ਗੁਰਦਾਸਪੁਰ, 22 ਫਰਵਰੀ ( ਸਰਬਜੀਤ ਸਿੰਘ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਦਾਰ ਬੇਅੰਤ ਸਿੰਘ ਯੂਨੀਵਰਸਿਟੀ, ਗੁਰਦਾਸਪੁਰ ਵਿਖੇ ਰੈੱਡ ਰਿਬਨ ਕਲੱਬਾਂ ਦੇ ਸਹਿਯੋਗ ਨਾਲ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀ ਰਵੀ ਪਾਲ, ਬਾਲ ਭਲਾਈ ਕਮੇਟੀ ਤੋਂ ਸੁਨੀਲ ਜ਼ੋਸ਼ੀ ਅਤੇ ਮੈਡਮ ਸੁਖਵਿੰਦਰ ਕੋਰ ਸ਼ਾਮਲ ਹੋਏ।
ਸਹਾਇਕ ਡਾਇਰੈਕਟਰ ਸ੍ਰੀ ਰਵੀ ਪਾਲ ਨੇ ਸੈਮੀਨਾਰ ਦੌਰਾਨ ਬਾਲ ਸੰਭਾਲ ਦੇ ਵਿਸ਼ੇ ’ਤੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਬਚਪਨ ਮਨੁੱਖੀ ਜੀਵਨ ਦਾ ਸੁਨਿਹਰੀ ਦੌਰ ਹੁੰਦਾ ਹੈ ਅਤੇ ਬੱਚਿਆਂ ਦੀ ਸੰਭਾਲ ਅਤੇ ਉਨ੍ਹਾਂ ਦੀ ਸਖਸ਼ੀਅਤ ਦਾ ਨਿਰਮਾਣ ਕਰਨਾ ਸਾਡਾ ਵੱਡਿਆਂ ਦਾ ਫਰਜ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਚੰਗੀਆਂ ਆਦਤਾਂ ਅਤੇ ਕਦਰਾਂ ਕੀਮਤਾਂ ਸਿਖਾਉਣੀਆਂ ਚਾਹੀਦੀਆਂ ਹਨ ਤਾਂ ਜੋ ਬੱਚੇ ਵੱਡੇ ਹੋ ਕੇ ਸਮਾਜ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ।
ਇਸ ਮੌਕੇ ਬਾਲ ਵਿਕਾਸ ਵਿਭਾਗ ਤੋਂ ਸੁਨੀਲ ਜੋਸ਼ੀ ਨੇ ਬੜੀ ਬਰੀਕੀ ਨਾਲ ਵਿਦਿਆਰਥੀਆਂ ਨੂੰ ਬਾਲ-ਵਿਆਹ, ਬਾਲ ਮਜਦੂਰੀ ਅਤੇ ਬਾਲ ਘਰ ਦੇ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਸਰਦਾਰ ਬੇਅੰਤ ਸਿੰਘ ਯੁਨੀਵਰਸਿਟੀ ਦੇ ਇੰਜੀਨਿਅਰਿੰਗ ਅਤੇ ਟੈਕਨੌਲੈਜੀ ਵਿਭਾਗ ਤੋ ਪ੍ਰੋ. ਤਰੁਣ ਮਹਾਜਨ ਨੇ ਅੰਤ ਵਿੱਚ ਸਭ ਦਾ ਧੰਨਵਾਦ ਕੀਤਾ।