰ ਦੀ ਅਫ਼ਸਰਸ਼ਾਹੀ ਦੀ ਬਹੁਗਿਣਤੀ ਵਿਚ ਭ੍ਰਿਸ਼ਟਾਚਾਰ, ਜ਼ਿੰਮੇਵਾਰੀ ਦੀ ਅਣਹੋਂਦ ਅਤੇ ਆਮ ਲੋਕਾਂ ਪ੍ਰਤੀ ਮੁਕੰਮਲ ਬੇਰੁਖੀ ਡੂੰਘੀ ਤਰ੍ਹਾਂ ਘਰ ਕਰ ਚੁੱਕੀ ਹੈ। ਤਦ ਵੀ ਪੂਰੇ ਪ੍ਰਸ਼ਾਸਨ ਦੀ ਨਸ ਨਸ ਵਿਚ ਫੈਲੀ ਇਸ ਘਾਤਕ ਬੀਮਾਰੀ ਦਾ ਇਲਾਜ, ਫਰੀਦਕੋਟ ਵਰਗੇ ਸਸਤੀ ਤੇ ਪਲਟਵਾਰ ਕਰਨ ਵਾਲੀ ਨਾਟਕਬਾਜੀ ਦੀ ਥਾਂ ਗੰਭੀਰ ਯਤਨਾਂ ਦੀ ਮੰਗ ਕਰਦਾ ਹੈ। ਸੂਬਾ ਸਰਕਾਰ ਪਹਿਲਾਂ ਸਟਾਫ, ਸਾਜ਼ੋ – ਸਮਾਨ ਤੇ ਲੋੜੀਦੇ ਵਿੱਤ ਵਰਗੀਆਂ ਬੁਨਿਆਦੀ ਢਾਂਚੇ ਦੀਆਂ ਮੁਢਲੀਆਂ ਜਰੂਰਤਾਂ ਤੇ ਕਮੀਆਂ ਨੂੰ ਪੂਰਾ ਕਰੇ। ਪ੍ਰਬੰਧਕਾਂ ਤੇ ਜਨਤਾ ਦਾ ਪੱਖ ਸੁਣਿਆ ਜਾਵੇ। ਤਦ ਸਰਕਾਰ, ਅਫ਼ਸਰਸ਼ਾਹੀ ਤੋਂ ਇਹ ਮੰਗ ਕਰਨ ਦੀ ਪੂਰੀ ਤਰ੍ਹਾਂ ਹੱਕਦਾਰ ਹੋਵੇਗੀ ਕਿ ਉਹ ਲੋਕਾਂ ਪ੍ਰਤੀ ਬਣਦੀਆਂ ਅਪਣੀਆਂ ਜ਼ਿੰਮੇਵਾਰੀਆਂ ਬਿਨਾਂ ਕਿਸੇ ਛੋਟ ਦੇ ਸੁਚੱਜੇ ਢੰਗ ਨਾਲ ਨਿਭਾਵੇ ।