ਗੁਰਦਾਸਪੁਰ, 22 ਅਗਸਤ (ਸਰਬਜੀਤ ਸਿੰਘ)– ਅਰਵਿੰਦਪਾਲ ਸਿੰਘ ਸੰਧੂ, ਪ੍ਰਬੰਧ ਨਿਰਦੇਸ਼ਕ, ਸ਼ੂਗਰਫੈਡ ਪੰਜਾਬ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਸਹਿਕਾਰੀ ਖੰਡ ਮਿੱਲ ਗੁਰਦਾਸਪੁਰ ਵਿੱਚ ਪੱਤਝੜ-2023 ਗੰਨੇ ਦੀ ਬਿਜਾਈ ਅਤੇ ਗੰਨੇ ਦੇ ਵਿਕਾਸ ਸਬੰਧੀ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਡਾ. ਗੁਲਜਾਰ ਸਿੰਘ ਸੰਘੇੜਾ, ਡਾਇਰੈਕਟਰ ਰਿਜਨਲ ਰਿਸਰਚ ਸਟੇਸ਼ਨ ਕਪੂਰਥਲਾ, ਰਜਿੰਦਰ ਕੁਮਾਰ, ਡਾ. ਵਿਕਰਾਂਤ, ਡਾ. ਹਰਪ੍ਰੀਤ ਸਿੰਘ, ਡਾ. ਅਮਰੀਕ ਸਿੰਘ, ਜ਼ਿਲ੍ਹਾ ਸਿਖਲਾਈ ਅਫ਼ਸਰ, ਡਾ. ਅਮਰਜੀਤ ਸਿੰਘ, ਸਹਾਇਕ ਗੰਨਾ ਵਿਕਾਸ ਅਫ਼ਸਰ ਗੁਰਦਾਸਪੁਰ ਅਤੇ ਸ਼੍ਰੀ ਅਰਵਿੰਦਰਪਾਲ ਸਿੰਘ ਕੈਰੋਂ, ਜਨਰਲ ਮੈਨੇਜਰ ਸਹਿਕਾਰੀ ਖੰਡ ਮਿੱਲ ਬਟਾਲਾ ਵੱਲੋ ਪੱਤਝੜ-2023 ਗੰਨੇ ਦੀ ਬਿਜਾਈ, ਗੰਨੇ ਦੇ ਵਿਕਾਸ, ਕੀੜੇ-ਮਕੋੜਿਆਂ ਅਤੇ ਬਿਮਾਰੀਆਂ ਦੇ ਰੋਕਥਾਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਜਿੰਮੀਦਾਰਾਂ ਨੂੰ ਦਿੱਤੀ ਗਈ।
ਮਾਹਿਰਾਂ ਦੀ ਟੀਮ ਵੱਲੋਂ ਦੱਸਿਆ ਗਿਆ ਕਿ ਸੀ.ਓ.-0238 ਕਿਸਮ ਤੇ ਰੱਤਾ ਰੋਗ ਦਾ ਹਮਲਾ ਦੇਖਣ ਵਿੱਚ ਆਇਆ ਹੈ ਜਿਸ ਕਰਕੇ ਸੀ.ਓ.-0238 ਕਿਸਮ ਦੀ ਬਿਜਾਈ ਨਾ ਕੀਤੀ ਜਾਵੇ ਅਤੇ ਪੱਤਝੜ-2023 ਦੌਰਾਨ ਵੱਧ ਤੋ ਵੱਧ ਗੰਨੇ ਦੀ ਬਿਜਾਈ ਅਗੇਤੀਆਂ ਕਿਸਮਾਂ ਜਿਵੇਂ ਕਿ ਸੀ.ਓ.0118, ਸੀ.ਓ.ਪੀ.ਬੀ.-92, 95, 96 ਅਤੇ ਸੀ.ਓ.-15023 ਦੀ ਕੀਤੀ ਜਾਵੇ। ਇਸ ਤੋਂ ਇਲਾਵਾ ਉਹਨਾਂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਮੋਢੇ ਹੇਠ ਗੰਨੇ ਦਾ ਰਕਬਾ ਘੱਟੋ-ਘੱਟ 40-50 ਫੀਸਦੀ ਤੱਕ ਰੱਖਿਆ ਜਾਵੇ।
ਇਸ ਮੌਕੇ ਮਿੱਲ ਦੇ ਜਨਰਲ ਮੈਨੇਜਰ ਸਰਬਜੀਤ ਸਿੰਘ ਹੁੰਦਲ ਵੱਲੋਂ ਦੱਸਿਆ ਗਿਆ ਕਿ ਮਿੱਲ ਦੇ ਰਿਜ਼ਰਵ ਏਰੀਏ ਵਿੱਚ ਗੰਨੇ ਦੀ ਪੈਦਾਵਾਰ ਲਗਭਗ 80-90 ਲੱਖ ਕੁਵਿੰਟਲ ਹੁੰਦੀ ਹੈ। ਪ੍ਰੰਤੂ ਮਿੱਲ ਦੀ ਕਪੈਸਟੀ ਘੱਟ ਹੋਣ ਕਰਕੇ ਗੰਨਾ ਕਾਸ਼ਤਕਾਰਾਂ ਨੂੰ ਆਪਣਾ ਗੰਨਾ ਬਾਹਰਲੀਆਂ ਖੰਡ ਮਿੱਲਾਂ ਨੂੰ ਸਪਲਾਈ ਕਰਨਾ ਪੈਦਾ ਹੈ, ਜਿਸ ਨਾਲ ਗੰਨਾ ਕਾਸ਼ਤਕਾਰਾਂ ਦੀ ਬਹੁਤ ਜਿਆਦਾ ਖੱਜਲ ਖੁਆਰੀ ਅਤੇ ਵਿੱਤੀ ਨੁਕਸਾਨ ਹੁੰਦਾ ਹੈ।ਉਹਨਾਂ ਵੱਲੋ ਗੰਨਾ ਕਾਸ਼ਤਕਾਰਾਂ ਨੂੰ ਦੱਸਿਆ ਗਿਆ ਕਿ ਮਿੱਲ ਦੀ ਪਿੜਾਈ ਸਮਰੱਥਾ 2000 ਟੀ.ਸੀ.ਡੀ. ਤੋ ਵਧਾ ਕੇ 5000 ਟੀ.ਸੀ.ਡੀ. ਦਾ ਨਵਾਂ ਪਲਾਟ ਲੱਗ ਰਿਹਾ ਹੈ ਜਿਸ ਦਾ ਕੰਮ ਜੋਰਾਂ ਨਾਲ ਚੱਲ ਰਿਹਾ ਹੈ ਅਤੇ ਪਿੜਾਈ ਸ਼ੀਜਨ 2023-24 ਦੌਰਾਨ ਨਵੇ ਪਲਾਂਟ ਦੇ ਚੱਲਣ ਦੀ ਸੰਭਾਵਨਾ ਹੈ ਨਵੇ ਪਲਾਂਟ ਜਦੋ ਪੂਰੀ ਸਮਰੱਥਾ ਅਨੁਸਾਰ ਗੰਨਾ ਪੀੜਨਾ ਸੁਰੂ ਕਰ ਦੇਵੇਗਾ ਤਾਂ ਕਿਸੇ ਵੀ ਗੰਨਾ ਕਾਸ਼ਤਕਾਰ ਨੂੰ ਪ੍ਰਾਈਵੇਟ ਮਿੱਲਾਂ ਨੂੰ ਗੰਨਾ ਸਪਲਾਈ ਕਰਨ ਦੀ ਜਰੂਰਤ ਨਹੀ ਪਵੇਗੀ ਅਤੇ ਮਿੱਲ ਵੱਲੋ ਇਲਾਕੇ ਦੇ ਸਾਰੇ ਗੰਨਾ ਕਾਸ਼ਤਕਾਰਾਂ ਦਾ ਗੰਨਾ ਪੀੜ ਲਿਆ ਜਾਵੇਗਾ।