ਗੁਰਦਾਸਪੁਰ, 19 ਅਕਤੂਬਰ (ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਵਿਸ਼ਵ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਇਜ਼ਰਾਈਲ ਦੁਆਰਾ ਫਲਸਤੀਨ ਦੀ ਨਸਲਕੁਸ਼ੀ ਬੰਦ ਕਰਾਉਣ ਲਈ ਅਮਰੀਕਾ ਤੇ ਦਬਾਅ ਪਾਇਆ ਜਾਵੇ। ਇਸ ਸਬੰਧੀ ਪਾਰਟੀ ਵਰਕਰਾਂ ਨਾਲ ਵਿਚਾਰ ਚਰਚਾ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਅਤੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਇਜ਼ਰਾਈਲ ਜੋ ਵੀ ਕਰ ਰਿਹਾ ਹੈ ਅਮਰੀਕਾ ਦੀ ਸਹਿ ਤੇ ਕਰ ਰਿਹਾ ਹੈ। ਅਮਰੀਕਾ ਖੁਲੇਆਮ ਐਲਾਨ ਕਰ ਚੁਕਾ ਹੈ ਕਿ ਉਹ ਇਜ਼ਰਾਈਲ ਦੇ ਸਾਥ ਹੈ ਅਤੇ ਵੱਡੇ ਪੱਧਰ ਤੇ ਇਜ਼ਰਾਈਲ ਨੂੰ ਹਥਿਆਰ ਵੀ ਭੇਜ ਚੁਕਾ ਹੈ। ਅਮਰੀਕਾ ਦੇ ਰਾਸ਼ਟਰਪਤੀ ਦਾ ਇਜ਼ਰਾਈਲ ਦੌਰਾ ਵੀ ਇਜ਼ਰਾਈਲੀ ਸਰਕਾਰ ਨੂੰ ਜੰਗ ਲਈ ਹੋਰ ਉਤਸ਼ਾਹਿਤ ਕਰੇਗਾ। ਇਜ਼ਰਾਈਲ ਦੀ ਸਥਾਪਤੀ ਸਮੇਂ 1947 ਵਿੱਚ ਯੂ ਐਨ ਓ ਨੇ ਮਤਾ ਪਾਸ ਕੀਤਾ ਸੀ ਕਿ ਇਸ ਖਿੱਤੇ ਵਿਚ ਸਥਾਈ ਸ਼ਾਂਤੀ ਬਣਾਈ ਰੱਖਣ ਲਈ ਦੋ ਦੇਸ ਇਜ਼ਰਾਈਲ ਅਤੇ ਫਲੀਸਤੀਨ ਬਣਾਏ ਜਾਣ, ਇਸ ਤੋਂ ਬਾਅਦ ਵੀ ਯੂ ਐਨ ਓ ਵੱਲੋਂ ਇਜ਼ਰਾਈਲ ਵਿਰੁੱਧ ਕਈ ਮੱਤੇ ਪਾਸ ਕੀਤੇ ਗਏ ਪਰ ਅਮਰੀਕਾ ਦੀ ਥਾਣੇਦਾਰੀ ਨੇ ਕਿਸੇ ਮਤੇ ਨੂੰ ਵੀ ਲਾਗੂ ਨਹੀਂ ਹੋਣ ਦਿੱਤਾ ਜਿਸ ਦੇ ਨਤੀਜੇ ਵਜੋਂ ਹੀ ਹਮਾਸ ਦਾ ਹਮਲਾ ਸਾਹਮਣੇ ਆਇਆ ਹੈ। ਲਿਬਰੇਸ਼ਨ ਅਤੇ ਵਿਸ਼ਵ ਭਾਈਚਾਰੇ ਦਾ ਮੰਨਣਾ ਹੈ ਕਿ ਇਸ ਮਸਲੇ ਦਾ ਸਥਾਈ ਹੱਲ ਫਲੀਸਤੀਨ ਵਿਰੁੱਧ ਨਸਲਕੁਸ਼ੀ ਦੀ ਜੰਗ ਬੰਦ ਕਰਕੇ ਇਜ਼ਰਾਈਲ ਦੇ ਕਬਜ਼ੇ ਹੇਠਲੇ ਫਲੀਸਤੀਨ ਦੇ ਇਲਾਕੇ ਅਜਾਦ ਕਰਵਾ ਕੇ ਫਲੀਸਤੀਨੀਆ ਨੂੰ ਨਵਾਂ ਦੇਸ਼ ਬਨਾਉਣ ਦੀ ਜ਼ਮੀਨ ਮੁਹਈਆ ਕਰਵਾਉਣ ਨਾਲ ਹੀ ਹੋ ਸਕਦਾ ਹੈ ਪਰ ਸਚਾਈ ਇਹ ਹੈ ਕਿ ਜਿਨ੍ਹਾਂ ਚਿਰ ਅਮਰੀਕਾ ਦੀ ਦਾਦਾਗਿਰੀ ਚੱਲ ਰਹੀ ਹੈ ਫਲੀਸਤੀਨੀਆ ਨੂੰ ਆਪਣਾਂ ਦੇਸ਼ ਮਿਲਣ ਦੀ ਆਸ ਨਹੀਂ ਕੀਤੀ ਜਾ ਸਕਦੀ। ਲਿਬਰੇਸ਼ਨ ਨੇ ਕਿਹਾ ਕਿ ਮੋਦੀ ਸਰਕਾਰ ਦਾ ਇਜ਼ਰਾਈਲ ਦੀ ਹਮਾਇਤ ਵਿੱਚ ਖੜ੍ਹੇ ਹੋਣਾ ਫਲੀਸਤੀਨੀ ਮੁਸਲਮ ਭਾਈਚਾਰੇ ਦੀ ਨਸਲਕੁਸ਼ੀ ਦੇ ਹੱਕ ਵਿੱਚ ਖੜ੍ਹੇ ਹੋਣਾ ਹੈ।ਪਰ ਮੋਦੀ ਸਰਕਾਰ ਅਤੇ ਆਰ ਐਸ ਐਸ ਦੇ ਇਜ਼ਰਾਈਲ ਦੇ ਪੱਖ ਵਿੱਚ ਖੜ੍ਹਨ ਦੇ ਮੁਕਾਬਲਤਨ ਇੰਡੀਆ ਗਠਜੋੜ ਦਾ ਫਲੀਸਤੀਨੀਆ ਦੇ ਹੱਕ ਵਿੱਚ ਖੜ੍ਹਨ ਦੇ ਫੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤੀ ਲੋਕ ਹਮੇਸ਼ਾ ਪੀੜਤ ਧਿਰ ਨਾਲ ਖੜਦੇ ਹਨ।ਜੇਕਰ ਅਮਰੀਕਾ ਨੇ ਜੰਗ ਬੰਦ ਨਾ ਕਰਵਾਈ ਤਾਂ ਜੰਗ ਦਾ ਘੇਰਾ ਆਲੇ ਦੁਆਲੇ ਦੇ ਦੇਸ਼ਾਂ ਵਿਚ ਵੀ ਫੈਲ ਸਕਦਾ ਹੈ ਜੋ ਇਸ ਖੇਤਰ ਲਈ ਘਾਤਕ ਹੋਵੇਗਾ।


