ਝੋਨੇ ਦੀ ਫ਼ਸਲ ਵਿਚ ਵਧੇਰੇ ਯੂਰੀਆ ਦੀ ਵਰਤੋਂ ਨੁਕਸਾਨਦਾਇਕ : ਮੁੱਖ ਖੇਤੀਬਾੜੀ ਅਫ਼ਸਰ

ਗੁਰਦਾਸਪੁਰ


ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਝੋਨੇ ਦੀ ਲਵਾਈ ਦਾ ਲਿਆ ਜਾਇਜ਼ਾ

ਧਾਰੀਵਾਲ/ਗੁਰਦਾਸਪੁਰ, 8 ਜੁਲਾਈ (ਸਰਬਜੀਤ ਸਿੰਘ) – ਸਾਉਣੀ ਦੀਆਂ ਫਸਲਾਂ ਖਾਸ ਕਰਕੇ ਝੋਨੇ ਦੀ ਲਵਾਈ ਦਾ ਕੰਮ ਅਗਲੇ ਕੁਝ ਦਿਨਾਂ ਤੱਕ ਮੁਕੰਮਲ ਹੋ ਜਾਵੇਗਾ।ਇਸ ਦੇ ਨਾਲ  ਹੀ ਯੂਰੀਆ ਅਤੇ ਹੋਰ ਖਾਦਾਂ ਦੀ ਵਰਤੋਂ ਕਿਸਾਨਾਂ ਵਲੋਂ ਕੀਤੀ ਜਾ ਰਹੀ ਹੈ ਜਿਸ ਕਾਰਨ ਯੂਰੀਆ ਖਾਦ ਦੀ ਮੰਗ ਵੀ ਵਧ ਗਈ ਹੈ।

ਝੋਨੇ ਦੀ ਫ਼ਸਲ ਵਿਚ ਯੂਰੀਆ ਖਾਦ ਦੀ ਵਰਤੋਂ ਬਾਰੇ ਪਿੰਡ ਛੋਟੇਪੁਰ ਦੇ ਕਿਸਾਨ ਬਲਬੀਰ ਸਿੰਘ ਦੇ ਖੇਤਾਂ ਵਿਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਝੋਨੇ ਦੀ ਫ਼ਸਲ ਵਿਚ ਯੂਰੀਆ ਖਾਦ ਦੀ ਵਰਤੋਂ ਜ਼ਰੂਰਤ ਅਨੁਸਾਰ ਹੀ ਕਰਨੀ ਚਾਹੀਦੀ ਹੈ ਤਾਂ ਜੋ ਫ਼ਸਲ ਨੂੰ ਕੀੜੇ, ਮਕੌੜਿਆਂ ਅਤੇ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦਸਿਆ ਕਿ ਮਿੱਟੀ ਅਤੇ ਪਾਣੀ ਦੇ ਪ੍ਰਦੂਸ਼ਣ ਨੁੰ ਘਟਾਉਣ ਲਈ ਯੂਰੀਆ ਦੀ ਵਰਤੋਂ ਸਿਫਾਰਸ਼ ਕੀਤੀ ਮਾਤਰਾ ਅਨੁਸਾਰ ਹੀ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ  ਯੂਰੀਆ ਖਾਦ ਵਿਚੋਂ ਫ਼ਸਲ ਨੂੰ ਸਿਰਫ ਨਾਈਟ੍ਰੋਜਨ ਖੁਰਾਕੀ ਤੱਤ ਹੀ ਮਿਲਦਾ ਹੈ ਜੋ ਪੌਦਿਆਂ ਦੇ ਵਾਧੇ ਅਤੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਨਾਈਟ੍ਰੋਜਨ ਖੁਰਾਕੀ ਤੱਤ ਕਲੋਰੋਫਿਲ ਦਾ ਇੱਕ ਮੁੱਖ ਹਿੱਸਾ ਹੈ, ਜੋ ਪ੍ਰਕਾਸ਼ ਸੰਸ਼ਲੇਸ਼ਣ ਪ੍ਰੀਕਿਰਿਆ ਨੂੰ ਸਮਰੱਥ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਯੂਰੀਆ ਖਾਦ ਅਮੀਨੋ ਐਸਿਡ, ਪ੍ਰੋਟੀਨ, ਨਿਊਕਲੀਕ ਐਸਿਡ (ਡੀਐਨਏ ਅਤੇ ਆਰਐਨਏ), ਅਤੇ ਐਨਜ਼ਾਈਮਾਂ ਦੇ ਉਤਪਾਦਨ ਲਈ ਜ਼ਰੂਰੀ ਹੈ।

ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਯੂਰੀਆ ਦੀ ਸਿਫਾਰਸ਼ਾਂ ਤੋਂ ਵਧੇਰੇ ਵਰਤੋਂ ਵੀ ਝੋਨੇ ਦੀ ਫ਼ਸਲ ਲਈ ਨੁਕਸਾਨਦਾਇਕ ਹੋ ਸਕਦੀ ਹੈ। ਬਹੁਤ ਜਿਆਦਾ ਨਾਈਟ੍ਰੋਜਨ  (ਯੂਰੀਆ) ਦੀ ਵਰਤੋਂ ਨਾਲ ਫ਼ਸਲ ਦਾ ਬਨਸਪਤੀ ਵਿਕਾਸ ਬਹੁਤ ਜਿਆਦਾ ਹੋ ਜਾਂਦਾ ਹੈ, ਤਣੇ ਅਤੇ ਪੱਤੇ ਕਮਜ਼ੋਰ ਹੋ ਜਾਂਦੇ ਹਨ, ਜਿਸ ਨਾਲ ਫ਼ਸਲ ਜਲਦੀ ਡਿੱਗ ਪੈਂਦੀ ਅਤੇ ਫ਼ਸਲ ਵਿੱਚ ਬਿਮਾਰੀਆਂ ਪ੍ਰਤੀ ਸੰਵੇਦਨਸ਼ੀਲਤਾ ਵਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਯੂਰੀਆ ਖਾਦ ਦੀ ਵਰਤੋਂ ਸਿਫਾਰਸ਼ ਮਾਤਰਾ ਤੋਂ ਵਧੇਰੇ ਨਹੀਂ ਕਰਨੀ ਚਾਹੀਦੀ।
 
ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਨੂੰ ਯੂਰੀਆ ਖਾਦ ਆਮ ਕਰਕੇ ਪ੍ਰਤੀ ਏਕੜ 90 ਕਿਲੋ ਤਿੰਨ ਬਰਾਬਰ ਕਿਸ਼ਤਾਂ ਵਿਚ ਪਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਝੋਨੇ ਦੀ ਲਵਾਈ ਤੋਂ 7ਵੇਂ, 21ਵੇਂ ਅਤੇ 42 ਵੇਂ ਦਿਨਾਂ ਬਾਅਦ ਯੂਰੀਆ ਨੂੰ ਤਿੰਨ ਬਰਾਬਰ ਕਿਸ਼ਤਾਂ ਵਿਚ ਛੱਟੇ ਨਾਲ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ  ਪੀ ਆਰ 126 ਕਿਸਮ ਨੁੰ ਯੂਰੀਆ ਖਾਦ ਦੀ ਤੀਜੀ ਕਿਸ਼ਤ, ਲਵਾਈ ਤੋਂ 35 ਦਿਨਾਂ ਬਾਅਦ ਪਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਪੀ ਆਰ 132 ਅਤੇ 128 ਕਿਸਮਾਂ ਨੂੰ 67.5 ਕਿਲੋ ਯੂਰੀਆ ਖਾਦ ਪਾਉਣੀ ਚਾਹੀਦੀ ਹੈ ਕਿਉਂਕਿ ਇਹ ਦੋਵੇਂ ਕਿਸਮਾਂ ਯੂਰੀਆ ਦੀ ਵਧ ਮਾਤਰਾ ਨਹੀਂ ਸਹਾਰ ਸਕਦੀਆਂ, ਜਿਸ ਕਾਰਨ ਇਹ ਕਿਸਮਾਂ ਡਿੱਗ ਪੈਂਦੀਆਂ ਹਨ। ਉਨ੍ਹਾਂ ਕਿਹਾ ਕਿ ਯੂਰੀਆ ਖਾਦ ਪਾਉਣ ਤੋਂ 2-3 ਦਿਨਾਂ ਬਾਅਦ ਪਾਣੀ ਲਗਾਓ।

Leave a Reply

Your email address will not be published. Required fields are marked *