ਗੁਰਦਾਸਪੁਰ, 27 ਦਸੰਬਰ (ਸਰਬਜੀਤ ਸਿੰਘ)– ਪੀ.ਏ.ਯੂ. ਨਿਰਦੇਸ਼ਕ ਪਸਾਰ ਸਿੱਖਿਆ ਅਤੇ ਫ਼ਲ ਵਿਗਿਆਨ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫ਼ਾਰਮ ਸਲਾਹਕਾਰ ਸੇਵਾ ਕੇਂਦਰ ਗੁਰਦਸਪੁਰ ਵਲੋਂ ਪਿੰਡ ਠੀਕਰੀਵਾਲ ਵਿੱਚ ਫ਼ਲਦਾਰ ਬੂਟਿਆਂ ਦੀ ਕਾਂਟ ਛਾਂਟ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ।
ਡਾ. ਸਰਵਪ੍ਰੀਆ ਸਿੰਘ (ਜ਼ਿਲ੍ਹਾ ਪਸਾਰ ਮਾਹਿਰ, ਫ਼ਲ ਵਿਗਿਆਨ) ਨੇ ਬਾਗਾਂ ਦੀ ਸਿਧਾਈ ਅਤੇ ਕਾਂਟ ਛਾਂਟ ਬਾਰੇ ਦੱਸਦੇ ਹੋਏ ਕਿਹਾ ਕਿ ਇਸ ਦਾ ਮੁੱਖ ਉਦੇਸ਼ ਫ਼ਲਦਾਰ ਬੂਟਿਆਂ ਨੂੰ ਇਕ ਚੰਗਾ ਢਾਂਚਾ ਪਰਦਾਨ ਕਰਨ ਦੇ ਨਾਲ ਨਾਲ ਫ਼ਸੀਆਂ, ਬਿਮਾਰ ਅਤੇ ਬੇਢੰਗੀਆਂ ਟਾਹਣੀਆਂ ਨੂੰ ਕੱਟਣਾ ਹੈ।
ਉਨ੍ਹਾਂ ਨੇ ਕਿਹਾ ਕਿ ਫ਼ਲਦਾਰ ਬੂਟਿਆਂ ਦੀ ਕਾਂਟ ਛਾਂਟ ਬੂਟਿਆਂ ਦੀ ਕਿਸਮ ਦੇ ਅਨੁਸਾਰ ਕਰਨੀ ਚਾਹੀਦੀ ਹੈ ਜਿਵੇਂ ਕਿ ਪੱਤਝੜ ਫ਼ਲਦਾਰ ਬੂਟੇ, ਨਾਸ਼ਪਾਤੀ, ਆੜੂ, ਅਲੂਚਾ, ਅੰਗੂਰ ਦੀ ਕਾਂਟ ਛਾਂਟ (ਦਸੰਬਰ – ਜਨਵਰੀ) ਤੱਕ ਨਵੀਂ ਪੁਗਾਰ ਆਉਣ ਤੋਂ ਪਹਿਲਾਂ ਕਰ ਦੇਣੀ ਚਾਹੀਦੀ ਹੈ। ਜਦ ਕਿ ਸਦਾਬਹਾਰ ਫਲਦਾਰ ਬੂਟਿਆਂ ਦੀ ਸਿਧਾਈ ਅਤੇ ਕਾਂਟ ਛਾਂਟ (15 ਜਨਵਰੀ -15 ਫ਼ਰਵਰੀ) ਤੱਕ ਕਰ ਦੇਣੀ ਚਾਹੀਦੀ ਹੈ। ਇਸ ਸਮੇਂ ਬੂਟੇ ਸਥਿਰ ਅਵਸਥਾ ਵਿਚ ਹੁੰਦੇ ਹਨ। ਜਿਸ ਕਾਰਨ ਬੂਟਿਆਂ ਵਿੱਚ ਰਸ ਘੱਟ ਵਹਿਣਦਾ ਹੈ ਅਤੇ ਬੂਟੇ ਬਿਮਾਰੀਆਂ ਤੋਂ ਬਚੇ ਰਹਿੰਦੇ ਹਨ।


