ਮੋਦੀ ਜੀ 400 ਪਾਰ ਦੇ ਦਾਅਵੇ ਕਰ ਰਹੇ ਨੇ, ਪਰ ਉਨਾਂ ਦੇ ਲੀਡਰ ਤੇ ਉਮੀਦਵਾਰ ਪਾਰਟੀ ਛੱਡ ਕੇ ਭੱਜ ਰਹੇ ਨੇ
ਕਿਸਾਨ ਮਜ਼ਦੂਰ ਅੰਦੋਲਨ ਭਾਜਪਾ ਨੂੰ ਸਤਾ ਤੋਂ ਬਾਹਰ ਕਰਨ ਲਈ ਜਨਤਾ ਨੂੰ ਵੋਟ ਦੀ ਚੋਟ ਕਰਨ ਦਾ ਸੱਦਾ ਦੇਵੇ
ਮਾਨਸਾ, ਗੁਰਦਾਸਪੁਰ, 14 ਮਾਰਚ (ਸਰਬਜੀਤ ਸਿੰਘ)- ਸੀਪੀਆਈ (ਐਮ ਐਲ) ਲਿਬਰੇਸ਼ਨ ਦਾ ਕਹਿਣਾ ਹੈ ਕਿ ਚੋਣ ਬਾਂਡਾਂ ਰਾਹੀਂ ਚੋਣ ਫੰਡ ਦੇ ਰੂਪ ਵਿਚ ਕਾਰਪੋਰੇਟ ਕੰਪਨੀਆਂ ਤੋਂ ਲਈ ਅਰਬਾਂ ਰੁਪਏ ਦੀ ਰਿਸ਼ਵਤ ਬਾਰੇ ਦੇਸ਼ ਦੁਨੀਆਂ ਵਿਚ ਹੋ ਰਹੀ ਚਰਚਾ ਨੂੰ ਮੁੱਦਾ ਬਦਲ ਕੇ ਠੱਲ ਪਾਉਣ ਦੇ ਬੁਰੇ ਇਰਾਦੇ ਨਾਲ, ਮੋਦੀ ਸਰਕਾਰ ਵਲੋਂ ਅਪਣੇ ਅੰਤਮ ਦੌਰ ਵਿਚ ਅਚਾਨਕ ਸੀਏਏ ਨੂੰ ਲਾਗੂ ਕਰਨ ਦਾ ਐਲਾਨ ਕਰਨਾ ਇਕ ਫਿਰਕੂ ਧਰੁਵੀਕਰਨ ਦੀ ਸਾਜ਼ਿਸ਼ ਤੋਂ ਬਿਨਾਂ ਹੋਰ ਕੁਝ ਨਹੀਂ।
ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਤੇ ਸੂਬਾਈ ਬੁਲਾਰੇ ਸੁਖਦਰਸ਼ਨ ਸਿੰਘ ਨੱਤ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਵਲੋਂ ਮੋਦੀ ਸਰਕਾਰ ਤੇ ਸਟੇਟ ਬੈਂਕ ਆਫ ਇੰਡੀਆ ਦੇ ਵਕੀਲਾਂ ਦੇ ਚੋਣ ਬਾਂਡਾਂ ਬਾਰੇ ਚੋਣਾਂ ਤੋਂ ਪਹਿਲਾਂ ਜਾਣਕਾਰੀ ਨਾ ਦੇਣ ਦੇ ਸਾਰੇ ਬਹਾਨੇ ਰੱਦ ਕਰਕੇ ਤੁਰੰਤ ਸੂਚਨਾ ਪ੍ਰਦਾਨ ਕਰਨ ਦੇ ਹੁਕਮ ਦੇਣ ਤੋਂ ਬਾਦ ਹੁਣ ਇਸ ਸਰਕਾਰ ਦੀ ਹਾਲਤ ਐਨ ਪਾੜ੍ਹ ‘ਚੋਂ ਫੜੇ ਗਏ ਚੋਰ ਵਰਗੀ ਹੋ ਚੁੱਕੀ ਹੈ। ਇਸੇ ਲਈ ਉਹ ਇਸ ਬਾਰੇ ਮੀਡੀਆ ਚਰਚਾ ਨੂੰ ਠੱਲ ਪਾਉਣ ਲਈ ਕਦੇ ਸੀਏਏ ਲਾਗੂ ਕਰਨ ਤੇ ਕਦੇ ਹਰਿਆਣਾ ਦਾ ਮੁੱਖ ਮੰਤਰੀ ਬਦਲਣ ਵਰਗੇ ਹੋਰ ਮੁੱਦੇ ਉਛਾਲ ਰਹੇ ਹਨ। ਪਰ ਹਰ ਲੰਘਦੇ ਦਿਨ ਮੋਦੀ ਤੇ ਬੀਜੇਪੀ ਦੀ ਹਾਲਤ ਪਤਲੀ ਹੁੰਦੀ ਜਾ ਰਹੀ ਹੈ, ਜਿਸ ਕਾਰਨ ਹੁਣ ਉਸ ਦੇ ਲੀਡਰ ਪਾਰਟੀ ਛੱਡਣ ਜਾ ਚੋਣ ਲੜਨ ਤੋਂ ਟਾਲਾ ਵੱਟਣ ਲੱਗੇ ਹਨ। ਪ੍ਰਧਾਨ ਮੰਤਰੀ ਵਲੋਂ ਵਾਰ ਵਾਰ 400 ਸੀਟ ਪਾਰ ਦੇ ਦਾਅਵੇ ਕਰਨ ਦੇ ਬਾਵਜੂਦ ਸਪਸ਼ਟ ਨਜ਼ਰ ਆ ਰਿਹਾ ਕਿ ਚੋਣਾਂ ਵਿਚ ਬੀਜੇਪੀ ਨੂੰ ਇੰਡੀਆ ਗੱਠਜੋੜ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ।
ਲਿਬਰੇਸ਼ਨ ਆਗੂਆਂ ਨੇ ਦੇਸ਼ ਵਿਚ ਕਿਸਾਨਾਂ, ਖੇਤ ਮਜ਼ਦੂਰਾਂ ਤੇ ਜਥੇਬੰਦ ਕਾਮਿਆਂ ਦੇ ਲਗਾਤਾਰ ਅੱਗੇ ਵੱਧ ਰਹੇ ਹੱਕੀ ਸੰਘਰਸ਼ਾਂ ਤੇ 14 ਮਾਰਚ ਨੂੰ ਦਿੱਲੀ ਵਿਖੇ ਹੋ ਰਹੀ ਮਜ਼ਦੂਰ ਕਿਸਾਨ ਮਹਾਂ ਪੰਚਾਇਤ ਦੀ ਪਾਰਟੀ ਵਲੋਂ ਭਰਭੂਰ ਹਿਮਾਇਤ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਦੇਸ਼ ਦੇ ਸੰਵਿਧਾਨ ਤੇ ਲੋਕਤੰਤਰ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਸੰਸਦੀ ਚੋਣਾਂ ਐਨ ਸਿਰ ‘ਤੇ ਆ ਜਾਣ ਕਾਰਨ ਮਜ਼ਦੂਰ ਕਿਸਾਨ ਅੰਦੋਲਨ ਬੀਜੇਪੀ ਤੇ ਉਸ ਦੇ ਸਹਿਯੋਗੀਆਂ ਖ਼ਿਲਾਫ਼ ਅਪਣੇ “ਵੋਟ ਦੀ ਚੋਟ” ਦੇ ਨਾਹਰੇ ਨੂੰ ਜ਼ੋਰਦਾਰ ਢੰਗ ਨਾਲ ਦੇਸ਼ ਭਰ ਵਿਚ ਲੈ ਕੇ ਜਾਵੇ।


