ਚੰਡੀਗੜ੍ਹ, ਗੁਰਦਾਸਪੁਰ 11 ਸਤੰਬਰ (ਸਰਬਜੀਤ ਸਿੰਘ)– ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵਿੱਚ ਕਾਲੀਆਂ ਭੇਡਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ‘ਆਪ’ ਸਰਕਾਰ ਨੂੰ ਕਾਰਜਕਾਰੀ ਡੀਜੀਪੀ ਦੇ ਉਸ ਦਾਅਵੇ ਦੀ ਯਾਦ ਦਿਵਾਈ ਕਿ ਪੰਜਾਬ ਪੁਲਸ ਦੇ ਜਵਾਨ ਦਾਗ਼ੀ ਨਹੀਂ ਹਨ। ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਤਸਕਰਾਂ ਅਤੇ ਪੁਲਸ ਫੋਰਸ ਦੇ ਇੱਕ ਹਿੱਸੇ ਦਰਮਿਆਨ ਗੱਠਜੋੜ ਨੂੰ ਤੋੜਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਾਲ ਜੂਨ ਵਿੱਚ 10,000 ਪੁਲਸ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਸਨ। ਹਾਲਾਂਕਿ, ਪੰਜਾਬ ਦੇ ਡੀਜੀਪੀ ਨੇ ਇੱਕ ਅਖ਼ਬਾਰ ਨੂੰ ਇੰਟਰਵਿਊ ਦੌਰਾਨ ਮੁੱਖ ਮੰਤਰੀ ਦੇ ਦੋਸ਼ਾਂ ਵਿਰੁੱਧ ਪੰਜਾਬ ਪੁਲਸ ਦਾ ਬਚਾਅ ਕੀਤਾ ਸੀ। ਬਾਜਵਾ ਕਿਹਾ ਕਿ 10,000 ਪੁਲਸ ਫੋਰਸ ਦੇ ਤਬਾਦਲੇ ਤੋਂ ਬਾਅਦ ਕੀ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾ ਸਕੇ ਹਨ? ਨਹੀਂ। ਕਿਉਂਕਿ ਸਿਰਫ਼ ਤਬਾਦਲੇ ਨਾਲ ਨਸ਼ਾ ਤਸਕਰੀ ਅਤੇ ਨਸ਼ਿਆਂ ਦੀ ਦੁਰਵਰਤੋਂ ਦਾ ਮੁੱਦਾ ਹੱਲ ਨਹੀਂ ਹੋਵੇਗਾ। ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ-ਕਮ-ਗ੍ਰਹਿ ਮੰਤਰੀ ਹੁਣ ਤੱਕ ਨਸ਼ਿਆਂ ਅਤੇ ਵਿਗੜਦੀ ਕਾਨੂੰਨ ਵਿਵਸਥਾ ਬਾਰੇ ਸਾਰਥਿਕ ਨਤੀਜੇ ਦੇਣ ਵਿੱਚ ਅਸਫਲ ਰਹੇ ਹਨ। ਪੰਜਾਬ ਪੁਲਸ ਵਿੱਚ ਕਾਲੀਆਂ ਭੇਡਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਨੂੰ ਮਹਿਜ਼ ਵਿਅਰਥ ਕਾਰਵਾਈ ਕਰਾਰ ਦਿੰਦਿਆਂ ਬਾਜਵਾ ਨੇ ਕਿਹਾ ਕਿ ‘ਆਪ’ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਅਮਨ-ਕਾਨੂੰਨ ਦੀ ਸਥਿਤੀ ਨੂੰ ਸੁਚਾਰੂ ਬਣਾਉਣ ਅਤੇ ਨਿਰਧਾਰਿਤ ਸਮੇਂ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਵਿੱਚ ਬੁਰੀ ਤਰ੍ਹਾਂ ਅਸਫਲ ਰਹੇ ਹਨ। ਬਾਜਵਾ ਨੇ ਕਿਹਾ ਕਿ ਇਸ ਦੌਰਾਨ ਪੰਜਾਬ ਦੇ ਲੋਕਾਂ ਨੇ ਅਯੋਗ ਪੰਜਾਬ ਸਰਕਾਰ ਦੀ ਅਸਲੀਅਤ ਜਾਣ ਲਈ ਹੈ, ਜਿਸ ਕਰ ਕੇ ‘ਆਪ’ ਅਜਿਹੀਆਂ ਚਾਲਾਂ ਨਾਲ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਜਦੋਂ ਤੋਂ ‘ਆਪ’ ਨੇ ਪੰਜਾਬ ਵਿੱਚ ਸੱਤਾ ਹਾਸਲ ਕੀਤੀ ਹੈ, ਗੈਂਗ ਕ੍ਰਾਈਮ, ਬੰਦੂਕ ਅਪਰਾਧ, ਜਬਰੀ ਵਸੂਲੀ ਅਤੇ ਨਸ਼ਾ ਤਸਕਰੀ ਵਿੱਚ ਵਾਧਾ ਹੋਇਆ ਹੈ। ਅਜਿਹਾ ਲੱਗਦਾ ਹੈ ਕਿ ‘ਆਪ’ ਸਰਕਾਰ ਨੇ ਆਪਣੇ ਆਪ ਨੂੰ ਅਪਰਾਧੀਆਂ ਅੱਗੇ ਸਮਰਪਣ ਕਰ ਦਿੱਤਾ ਹੈ।