ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਨੇ ਪੰਜਾਬੀਆਂ ਨੂੰ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਦਾ ਸੱਦਾ ਦਿੱਤਾ

ਗੁਰਦਾਸਪੁਰ

4 ਅਪ੍ਰੈਲ ਨੂੰ ਫ਼ਤਹਿਗੜ੍ਹ ਚੂੜੀਆਂ ਵਿਖੇ ਹੋਵੇਗੀ ਪੈਦਲ ਯਾਤਰਾ

ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ, ਗੁਰਦਾਸਪੁਰ, 3 ਅਪ੍ਰੈਲ (ਸਰਬਜੀਤ ਸਿੰਘ)– ਪੰਜਾਬ ਦੇ ਰਾਜਪਾਲ ਅਤੇ ਪ੍ਰਧਾਨ, ਭਾਰਤੀ ਰੈੱਡ ਕਰਾਸ ਸੋਸਇਟੀ, ਪੰਜਾਬ, ਗੁਲਾਬ ਚੰਦ ਕਟਾਰੀਆ ਨੇ ਸਮੂਹ ਪੰਜਾਬੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਸੂਬੇ ਵਿਚੋਂ ਨਸ਼ਿਆਂ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕਰਨ ਲਈ ਅੱਗੇ ਆਉਣ ਕਿਉਂਕਿ ਗੁਰੂਆਂ, ਪੈਗੰਬਰਾਂ ਅਤੇ ਸੂਰਮਿਆਂ ਦੀ ਧਰਤੀ ’ਤੇ ਨਸ਼ਿਆਂ ਲਈ ਕੋਈ ਥਾਂ ਨਹੀਂ ਹੈ।

ਅੱਜ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ, ਡੇਰਾ ਬਾਬਾ ਨਾਨਕ ਤੋਂ ਨਸ਼ਿਆਂ ਵਿਰੁੱਧ ਪੈਦਲ ਯਾਤਰਾ ਦੀ ਸ਼ੁਰੂਆਤ ਕਰਨ ਮੌਕੇ ਹਜ਼ਾਰ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਰਾਜਪਾਲ ਪੰਜਾਬ ਨੇ ਕਿਹਾ ਕਿ ਹਮੇਸ਼ਾਂ ਹੀ ਬਾਹਰੀ ਹਮਲਿਆਂ ਦਾ ਮੂੰਹ ਤੋੜ ਜੁਆਬ ਦੇਣ ਵਾਲੇ ਬਹਾਦਰ ਪੰਜਾਬੀ ਹੁਣ ਨਸ਼ਿਆਂ ਵਿਰੁੱਧ ਇਸ ਯੁੱਧ ਵਿੱਚ ਵੀ ਫ਼ਤਹਿ ਹਾਸਲ ਕਰਨਗੇ। ਉਨ੍ਹਾਂ ਕਿਹਾ ਕਿ ਨਸ਼ਾ ਇੱਕ ਸਮਾਜਿਕ ਬੁਰਾਈ ਹੈ ਅਤੇ ਇਸ ਨੂੰ ਖ਼ਤਮ ਕਰਨ ਲਈ ਸਮਾਜ ਦੇ ਹਰੇਕ ਵਰਗ ਦਾ ਸਾਥ ਲਿਆ ਜਾਵੇਗਾ।

ਰਾਜਪਾਲ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਆਖਿਆ ਕਿ ਪੰਜਾਬ ਦੀ ਧਰਤੀ ਧਰਮ ਅਤੇ ਸੰਸਕ੍ਰਿਤੀ ਦੀ ਰੱਖਿਆ ਦੀ ਪ੍ਰਤੀਕ ਹੈ। ਇੱਥੋਂ ਦੀ ਧਰਤੀ ਨੇ ਜ਼ੁਲਮ ਵਿਰੁੱਧ ਬਲੀਦਾਨ ਦਿੱਤੇ ਹਨ। ਉਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਰਹਿੰਦ ਵਿੱਚ ਧਰਮ ਦੀ ਰੱਖਿਆ ਖਾਤਰ ਦੀਵਾਰ ’ਚ ਚਿਣ ਕੇ ਸ਼ਹੀਦ ਕੀਤੇ ਗਏ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਵੱਲੋਂ ਕ੍ਰਮਵਾਰ 9 ਅਤੇ 7 ਸਾਲ ਦੀ ਉਮਰ ਵਿੱਚ ਜ਼ੁਲਮ ਦੀ ਇੰਤਹਾ ਵਿਰੁੱਧ ਦਿੱਤੇ ਸੁਨੇਹੇ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਵੀ ਜਦੋਂ ਉਸ ਥਾਂ ’ਤੇ ਜਾਈਏ ਤਾਂ ਅੱਖਾਂ ਨਮ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀ ਮਹਾਨ ਧਰਤੀ ’ਤੇ ਪੈਦਾ ਹੋਣ ਵਾਲੇ ਬਹਾਦਰ ਪੰਜਾਬੀਆਂ ਨੂੰ ਅੱਜ ਬਾਹਰੀ ਤਾਕਤਾਂ ਵੱਲੋਂ ਸਰੀਰਕ ਤੌਰ ’ਤੇ ਕਮਜ਼ੋਰ ਕਰਨ ਦੀ ਇਸ ਸਾਜਿਸ਼ ਦਾ ਸਾਨੂੰ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ ਅਤੇ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਨੂੰ ਜੜੋਂ ਪੁੱਟਣ ’ਚ ਸਰਕਾਰ ਵੱਲੋਂ ਆਰੰਭੀ ਲੜਾਈ ’ਚ ਸਾਥ ਦੇਣਾ ਚਾਹੀਦਾ ਹੈ।

ਉਨ੍ਹਾਂ ਪੰਜਾਬੀਆਂ ਨੂੰ ਮਹਾਨ ਵਿਰਸਾ ਯਾਦ ਕਰਵਾਉਂਦੇ ਹੋਏ ਕਿਹਾ ਕਿ ਸਰਹੱਦਾਂ ਦੀ ਰਾਖੀ ਕਰਨ ਦੇ ਨਾਲ-ਨਾਲ ਜਦੋਂ ਅਮਰੀਕਾ ਵੱਲੋਂ ਅਨਾਜ ਲਈ ਹੱਥ ਖਿੱਚ ਲਿਆ ਗਿਆ ਸੀ ਤਾਂ ਉਸ ਮੌਕੇ ਪੰਜਾਬ ਨੇ ਹੀ ਦੇਸ ਦੇ ਅਨਾਜ ਦੇ ਭੰਡਾਰ ਭਰੇ ਸਨ। ਇਸ ਲਈ ਹੁਣ ਜਦੋਂ ਪੰਜਾਬ ਅੱਗੇ ਨਸ਼ਿਆਂ ਦੀ ਚਣੌਤੀ ਬਣ ਖੜ੍ਹੀ ਹੈ ਤਾਂ ਸਾਨੂੰ ਫ਼ਿਰ ਤੋਂ ਇੱਕ ਵਾਰ ਜਨ ਅੰਦੋਲਨ ਦੇ ਰੂਪ ’ਚ ਇਸ ਦੇ ਖਾਤਮੇ ਲਈ ਉੱਠ ਖੜ੍ਹੇ ਹੋਣਾ ਚਾਹੀਦਾ ਹੈ।  ਰਾਜਪਾਲ ਪੰਜਾਬ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਰੰਭੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਹੁਣ ਪੰਜਾਬ ਦੇ ਹਰ ਜਾਗਰੂਕ ਨਾਗਰਿਕ ਲਈ ਮੌਕਾ ਹੈ ਕਿ ਉਹ ਇਸ ਲੜਾਈ ’ਚ ਸਰਕਾਰ ਦਾ ਸਾਥ ਦੇਵੇ ਅਤੇ ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਬਣਾਵੇ। ਉੁਨ੍ਹਾਂ ਕਿਹਾ ਕਿ ਜਦੋਂ ਕਿਸੇ ਕਾਰਜ ਨੂੰ ਸਮਾਜਿਕ ਰੂਪ ’ਚ ਕੀਤਾ ਜਾਵੇ ਤਾਂ ਸਫ਼ਲਤਾ ਜ਼ਰੂਰ ਮਿਲਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਪੱਧਰ ’ਤੇ ਕੀਤੇ ਜਾ ਰਹੇ ਯਤਨਾਂ ਤਹਿਤ ਐਨ.ਡੀ.ਪੀ.ਅੱੈਸ. ਐਕਟ ਤਹਿਤ ਸਭ ਤੋਂ ਵੱਧ ਸਜ਼ਾ ਵੀ ਪੰਜਾਬ ’ਚ ਹੀ ਨੀਯਤ ਕੀਤੀ ਹੋਈ ਹੈ।

Leave a Reply

Your email address will not be published. Required fields are marked *