ਅਬਾਦ ਹੁਨਰ ਹੱਟ ਵਿੱਚ ਸਵੈ ਸਹਾਇਤਾ ਸਮੂਹਾਂ ਵੱਲੋਂ ਵੇਚਿਆ ਜਾਂਦਾ ਸਮਾਨ ਕੁਆਲਿਟੀ ਪੱਖੋਂ ਸਭ ਤੋਂ ਬਿਹਤਰ ਅਤੇ ਬਜ਼ਾਰ ਨਾਲੋਂ ਸਸਤਾ
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਬਾਦ ਹੁਨਰ ਹੱਟ ਤੋਂ ਸਮਾਨ ਖ਼ਰੀਦਣ ਦੀ ਅਪੀਲ ਕੀਤੀ
ਗੁਰਦਾਸਪੁਰ, 2 ਮਾਰਚ (ਸਰਬਜੀਤ ਸਿੰਘ)– ਅਜੀਵਕਾ ਮਿਸ਼ਨ ਤਹਿਤ ਜ਼ਿਲ੍ਹੇ ਵਿੱਚ ਸਵੈ ਸਹਾਇਤਾ ਸਮੂਹਾਂ ਨਾਲ ਜੁੜ ਕੇ ਕੰਮ ਕਰ ਰਹੀਆਂ ਔਰਤਾਂ ਨੂੰ ਆਪਣਾ ਸਮਾਨ ਵੇਚਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਏ ਗਏ ‘ਅਬਾਦ ਹੁਨਰ ਹੱਟ’ ਗੁਰਦਾਸਪੁਰ ਨੇ ਮਹੱਤਵਪੂਰਨ ਪਲੇਟਫ਼ਾਰਮ ਮੁਹੱਈਆ ਕਰਵਾਇਆ ਹੈ। ਅਬਾਦ ਹੁਨਰ ਹੱਟ ਵਿੱਚ ਵੇਚਿਆ ਜਾਂਦਾ ਸਾਰਾ ਸਮਾਨ ਜ਼ਿਲ੍ਹੇ ਦੇ ਸਵੈ ਸਹਾਇਤਾ ਸਮੂਹਾਂ ਦੀਆਂ ਮਿਹਨਤੀ ਸਵਾਣੀਆਂ ਵੱਲੋਂ ਆਪਣੇ ਘਰਾਂ ਵਿੱਚ ਤਿਆਰ ਕੀਤਾ ਜਾਂਦਾ ਹੈ, ਜਿਸ ਦੀ ਕੁਆਲਿਟੀ ਬਹੁਤ ਵਧੀਆ ਹੋਣ ਦੇ ਨਾਲ ਕੀਮਤਾਂ ਵੀ ਬਹੁਤ ਵਾਜਬ ਹਨ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿਛਲੇ ਸਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਗੁਰਦਾਸਪੁਰ ਸਥਿਤ ਦਫ਼ਤਰ ਕੋਲ ‘ਅਬਾਦ ਹੁਨਰ ਹੱਟ’ ਦੀ ਸਥਾਪਨਾ ਕੀਤੀ ਗਈ ਸੀ, ਜੋ ਕਿ ਮਾਰਕੀਟਿੰਗ ਦੇ ਪੱਖ ਤੋਂ ਬਹੁਤ ਅਹਿਮ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਅਬਾਦ ਹੁਨਰ ਹੱਟ ਨੂੰ ਇੱਕ ਸ਼ੋਅਰੂਮ ਵਾਂਗ ਬਣਾਇਆ ਗਿਆ ਹੈ ਅਤੇ ਇਸ ਦਾ ਪ੍ਰਬੰਧ ਚਲਾਉਣ ਲਈ ਇੱਕ ਸੇਲਜ਼ ਮੈਨੇਜਰ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਬਾਦ ਹੁਨਰ ਹੱਟ ‘ਚ ਸਮਾਨ ਵੇਚਣ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵੈ ਸਹਾਇਤਾ ਸਮੂਹਾਂ ਵੱਲੋਂ ਤਿਆਰ ਸਮਾਨ ਦੀ ਬਰੈਂਡਿੰਗ, ਰਜਿਸਟਰੇਸ਼ਨ ਅਤੇ ਪ੍ਰਮੋਸ਼ਨ ਦਾ ਕੰਮ ਵੀ ਕੀਤਾ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਬਾਦ ਹੁਨਰ ਹੱਟ ਵਿੱਚ ਘਰੇਲੂ ਵਰਤੋਂ ਦੇ 50 ਤੋਂ ਵੱਧ ਉਤਪਾਦਾਂ ਦੀ ਵਿੱਕਰੀ ਕੀਤੀ ਜਾ ਰਹੀ ਹੈ, ਜਿਸ ਵਿੱਚ ਮੁਰੱਬਾ, ਅਚਾਰ, ਗੁੜ, ਸੱਕਰ, ਸਰ੍ਹੋਂ ਦਾ ਤੇਲ, ਸ਼ਹਿਦ, ਕੋਧਰੇ ਦਾ ਆਟਾ, ਹੈਂਡ ਵਾਸ਼, ਡਾਲੀਆ, ਗਿਰੀ ਦਾ ਤੇਲ, ਹਲਦੀ, ਸੇਵੀਆਂ, ਚੌਲ, ਸਾਬਣ, ਸਰਫ਼, ਟੂਥਪੇਸਟ, ਫਨਾਇਲ ਦਾ ਤੇਲ, ਕਿਚਨ ਮਸਾਲਾ, ਲੱਕੜ ਦੇ ਵੱਖ-ਵੱਖ ਖਿਡੌਣੇ, ਪੱਖੀਆਂ, ਜੂਟ ਦੇ ਬੈਗ, ਵਰਮੀਕੰਪੋਸਟ, ਫੁਲਕਾਰੀਆਂ, ਬਾਗ, ਸਜਾਵਟ ਦਾ ਸਮਾਨ, ਲੇਡੀਜ਼ ਪਰਸ, ਹੱਥੀਂ ਤਿਆਰ ਕੀਤੇ ਊਨੀ ਤੇ ਸੂਤੀ ਕੱਪੜੇ, ਸਜਾਵਟੀ ਫੁੱਲ, ਡੈਕੋਰੇਸ਼ਨ ਦਾ ਸਮਾਨ, ਰੰਗ-ਬਿਰੰਗੇ ਹਾਰ, ਸਜਾਵਟੀ ਤਸਵੀਰਾਂ ਸਮੇਤ ਘਰੇਲੂ ਵਰਤੋਂ ਦਾ ਹੋਰ ਸਮਾਨ ਵੀ ਵੇਚਿਆ ਜਾਂਦਾ ਹੈ। ਇਸ ਤੋਂ ਇਲਾਵਾ ਤਿਉਹਾਰਾਂ ਅਤੇ ਸੀਜ਼ਨ ਦੀ ਮੰਗ ਅਨੁਸਾਰ ਵੀ ਸਮਾਨ ਦੀ ਵਿੱਕਰੀ ਕੀਤੀ ਜਾਂਦੀ ਹੈ।