ਨਹਿਰ ‘ਚ ਪਾੜ: ਬਾਜਵਾ ਨੇ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਕੀਤੀ

ਪੰਜਾਬ

ਚੰਡੀਗੜ੍ਹ, ਗੁਰਦਾਸਪੁਰ, 20 ਜੂਨ (ਸਰਬਜੀਤ ਸਿੰਘ)– ਸੁਨਾਮ ਸਬ-ਡਵੀਜ਼ਨ ਦੇ ਇਕ ਪਿੰਡ ‘ਚ ਨਹਿਰ ‘ਚ 40 ਫੁੱਟ ਚੌੜਾ ਪਾੜ ਪੈਣ ਨਾਲ 300 ਏਕੜ ਤੋਂ ਵੱਧ ਝੋਨੇ ਅਤੇ ਮੱਕੀ ਦੀਆਂ ਫ਼ਸਲਾਂ ‘ਚ ਪਾਣੀ ਭਰ ਗਿਆ ਹੈ, ਜਿਸ ਕਾਰਨ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ‘ਤੇ ਇਸ ਪਾੜ ਦੀ ਮੁਰੰਮਤ ‘ਚ ਪਿੰਡ ਵਾਸੀਆਂ ਦੀ ਮਦਦ ਕਰਨ ‘ਚ ਅਸਫਲ ਰਹਿਣ ‘ਤੇ ਤਿੱਖੀ ਆਲੋਚਨਾ ਕੀਤੀ ਹੈ।

ਇਕ ਖ਼ਬਰ ਦੇ ਅਨੁਸਾਰ, ਸਥਾਨਕ ਲੋਕ ਅਧਿਕਾਰੀਆਂ ਦੀ ਸਹਾਇਤਾ ਤੋਂ ਬਿਨਾਂ ਇਸ ਪਾੜ ਨੂੰ ਭਰਨ ਲਈ ਆਪਣੇ ਆਪ ਕੰਮ ਕਰ ਰਹੇ ਹਨ। ਇੱਥੋਂ ਤੱਕ ਕਿ ਖ਼ਾਲੀ ਬੈਗ ਵੀ ਸਥਾਨਕ ਲੋਕਾਂ ਨੂੰ ਨਹੀਂ ਦਿੱਤੇ ਗਏ ਹਨ, ਜੋ ਜ਼ਮੀਨ ‘ਤੇ ਅਣਥੱਕ ਮਿਹਨਤ ਕਰ ਰਹੇ ਹਨ।

ਬਾਜਵਾ ਨੇ ਪ੍ਰਭਾਵਿਤ ਕਿਸਾਨਾਂ ਲਈ ਮੁਆਵਜ਼ੇ ਦੀ ਜ਼ੋਰਦਾਰ ਮੰਗ ਕੀਤੀ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਕ ਵਾਰ ਫਿਰ ਨਹਿਰਾਂ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਦੇ ਕੰਮ ਨੂੰ ਅਣਗੌਲਿਆ ਕਰ ਦਿੱਤਾ ਹੈ, ਜਿਸ ਕਾਰਨ ਇਹ ਵੱਡਾ ਪਾੜ ਪੈ ਗਿਆ ਹੈ। ਬਾਜਵਾ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ‘ਆਪ’ ਸਰਕਾਰ ਨੇ 2023 ਦੇ ਹੜ੍ਹਾਂ ਤੋਂ ਕੋਈ ਸਬਕ ਨਹੀਂ ਸਿੱਖਿਆ।

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਪ੍ਰਭਾਵਿਤ ਕਿਸਾਨਾਂ ਨੇ ਅਧਿਕਾਰੀਆਂ ‘ਤੇ ਨਹਿਰੀ ਕੰਢਿਆਂ ਨੂੰ ਮਜ਼ਬੂਤ ਕਰਨ ਲਈ ਵਾਰ-ਵਾਰ ਕੀਤੀਆਂ ਬੇਨਤੀਆਂ ਦੀ ਅਣਦੇਖੀ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਇਸੇ ਤਰ੍ਹਾਂ ਦੀ ਪਾੜ ਪਿਆ ਸੀ, ਪਰ ਸਰਕਾਰ ਨੇ ਕੋਈ ਗੰਭੀਰ ਕਾਰਵਾਈ ਨਹੀਂ ਕੀਤੀ।

ਬਾਜਵਾ ਨੇ ਕਿਹਾ ਕਿ ਇਹ ਵਾਰ-ਵਾਰ ਪਾੜ ਪੈਣਾ ‘ਆਪ’ ਸਰਕਾਰ ਦੀ ਲਾਪਰਵਾਹੀ ਦਾ ਨਤੀਜਾ ਹੈ ਅਤੇ ਇਸ ਲਈ ਕਿਸਾਨਾਂ ਨੂੰ ਉਚਿੱਤ ਮੁਆਵਜ਼ਾ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਕਿਉਂਕਿ ਕਿਸਾਨਾਂ ਨੂੰ ਆਪਣੇ ਝੋਨੇ ਦੀ ਦੁਬਾਰਾ ਬਿਜਾਈ ਕਰਨ ਦੀ ਲੋੜ ਪਵੇਗੀ, ਇਸ ਲਈ ਸਰਕਾਰ ਨੂੰ ਉਨ੍ਹਾਂ ਨੂੰ ਝੋਨੇ ਦੀ ਪਨੀਰੀ ਲਾਉਣ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ।

ਬਾਜਵਾ ਨੇ ਕਿਹਾ ਕਿ ਮਾਨਸੂਨ ਦਾ ਮੌਸਮ ਨੇੜੇ ਹੈ ਅਤੇ ਹੜ੍ਹ ਪ੍ਰਭਾਵਿਤ ਘੱਗਰ ਦਰਿਆ ਦੇ ਕਿਨਾਰੇ ਰਹਿਣ ਵਾਲੇ ਵਸਨੀਕਾਂ ਨੇ ਹੜ੍ਹਾਂ ਨੂੰ ਰੋਕਣ ਲਈ ਲੋੜੀਂਦੇ ਕਦਮ ਨਾ ਚੁੱਕਣ ਲਈ ‘ਆਪ’ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

Leave a Reply

Your email address will not be published. Required fields are marked *