ਬਰਨਾਲਾ, ਗੁਰਦਾਸਪੁਰ, 27 ਅਗਸਤ (ਸਰਬਜੀਤ ਸਿੰਘ)– ਪੰਜਾਬ ਦੀ ਇਨਕਲਾਬੀ ਲਹਿਰ ਵਿੱਚ ਜਾਣੀ ਪਹਿਚਾਣੀ ਇਮਾਨਦਾਰ ਅਤੇ ਬੇਦਾਗ਼ ਸ਼ਖਸੀਅਤ ਮਾਸਟਰ ਬਾਰੂ ਸਤਵਰਗ ਸਮੁੱਚੀ ਖੱਬੇ ਪੱਖੀ ਅਤੇ ਇਨਕਲਾਬੀ ਲਹਿਰ ਦੇ ਕਾਫ਼ਲੇ ਤੋਂ ਸਦਾ ਲਈ ਵਿੱਛੜ ਗਏ ਹਨ। ਸੀ ਪੀ ਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਕੁੱਲ ਹਿੰਦ ਕ੍ਰਾਂਤੀਕਾਰੀ ਸੱਭਿਆਚਾਰ ਮੰਚ (ਕਸਮ) ਦੇ ਜਨਰਲ ਸਕੱਤਰ ਕਾਮਰੇਡ ਤੁਹਿਨ ਦੇਵ ਆਦਿ ਆਗੂਆਂ ਨੇ ਕਾਮਰੇਡ ਸਤਵਰਗ ਦੇ ਅਸਹਿ ਵਿਛੋੜੇ ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਉਹ ਬਾਰੂ ਸਤਵਰਗ ਦੇ ਪ੍ਰੀਵਾਰ ਦੇ ਦੁੱਖ ਵਿੱਚ ਸ਼ਰੀਕ ਹਨ। ਆਗੂਆਂ ਨੇ ਕਿਹਾ ਕਿ ਮਾਸਟਰ ਬਾਰੂ ਸਤਵਰਗ ਅਧਿਆਪਨ ਕਿੱਤੇ ਸਮੇਂ ਹੀ ਇਨਕਲਾਬੀ ਲਹਿਰ ਨਾਲ ਜੁੜ ਗਏ ਸਨ, ਜਿਸਨੇ ਅਧਿਆਪਕ ਲਹਿਰ ਦੇ ਨਾਲ ਨਾਲ, ਸੱਭਿਆਚਾਰ ਖੇਤਰ ਵਿੱਚ ਵੀ ਗਿਣਨਯੋਗ ਕ੍ਰਾਂਤੀਕਾਰੀ ਭੂਮਿਕਾ ਨਿਭਾਈ ਹੈ ਅਤੇ ਉਹਨਾਂ ਨੇ ਨਕਸਲਬਾੜੀ ਲਹਿਰ ਤੋਂ ਪ੍ਰਭਾਵਿਤ ਹੋ ਕੇ ਕਰੀਬ ਅੱਧੀ ਦਰਜ਼ਨ ਨਾਵਲ ਇਨਕਲਾਬੀ ਲਹਿਰ ਦੀ ਝੋਲ੍ਹੀ ਪਾਏ ਹਨ ਅਤੇ ਕਈ ਮੈਗ਼ਜ਼ੀਨਾਂ ਦੀ ਸੰਪਾਦਨਾ ਵੀ ਕੀਤੀ ਹੈ। ਮਾਸਟਰ ਬਾਰੂ ਸਤਵਰਗ ਆਪਣੀ ਜ਼ਿੰਦਗੀ ਦੇ ਕਰੀਬ ਪੰਜ ਦਹਾਕੇ ਇਨਕਲਾਬੀ ਲੋਕ ਘੋਲਾਂ ਦੇ ਲੇਖੇ ਲਾਉਣ ਵਾਲੇ ਜੁਝਾਰੂ ਸਾਥੀਆਂ ਵਿੱਚੋਂ ਇੱਕ ਸਨ। ਅੱਜ ਉਹਨਾਂ ਦਾ ਜਿਸਮਾਨੀ ਤੌਰ ‘ਤੇ ਚਲੇ ਜਾਣਾ ਸਮੁੱਚੀ ਇਨਕਲਾਬੀ ਲਹਿਰ ਨੂੰ ਨਾਂ ਪੂਰਿਆ ਜਾ ਸਕਣ ਵਾਲਾ ਘਾਟਾ ਪੈ ਗਿਆ ਹੈ। ਕਾਮਰੇਡ ਬਾਰੂ ਸਤਵਰਗ ਸਦੀਆਂ ਤੋਂ ਆਰਥਿਕ ਅਤੇ ਸਮਾਜਿਕ ਤੌਰ ‘ਤੇ ਦੱਬੀ ਕੁਚਲੀ ਮਜ਼ਦੂਰ ਜਮਾਤ ਦੀ ਮੁਕਤੀ ਲਈ ਮੂਹਰੇ ਹੋਕੇ ਲੜਦੇ ਰਹੇ ਹਨ। ਕਿਉਂ ਕਿ ਉਹ ਇਸ ਜਮਾਤ ਦੀਆਂ ਦੁਸ਼ਵਾਰੀਆਂ ਨੂੰ ਖੁਦ ਆਪਣੇ ਪਿੰਡੇ ਤੇ ਹੰਢਾਉਂਦੇ ਆਏ ਹਨ। ਉਹ ਭਾਵੇਂ ਜਿਸਮਾਨੀ ਤੌਰ ‘ਤੇ ਨਹੀਂ ਰਹੇ ਪਰ ਉਹਨਾਂ ਦੀ ਨਿੱਗਰ ਸੋਚ ਅਤੇ ਕਲਮ ਨਾਲ ਉਕਰੇ ਸ਼ਬਦ ਹਮੇਸ਼ਾ ਰਾਹ ਦਰਸਾਉਂਦੇ ਰਹਿਣਗੇ।