ਲਿਬਰੇਸ਼ਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨਾਲ ਛੇੜਛਾੜ ਦੀ ਸਖਤ ਸ਼ਬਦਾਂ ਵਿੱਚ ਨਿੰਦਾ-ਨੱਤ

ਪੰਜਾਬ

ਗੁਰਦਾਸਪੁਰ, 27 ਜੁਲਾਈ (ਸਰਬਜੀਤ)- ਸੀਪੀਆਈ (ਐਮ ਐਲ) ਲਿਬਰੇਸਨ ਦੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸਨ ਸਿੰਘ ਨੱਤ ਨੇ ਸਿਆਸੀ ਆਧਾਰ ‘ਤੇ ਸਰਨ ਲੈਣ ਕੇ ਕਨੈਡਾ ਬੈਠੇ ਸੁਰਜੀਤ ਗੱਗ ਨਾਮਕ ਵਿਅਕਤੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਟੋਪੀ ਵਾਲੀ ਤਸਵੀਰ ਸੋਸਲ ਮੀਡੀਆ ਉਤੇ ਪਾਉਣ ਦੀ ਸਖਤ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਇਹ ਇਕ ਅਜਿਹੀ ਗਿਣੀ ਮਿਥੀ ਭੜਕਾਊ ਹਰਕਤ ਹੈ। ਅਜਿਹਾ ਕਰਕੇ ਇਹ ਜਾਅਲੀ ਕਾਮਰੇਡ ਬੰਦਾ, ਸਿੱਖ ਭਾਈਚਾਰੇ ਤੇ ਕਮਿਉਨਿਸਟ ਲਹਿਰ ਦਰਮਿਆਨ ਖਾਹ ਮੁਖਾਹ ਦਾ ਵਿਵਾਦ ਛੇੜ ਕੇ ਸੰਘ-ਬੀਜੇਪੀ ਦੇ ਖਤਰਨਾਕ ਫਾਸੀ ਮਨਸੂਬਿਆਂ ਦੀ ਪੂਰਤੀ ਕਰ ਰਿਹਾ ਹੈ।
ਉਨਾਂ ਕਿਹਾ ਕਿ ਜਾਤ ਪਾਤ, ਉਚ ਨੀਚ, ਬ੍ਰਾਹਮਣੀ ਭਰਮਾਂ ਅਤੇ ਕਰਮਕਾਂਡਾਂ ਦੇ ਦੀ ਦਲਦਲ ਵਿਚ ਫਸੇ ਸਾਡੇ ਸਮਾਜ ਨੂੰ ਗਿਆਨ ਦੇ ਲੜ ਲੱਗਣ, ਕਿਰਤ ਕਰਨ ਅਤੇ ਵੰਡ ਛੱਕਣ ਦੇ ਨਵੇਂ ਮਾਰਗ ’ਤੇ ਪਾਉਣ ਲਈ ਉਮਰ ਭਰ ਚਾਨਣ ਵੰਡਣ ਵਾਲੇ ਮਾਨਵਤਾ ਦੇ ਮਹਾਨ ਰੂਹਾਨੀ ਰਹਿਬਰ ਸ੍ਰੀ ਗੁਰੂ ਨਾਨਕ ਜੀ ਦਾ ਦੁਨੀਆਂ ਭਰ ਦੀ ਜਾਗਰਤ ਲੋਕਾਈ ਵੱਡਾ ਸਤਿਕਾਰ ਕਰਦੀ ਹੈ। ਉਨਾਂ ਦੀ ਕਲਪਿਤ ਤਸਵੀਰ ਨਾਲ ਵੀ ਅਜਿਹੀ ਹੋਛੀ ਛੇੜਛਾੜ ਸਾਡੇ ਸਭਨਾਂ ਲਈ ਬੇਹੱਦ ਦੁੱਖਦਾਈ ਹੈ। ਇਸ ਲਈ ਗੱਗ ਨੂੰ ਇਹ ਤਸਵੀਰ ਡੀਲੀਟ ਕਰਕੇ ਸਮੁੱਚੇ ਭਾਈਚਾਰੇ ਤੋਂ ਤੁਰੰਤ ਮਾਫੀ ਮੰਗ ਲੈਣੀ ਚਾਹੀਦੀ ਹੈ।
ਉਨਾਂ ਕਿਹਾ ਕਿ ਦੇਸ਼ ਦੀ ਇਨਕਲਾਬੀ ਜਮਹੂਰੀ ਲਹਿਰ ਅਤੇ ਸੀਪੀਆਈ (ਐਮ ਐਲ) ਲਿਬਰੇਸਨ ਦੀ ਕੋਸ਼ਿਸ਼ ਹੈ ਕਿ ਮੋਦੀ ਸਰਕਾਰ ਵੱਲੋਂ ਦੇਸ਼ ਦੇ ਸੰਵਿਧਾਨ, ਫੈਡਰਲ ਢਾਂਚੇ, ਧਾਰਮਿਕ ਤੇ ਕੌਮੀ ਘੱਟ ਗਿਣਤੀਆਂ, ਮਜਦੂਰਾਂ, ਕਿਸਾਨਾਂ, ਦਲਿਤਾਂ, ਆਦਿਵਾਸੀਆਂ ਅਤੇ ਪ੍ਰਗਤੀਸੀਲ ਜਮਹੂਰੀ ਸ਼ਕਤੀਆਂ ’ਤੇ ਲਗਾਤਾਰ ਵਧਦੇ ਫਿਰਕੂ ਤੇ ਕਾਰਪੋਰੇਟ ਰਸਤੇ ਹਮਲਿਆਂ ਦੇ ਟਾਕਰੇ ਲਈ ਦੇਸ ਤੇ ਸੂਬੇ ਵਿਚ ਤਮਾਮ ਪੀੜਤ ਤਬਕਿਆਂ ਤੇ ਵਰਗਾਂ ਦਾ ਇਕ ਵਿਸਾਲ ਸਾਂਝਾ ਮੁਹਾਜ ਉਸਾਰਿਆ ਜਾਵੇ। ਪਰ ਇੰਨਾਂ ਯਤਨਾਂ ਨੂੰ ਨਾਕਾਮ ਕਰਨ ਲਈ ਸਿਮਰਨਜੀਤ ਸਿੰਘ ਮਾਨ ਅਤੇ ਗੱਗ ਵਰਗੇ ਵਿਅਕਤੀ ਗਿਣੇ ਮਿਥੇ ਢੰਗ ਨਾਲ ਅਜਿਹੀ ਬਿਆਨਬਾਜੀ ਜਾਂ ਹਰਕਤਾਂ ਕਰਦੇ ਹਨ, ਜਿੰਨਾਂ ਨਾਲ ਮੋਦੀ ਸਰਕਾਰ ਤੇ ਬੀਜੇਪੀ ਖਿਲਾਫ ਇਕਜੁਟ ਹੋਣ ਦੀ ਬਜਾਏ ਜਨਤਾ ਬੇਲੋੜੇ ਆਪਸੀ ਵਿਵਾਦਾਂ ਵਿਚ ਉਲਝੀ ਰਹੇ। ਇਸ ਲਈ ਐਸੇ ਲੋਕਾਂ ਨੂੰ ਪਛਾਣਨਾ ਅਤੇ ਜਨਤਾ ਸਾਹਮਣੇ ਨੰਗਾ ਕਰਨਾ ਬਹੁਤ ਜਰੂਰੀ ਹੈ।

Leave a Reply

Your email address will not be published. Required fields are marked *