ਬਰਨਾਲਾ, ਗੁਰਦਾਸਪੁਰ, 22 ਜੁਲਾਈ (ਸਰਬਜੀਤ ਸਿੰਘ)--ਸੀ ਪੀ ਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਨੀਪੁਰ ਅੰਦਰ ਫਿਰਕੂ ਅਤੇ ਜਾਤੀ ਹਿੰਸਕ ਘਟਨਾਵਾਂ ਵਿੱਚ ਹਰ ਰੋਜ਼ ਵਾਧਾ ਹੋ ਰਿਹਾ ਹੈ। ਜੋ ਮਈ ਮਹੀਨੇ ਤੋਂ ਸ਼ੁਰੂ ਹੋਕੇ ਅਜੇ ਤੱਕ ਵੀ ਜਾਰੀ ਹੈ, ਇਹ ਭਾਜਪਾ ਕੁਸ਼ਾਸ਼ਨ ਦੇ ਕਾਰਪੋਰੇਟ ਹਿੰਦੂਤਵ ਫਾਸ਼ੀਵਾਦ ਦਾ ਅਟੁੱਟ ਅੰਗ ਹੈ। ਭਾਜਪਾ ਵੱਲੋਂ ਸੂਬੇ ਵਿੱਚ ਵੋਟ ਬੈਂਕ ਨੂੰ ਪੱਕਾ ਕਰਨ ਲਈ ਬਹੁਗਿਣਤੀ ਵਰਗ ਨੂੰ ਘੱਟਗਿਣਤੀਆਂ ਦੇ ਖ਼ਿਲਾਫ਼ ਖੜ੍ਹਾ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀਂ ਦੋ ਆਦਿਵਾਸੀ ਦਲਿਤ ਔਰਤਾਂ ਨੂੰ ਨਿਰਵਸਤਰ ਕਰਕੇ ਸੜਕਾਂ ਤੇ ਘੁਮਾਇਆ ਗਿਆ, ਜਿਸਨੇ ਪੂਰੇ ਦੇਸ਼ ਨੂੰ ਸ਼ਰਮਸ਼ਾਰ ਕਰਨ ਦਿੱਤਾ ਹੈ। ਅਸਲ ਵਿੱਚ ਇਹ ਭਾਜਪਾ ਦੀ 'ਫੁੱਟ ਪਾਓ - ਰਾਜ ਕਰੋ' ਦੀ ਨੀਤੀ ਦਾ ਹੀ ਸਿੱਟਾ ਹੈ। ਕੇਂਦਰ ਸਰਕਾਰ ਅਤੇ ਮੋਦੀ ਨੇ ਇਹਨਾਂ ਘਟਨਾਵਾਂ ਉੱਪਰ ਚੁੱਪ ਧਾਰੀ ਹੋਈ ਹੈ। ਹੁਣ ਤੱਕ ਵੱਖ ਵੱਖ ਹਿੰਸਕ ਘਟਨਾਵਾਂ ਵਿੱਚ 130 ਤੋਂ ਵੱਧ ਲੋਕਾਂ ਦੀ ਹੱਤਿਆ ਹੋ ਚੁੱਕੀ ਹੈ, 1700 ਘਰ ਸਾੜੇ ਜਾ ਚੁੱਕੇ ਹਨ, ਤੀਹ ਹਜ਼ਾਰ ਤੋਂ ਵੱਧ ਲੋਕ ਆਪਣੇ ਘਰ ਛੱਡ ਕੇ ਜਾ ਚੁੱਕੇ ਹਨ, ਸੈਂਕੜੇ ਵਾਹਨ ਅੱਗ ਦੀ ਲਪੇਟ ਵਿੱਚ ਆ ਗਏ ਅਤੇ ਕਰੋੜਾਂ ਰੁਪਏ ਦੀ ਸੰਪਤੀ ਨਸ਼ਟ ਹੋ ਗਈ ਹੈ। ਜਿਹੜੇ ਲੋਕ ਆਰ ਐਸ ਐਸ ਦੀਆਂ ਨੀਤੀਆਂ ਨਾਲ ਅਸਹਿਮਤੀ ਜਤਾ ਰਹੇ ਹਨ ਜਾਂ ਅਲੋਚਨਾ ਕਰਦੇ ਹਨ, ਉਹਨਾਂ ਉੱਪਰ ਦੇਸ਼ ਧ੍ਰੋਹ ਦੇ ਝੂਠੇ ਕੇਸ ਦਰਜ਼ ਕੀਤੇ ਜਾ ਰਹੇ ਹਨ।
ਭਾਜਪਾ ਫਾਸ਼ੀਵਾਦੀ ਸ਼ਾਸ਼ਨ ਦੇ ਤਹਿਤ ਸਥਿਤੀ ਅਜਿਹੀ ਬਣੀ ਹੋਈ ਹੈ, ਕਿ ਫਾਸ਼ੀਵਾਦੀ ਗੱਠਜੋੜ ਦਾ ਹਿੱਸਾ ਰਹੇ ਕਿਸੇ ਵੀ ਵਿਅਕਤੀ ਦੀ ਸਕਾਇਤ ਤੇ ਕਿਸੇ ਵੀ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਜਾ ਸਕਦਾ ਹੈ।
ਪਿਛਲੇ ਦਿਨੀਂ ਐਨ ਐਫ਼ ਆਈ ਡਬਲਿਊ ਨਾਲ ਸਬੰਧਤ ਮਹਿਲਾ ਕਾਰਕੂਨਾਂ ਦੀ ਟੀਮ ਵੱਲੋਂ ਮਨੀਪੁਰ ਵਿੱਚ ਹੋਈਆਂ ਵੱਖ ਵੱਖ ਹਿੰਸਕ ਘਟਨਾਵਾਂ ਦੀ ਤੱਥਾਂ ਸਹਿਤ ਪੜਤਾਲ ਕੀਤੀ ਗਈ ਸੀ, ਪਰ ਸੰਘੀ ਮਨੂਵਾਦੀ ਤਾਕਤਾਂ ਵੱਲੋਂ ਉਨ੍ਹਾਂ ਦੇ ਖ਼ਿਲਾਫ਼ ਹਿੰਸਾ ਭੜਕਾਉਣ ਦੇ ਝੂਠੇ ਦੋਸ਼ ਲਾਕੇ ਪਰਚਾ ਦਰਜ਼ ਕਰ ਦਿੱਤਾ ਗਿਆ ਹੈ। ਸੀ ਪੀ ਆਈ (ਐਮ ਐਲ) ਰੈੱਡ ਸਟਾਰ ਇਸਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਿਆ ਕਰਦੀ ਹੈ। ਮੋਦੀ ਰਾਜ ਵਿੱਚ ਜਮਹੂਰੀ ਹੱਕਾਂ ਦਾ ਘਾਣ ਹੋ ਰਿਹਾ ਹੈ। ਪਾਰਟੀ ਦਾ ਮੰਨਣਾ ਹੈ ਕਿ ਫਾਸ਼ਿਸ਼ਟ ਮੰਨੂਵਾਦੀ ਤਾਕਤਾਂ ਵੱਲੋਂ ਮਨੀਪੁਰ ਵਿੱਚ ਹਿੰਸਾ ਅਤੇ ਨਫ਼ਰਤ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਆਗੂ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਪਾਰਟੀ ਆਮ ਜਨਤਾ ਨੂੰ ਸੱਦਾ ਦੇ ਰਹੀ ਹੈ, ਫਾਸ਼ੀਵਾਦੀ ਦੰਗਿਆਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾਵੇ। ਆਗੂ ਨੇ ਇਹ ਵੀ ਕਿਹਾ ਕਿ ਮਨੀਪੁਰ ਜਾਤੀ ਦੰਗਿਆਂ ਦੇ ਪਿੱਛੇ ਬਹੁਗਿਣਤੀ ਫਾਸ਼ੀਵਾਦੀ ਏਜੰਡੇ ਨੂੰ ਲਾਗੂ ਕਰਨ ਲਈ ਭਾਜਪਾ-ਆਰ ਐਸ ਐਸ ਵੱਲੋਂ 2024 ਦੀਆਂ ਆਮ ਚੋਣਾ ਜਿੱਤਣ ਲਈ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ । ਜੇਕਰ ਭਾਜਪਾ ਦੁਬਾਰਾ ਸੱਤਾ ਵਿੱਚ ਆਉਂਦੀ ਹੈ ਤਾਂ ਦੇਸ਼ ਨੂੰ ਫ਼ਿਰਕੂ ਲੀਹਾਂ ਤੇ ਵੰਡ ਦਿੱਤਾ ਜਾਵੇਗਾ।