ਸਤਹੀ ਕਿਸਮ ਦੇ ਉਪਾਅ ਪੰਜਾਬ ਨੂੰ “ਰੰਗਲਾ” ਨਹੀਂ ਬਣਾਉਣਗੇ, ਸਗੋਂ ਗੰਧਲਾ ਬਣਾਉਣਗੇ – ਬਾਜਵਾ

ਪੰਜਾਬ

ਟੈਕਸ ਦਾਤਾਵਾਂ ਦੇ ਕਰੋੜਾਂ ਰੁਪਏ ਦੇ ਗੁੰਮਰਾਹਕੁੰਨ ਇਸ਼ਤਿਹਾਰ ਪੰਜਾਬ ਨੂੰ ‘ਗੰਧਲਾ’ ਬਣਾ ਦੇਣਗੇ।

ਗੁਰਦਾਸਪੁਰ, 28 ਜਨਵਰੀ (ਸਰਬਜੀਤ ਸਿੰਘ)—ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਭਗਵੰਤ ਮਾਨ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਪੰਜਾਬ ਨੂੰ ਰੰਗਲਾ (ਖੁਸ਼ਹਾਲ) ਬਣਾਉਣ ਲਈ ਸਤਹੀ ਕਿਸਮ ਦੇ ਉਪਾਅ ਕਾਫੀ ਨਹੀਂ ਹਨ। ਅਸਲ ਵਿੱਚ ਸਰਕਾਰੀ ਡਿਸਪੈਂਸਰੀਆਂ ਦੇ ਨਾਲ-ਨਾਲ ਡਾਕਟਰਾਂ, ਸਾਜ਼ੋ-ਸਾਮਾਨ ਅਤੇ ਦਵਾਈਆਂ ਤੋਂ ਸੱਖਣੇ ਹਸਪਤਾਲਾਂ ਦੀ ਬਾਹਰੀ ਦਿੱਖ ਨੂੰ ਬਦਲਣ ਦੇ ਅਜਿਹੇ ਫਾਲਤੂ ਕਦਮ ਪੰਜਾਬ ਨੂੰ ਰੰਗਲੇ ਦੀ ਬਜਾਏ ਗੰਧਲਾ ਬਣਾ ਦੇਣਗੇ।
ਬਾਜਵਾ ਨੇ ਮੀਡੀਆ ਦੀਆਂ ਵੱਖ-ਵੱਖ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸੂਬੇ ਵਿਚ ਇਹ ਸਭ ਜਾਣਿਆ-ਪਛਾਣਿਆ ਤੱਥ ਹੈ ਕਿ ਪੇਂਡੂ ਖੇਤਰਾਂ ਵਿਚ ਸਰਕਾਰੀ ਡਿਸਪੈਂਸਰੀਆਂ ਅਤੇ ਸਿਵਲ ਹਸਪਤਾਲ ਪੂਰੀ ਤਰ੍ਹਾਂ ਅਣਗਹਿਲੀ ਦੀ ਤਸਵੀਰ ਹਨ। ਲੋਕ ਲਗਾਤਾਰ ਇਨ੍ਹਾਂ ਨੂੰ ਮੈਡੀਕਲ ਸਹੂਲਤਾਂ ਰਾਹੀੰ ਅਪਗ੍ਰੇਡ ਕਰਨ ਦੀ ਮੰਗ ਕਰਦੇ ਆ ਰਹੇ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ (ਆਪ) ਸਰਕਾਰ ਹਸਪਤਾਲਾਂ ਤੇ ਮੁੱਢਲੇ ਸਿਹਤ ਕੇੰਦਰਾੰ ਚ ਕਮੀਆਂ ਵਿੱਚ ਸੁਧਾਰ ਕਰਨ ਅਤੇ ਨਿਵੇਸ਼ ਕਰਨ ਦੀ ਬਜਾਏ ਇਨ੍ਹਾਂ ਅਖੌਤੀ ਮੁਹੱਲਾ ਕਲੀਨਿਕਾਂ ਨੂੰ ਸਜਾਉਣ ਲਈ ਸਰਕਾਰੀ ਖਜ਼ਾਨੇ ਦੇ ਕਰੋੜਾਂ ਰੁਪਏ ਖਰਚ ਕਰ ਰਹੀ ਹੈ ਤਾਂਕਿ ਇਹ ਬਾਹਰੋਂ ਵਧੀਆ ਦਿਖਾਈ ਦੇਣ। ਅਸਲ ਵਿੱਚ ਭਗਵੰਤ ਮਾਨ ਸਰਕਾਰ ਨੂੰ ਇਸ ਦੀ ਬਜਾਏ ਪਹਿਲਾਂ ਇਨ੍ਹਾਂ ਸੰਸਥਾਵਾਂ ਵਿੱਚ ਪਿਛਲੇ ਸਾਲਾਂ ਦੌਰਾਨ ਪਈ ਗੰਦਗੀ ਨੂੰ ਸਾਫ਼ ਕਰਨਾ ਚਾਹੀਦਾ ਸੀ।
ਬਾਜਵਾ ਨੇ ਕਿਹਾ ਕਿ ‘ਆਪ’ ਸਰਕਾਰ ਦੀ ਇਹ ਕੋਸ਼ਿਸ਼ ਪਿਛਲੇ 10 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਸੂਬੇ ‘ਚ ਵਿਗੜ ਰਹੀਆਂ ਸਿਹਤ ਸੇਵਾਵਾਂ ਨੂੰ ਸੁਧਾਰਨ ਲਈ ਕੁਝ ਠੋਸ ਕਰਨ ਦੀ ਬਜਾਏ ਸਿਰਫ਼ ਸਿਆਸੀ ਸ਼ੋਹਰਤ ਅਤੇ ਲਾਭ ਹਾਸਲ ਕਰਨ ਦੀ ਚਾਲ ਜਾਪਦੀ ਹੈ।
ਬਾਜਵਾ ਨੇ ਅੱਗੇ ਕਿਹਾ ਕਿ ‘ਆਪ’ ਸਰਕਾਰ ਕਰੋੜਾਂ ਰੁਪਏ ਦੇ ਗੁੰਮਰਾਹਕੁੰਨ ਇਸ਼ਤਿਹਾਰਾਂ ਦੀ ਭਰਮਾਰ ਨਾਲ ਮੀਡੀਆ ‘ਚ ਝੂਠਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਬਾਜਵਾ ਨੇ ਕਿਹਾ, “ਇਸੇ ਲਈ ਜਦੋਂ ਸਾਬਕਾ ਸਿਹਤ ਸਕੱਤਰ ਸ਼ਰਮਾ ਕਰੋੜਾਂ ਦੇ ਇਸ਼ਤਿਹਾਰ ਜਾਰੀ ਕਰਨ ਲਈ ਸਹਿਮਤ ਨਹੀਂ ਹੋਏ ਸਨ ਅਤੇ ਜੋ ਦੇਸ਼ ਭਰ ਵਿੱਚ ਪ੍ਰਦਰਸ਼ਿਤ ਕੀਤੇ ਜਾਣੇ ਸਨ, ਉਸਨੂੰ ਰਾਤੋ-ਰਾਤ ਵਿਭਾਗ ਤੋਂ ਬਾਹਰ ਕਰ ਦਿੱਤਾ ਗਿਆ ਸੀ।
ਬਾਜਵਾ ਨੇ ਕਿਹਾ ਕਿ ਇਸੇ ਤਰ੍ਹਾਂ ਸਕੂਲੀ ਸਿੱਖਿਆ ਦੇ ਮਾਮਲੇ ‘ਚ ‘ਆਪ’ ਸਰਕਾਰ ਪੰਜਾਬ ‘ਚ ਬੁਰੀ ਤਰ੍ਹਾਂ ਫੇਲ ਹੋਈ ਹੈ। ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਪ੍ਰਾਇਮਰੀ, ਹਾਈ ਅਤੇ ਸੈਕੰਡਰੀ ਸਿੱਖਿਆ ਵਾਲੇ ਸਕੂਲ ਪਹਿਲਾਂ ਹੀ ਕੇਂਦਰੀ ਉਚੇਰੀ ਸਿੱਖਿਆ ਮੰਤਰਾਲੇ ਵੱਲੋਂ ਕਰਵਾਏ ਗਏ ਵੱਖ-ਵੱਖ ਸਰਵੇਖਣਾਂ ਵਿੱਚ ਸਰਵੋਤਮ ਐਲਾਨੇ ਜਾ ਚੁੱਕੇ ਹਨ, ਜਿਸ ਤੱਥ ਨੂੰ ‘ਆਪ’ ਸਰਕਾਰ ਕਦੇ ਵੀ ਪ੍ਰਸ਼ੰਸਾ, ਹਜ਼ਮ ਜਾਂ ਬਰਦਾਸ਼ਤ ਨਹੀਂ ਕਰ ਸਕੀ।

Leave a Reply

Your email address will not be published. Required fields are marked *