ਗੁਰਦਾਸਪੁਰ, 4 ਅਗਸਤ (ਸਰਬਜੀਤ ਸਿੰਘ)– ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਸਰਕਾਰੀ ਹਸਪਤਾਲ ਗੁਰਦਾਸਪੁਰ ‘ਚ ਤਾਇਨਾਤ ਸਰਕਾਰੀ ਐਂਬੂਲੈਂਸ ਦੇ ਡਰਾਈਵਰ ਜਸਪਾਲ ਸਿੰਘ ਨੂੰ 4 ਹਜਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਇੱਕ ਪ੍ਰਾਈਵੇਟ ਡਰਾਈਵਰ ਰਾਜੇਸ਼ ਕੁਮਾਰ ਹੈਪੀ ਨੇ ਵਿਜੀਲੈਂਸ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਰਕਾਰੀ ਐਂਬੂਲੈਂਸ ਦਾ ਡਰਾਈਵਰ ਜਸਪਾਲ ਸਿੰਘ ਉਸ ਕੋਲੋ ਸਰਕਾਰੀ ਹਸਪਤਾਲ ਵਿਚੋਂ ਮਰੀਜ਼ਾਂ ਅਤੇ ਉਹਨਾਂ ਦੇ ਦੂਜੇ ਰਿਸ਼ਤੇਦਾਰਾਂ ਨੂੰ ਲਿਜਾਣ ਲਈ ਕਿਰਾਏ ਵਿਚੋਂ ਹਿੱਸੇ ਦੀ ਮੰਗ ਕਰਦਾ ਹੈ ਜਿਸ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਟ੍ਰੈਪ ਲਗਾ ਕੇ ਪ੍ਰਾਈਵੇਟ ਐਂਬੂਲੈਂਸ ਦੇ ਡਰਾਈਵਰ ਰਾਜੇਸ਼ ਕੁਮਾਰ ਹੈਪੀ ਦੀ ਸਹਾਇਤਾ ਨਾਲ ਉਸ ਨੂੰ 4,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।
ਸ਼ਿਕਾਇਤਕਰਤਾ ਪ੍ਰਾਈਵੇਟ ਐਂਬੂਲੈਂਸ ਦੇ ਡਰਾਈਵਰ ਨੇ ਦੱਸਿਆ ਕਿ ਉਸ ਦੀਆਂ ਸਰਕਾਰੀ ਹਸਪਤਾਲ ਦੇ ਆਲੇ-ਦੁਆਲੇ 4 ਪ੍ਰਾਈਵੇਟ ਐਂਬੂਲੈਂਸਾਂ ਚੱਲ ਰਹੀਆਂ ਹਨ। ਉਸਨੇ ਦੱਸਿਆ ਕਿ ਸਰਕਾਰੀ ਐਂਬੂਲੈਂਸ ਦਾ ਡਰਾਈਵਰ ਜਸਪਾਲ ਸਿੰਘ ਹਸਪਤਾਲ ਵਿੱਚ ਪ੍ਰਾਈਵੇਟ ਐਂਬੂਲੈਂਸ ਖੜ੍ਹੀ ਕਰਨ ਅਤੇ ਉੱਥੋਂ ਮਰੀਜ਼ ਲੈਣ ਲਿਜਾਉਣ ਲਈ ਵੀ ਰਿਸ਼ਵਤ ਦੀ ਮੰਗ ਕਰਦਾ ਸੀ।
ਇਸ ਸਬੰਧੀ ਜਦੋਂ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਐਸਐਸਪੀ ਵਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਸਰਕਾਰੀ ਐਂਬੂਲੈਂਸ ਦੇ ਡਰਾਈਵਰ ਜਸਪਾਲ ਸਿੰਘ ਦੇ ਖਿਲਾਫ਼ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਦੇ ਤਹਿਤ ਮੁਕੱਦਮਾ ਨੰਬਰ 25 ਦਰਜ ਕੀਤਾ ਗਿਆ ਹੈ।