ਆਪ ਲਈ ਉਧਾਰ ਲੈਣਾ ਉਨ੍ਹਾਂ ਹੀ ਲਾਜ਼ਮੀ ਜਿਨ੍ਹਾਂ ਮਨੁੱਖੀ ਜੀਵਨ ਲਈ ਆਕਸੀਜਨ- ਬਾਜਵਾ

ਪੰਜਾਬ

ਚੰਡੀਗੜ੍ਹ, ਗੁਰਦਾਸਪੁਰ, 12 ਮਾਰਚ (ਸਰਬਜੀਤ ਸਿੰਘ)– ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚਾਲੂ ਵਿੱਤੀ ਸਾਲ 2024-25 ਲਈ ਕਰਜ਼ਾ ਲੈਣ ਦੀ ਸੀਮਾ ਖ਼ਤਮ ਹੋਣ ਦੇ ਮੱਦੇਨਜ਼ਰ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ‘ਚ ਵਿੱਤੀ ਅਰਾਜਕਤਾ ਪੈਦਾ ਕਰਨ ਲਈ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਕਰਜ਼ਾ ਲੈਣਾ ਓਨਾ ਹੀ ਲਾਜ਼ਮੀ ਜਾਪਦਾ ਹੈ ਜਿੰਨਾ ਮਨੁੱਖਤਾ ਦੀ ਹੋਂਦ ਲਈ ਆਕਸੀਜਨ। ਸਰਕਾਰ ਦਾ ਸਾਰਾ ਕੰਮਕਾਜ ਉਧਾਰ ਲੈਣ ਵਾਲੇ ਫ਼ੰਡਾਂ ‘ਤੇ ਨਿਰਭਰ ਰਿਹਾ ਹੈ। ਸਤੰਬਰ 2024 ਵਿਚ ਨਕਦੀ ਸੰਕਟ ਨਾਲ ਜੂਝ ਰਹੀ ਪੰਜਾਬ ਸਰਕਾਰ ਨੇ ਆਪਣੇ ਖ਼ਰਚਿਆ ਨੂੰ ਪੂਰਾ ਕਰਨ ਲਈ ਕੇਂਦਰੀ ਵਿੱਤ ਮੰਤਰੀ ਤੋਂ ਚਾਲੂ ਵਿੱਤੀ ਸਾਲ ਲਈ 10,000 ਕਰੋੜ ਰੁਪਏ ਦੀ ਵਾਧੂ ਉਧਾਰ ਸੀਮਾ ਦੀ ਮੰਗ ਕੀਤੀ ਸੀ।

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਇਸ ਦੌਰਾਨ ਪੰਜਾਬ ਸਰਕਾਰ ਕੋਲ ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਪੈਨਸ਼ਨਾਂ ਦੇਣ ਲਈ ਫ਼ੰਡ ਨਹੀਂ ਹਨ। ਫ਼ੰਡਾਂ ਦੀ ਘਾਟ ਕਾਰਨ ਲਗਭਗ 243 ਬੱਸਾਂ ਦਾ ਸੰਚਾਲਨ ਬੰਦ ਹੋਣ ਦੀ ਕਗਾਰ ‘ਤੇ ਹੈ। ਸਰਕਾਰ ਨੇ ਨਾ ਤਾਂ ਕਰਮਚਾਰੀਆਂ ਦੀਆਂ ਪੈਨਸ਼ਨਾਂ ਲਈ 75 ਕਰੋੜ ਰੁਪਏ ਜਾਰੀ ਕੀਤੇ ਹਨ ਅਤੇ ਨਾ ਹੀ ਔਰਤਾਂ ਲਈ ਸਬਸਿਡੀ ਵਾਲੀਆਂ ਬੱਸ ਸੇਵਾਵਾਂ ਲਈ 500 ਕਰੋੜ ਰੁਪਏ ਦੇ ਬਕਾਏ ਦਾ ਭੁਗਤਾਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਅਰਥਸ਼ਾਸਤਰੀਆਂ ਨੇ ਪਹਿਲਾਂ ਹੀ ਅਨੁਮਾਨ ਲਾਇਆ ਹੈ ਕਿ ਪੰਜਾਬ ਦਾ ਬਕਾਇਆ ਕਰਜ਼ਾ ਇਸ ਸਰਕਾਰ ਦੇ ਕਾਰਜਕਾਲ ਦੇ ਆਖ਼ਰੀ ਸਾਲ 2026-27 ਦੇ ਅੰਤ ਤੱਕ 4,50,000 ਕਰੋੜ ਰੁਪਏ ਤੱਕ ਪਹੁੰਚਣ ਦੀ ਉਮੀਦ ਹੈ। ਸਾਲ 2022 ‘ਚ ਜਦੋਂ ‘ਆਪ’ ਦੀ ਸਰਕਾਰ ਬਣੀ ਸੀ ਤਾਂ ਇਹ 2,81,773 ਕਰੋੜ ਰੁਪਏ ਸੀ। ਵਾਅਦੇ ਅਨੁਸਾਰ ਸਰੋਤਾਂ ਤੋਂ ਮਾਲੀਆ ਇਕੱਠਾ ਕਰਨ ਦੀ ਬਜਾਏ ‘ਆਪ’ ਸਰਕਾਰ ਆਰਬੀਆਈ ਅਤੇ ਵਿਸ਼ਵ ਬੈਂਕ ਤੋਂ ਫ਼ੰਡ ਉਧਾਰ ਲੈਂਦੀ ਰਹੀ।

ਬਾਜਵਾ ਨੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪੁੱਛਿਆ ਕਿ ਕੀ ਉਹ ਦੱਸ ਸਕਦੇ ਹਨ ਕਿ ਪੰਜਾਬ ਦੀ ‘ਆਪ’ ਸਰਕਾਰ ਭ੍ਰਿਸ਼ਟਾਚਾਰ ਨੂੰ ਖ਼ਤਮ ਕਰ ਕੇ 34,000 ਕਰੋੜ ਰੁਪਏ ਅਤੇ ਮਾਈਨਿੰਗ ਤੋਂ 20,000 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ‘ਚ ਅਸਫਲ ਕਿਉਂ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਆਖ਼ਰਕਾਰ ਉਨ੍ਹਾਂ ਨੂੰ ‘ਆਪ’ ਸਰਕਾਰ ਵੱਲੋਂ ਚੁੱਕਿਆ ਕਰਜ਼ਾ ਚੁਕਾਉਣਾ ਪਵੇਗਾ। ਬਾਜਵਾ ਨੇ ਕਿਹਾ ਕਿ ‘ਆਪ’ ਦੋ ਸਾਲਾਂ ਬਾਅਦ ਭੱਜ ਜਾਵੇਗੀ।

Leave a Reply

Your email address will not be published. Required fields are marked *