ਬੁਢਲਾਡਾ, ਗੁਰਦਾਸਪੁਰ, 30 ਅਪ੍ਰੈਲ (ਸਰਬਜੀਤ ਸਿੰਘ)– ਹਰਸਿਮਰਤ ਕੌਰ ਬਾਦਲ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਦਾ ਮੰਤਰਾਲਾ ਇਸ ਖੇਤਰ ਦੇ ਕਿਸਾਨਾਂ ਲਈ ਬਹੁਤ ਕੁੱਝ ਕਰ ਸਕਦਾ ਸੀ, ਪਰ ਇੰਨ੍ਹਾਂ ਵੱਲੋਂ ਇਸ ਹਲਕੇ ਦੀ ਸਾਰ ਨਾ ਲੈ ਕੇ ਕਿਸਾਨਾਂ ਨੂੰ ਪਾਲੇ ਬਾਗ ਪੁੱਟਣ ਲਈ ਮਜ਼ਬੂਰ ਕਰ ਦਿੱਤਾ। ਇਹ ਸ਼ਬਦ ਬੁਢਲਾਡਾ ਹਲਕੇ ਦੇ ਵੱਖ ਵੱਖ ਪਿੰਡਾਂ ਅੰਦਰ ਬਠਿੰਡਾ ਲੋਕ ਸਭਾ ਹਲਕੇ ਦੀ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਮਲੂਕਾ ਨੇ ਕਹੇ। ਉਨ੍ਹਾਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਵੱਲੋਂ ਬਠਿੰਡਾ ਏਮਜ਼ ਨੂੰ ਚੋਣਾਂ ਦੌਰਾਨ ਆਪਣੀ ਪ੍ਰਾਪਤੀ ਗਿਣਾਉਣ ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਲੋਕ ਸਭਾ ਹਲਕਾ ਅੰਗੂਰਾਂ, ਅਮਰੂਦ ਤੇ ਮਾਲਟੇ ਦੇ ਬਾਗਵਾਨੀ ਲਈ ਕਾਫੀ ਮਸ਼ਹੂਰ ਸੀ। ਉੱਥੇ ਹੀ ਉਨ੍ਹਾਂ ਦੇ ਪਤੀ ਸੁਖਬੀਰ ਸਿੰਘ ਬਾਦਲ ਦੇ ਫਿਰੋਜ਼ਪੁਰ ਹਲਕੇ ਦੇ ਅਬੋਹਰ ਚ ਹਜਾਰਾਂ ਏਕੜ ਬਾਗ ਪਿਛਲੇ ਦਸ ਸਾਲਾਂ ਚ ਬਾਗਬਾਨਾਂ ਨੇ ਇਸ ਕਰਕੇ ਪੁੱਟ ਦਿੱਤੇ ਕਿਉਂ ਕਿ ਉਨ੍ਹਾਂ ਦਾ ਫਲ ਮੰਡੀ ਚ ਸਹੀ ਢੰਗ ਨਾਲ ਨਹੀਂ ਵਿਕ ਰਿਹਾ ਸੀ। ਜੇਕਰ ਹਰਸਿਮਰਤ ਕੌਰ ਬਾਦਲ ਚਹੁੰਦੇ ਤਾਂ ਇੰਨ੍ਹਾਂ ਦੋਹਾਂ ਇਲਾਕਿਆਂ ਚ ਮੈਗਾ ਫੂਡ ਪ੍ਰੋਸੈਸਿੰਗ ਯੂਨਿਟ ਲਗਾ ਕੇ ਜਿੱਥੇ ਕਿਸਾਨਾਂ ਨੂੰ ਆਰਥਿਕ ਮੰਦੀ ਚੋ ਕੱਢ ਸਕਦੇ ਸੀ, ਉੱਥੇ ਹਜਾਰਾਂ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰ ਸਕਦੇ ਸਨ। ਪਰ ਤਿੰਨ ਵਾਰ ਮੰਤਰੀ ਰਹੀ ਹਰਸਿਮਰਤ ਕੌਰ ਬਾਦਲ ਨੇ ਲੋਕਾਂ ਨਾਲੋਂ ਆਪਣੇ ਨਿਜ਼ ਨੂੰ ਵਧੇਰੇ ਤਰਜੀਹ ਦਿੱਤੀ ਤੇ ਸੱਤਾ ਦਾ ਸੁੱਖ ਮਾਣਿਆ। ਉਨ੍ਹਾਂ ਕਿਹਾ ਕਿ ਚੋਣ ਜਿੱਤ ਕੇ ਸੰਸਦ ਮੈਂਬਰ ਬਨਣ ਉਪਰੰਤ ਉਹ ਖੁੱਦ ਹੁਣ ਪੰਜਾਬ ਦੇ ਕਿਸਾਨਾਂ ਦੀ ਲੋਕ ਸਭਾ ਚ ਕਿਸਾਨਾਂ ਦੀ ਅਵਾਜ਼ ਬਨਣਗੇ, ਕਿਉਂ ਕਿ ਉਹ ਖੁਦ ਇਕ ਸਧਾਰਨ ਕਿਸਾਨ ਦੀ ਧੀ ਹਨ ਅਤੇ ਉਨ੍ਹਾਂ ਨੂੰ ਭਲੀਭਾਂਤ ਪਤਾ ਹੈ ਕਿ ਕਿਸਾਨ ਤੇ ਖੇਤ ਮਜ਼ਦੂਰਾਂ ਦੀ ਸਥਿਤੀ ਤੇ ਮਜਬੂਰੀ ਕੀ ਹੈ। ਇਸ ਲਈ ਉਹ ਖੇਤ ਉਤਪਾਦਾਂ ਦੇ ਮੰਡੀਕਰਨ ਤੇ ਸਾਂਭ ਸੰਭਾਲ ਲਈ ਕੇਂਦਰ ਤੋਂ ਵੱਡੇ ਪ੍ਰੋਜੈਕਟ ਲੈ ਕੇ ਇਸ ਇਲਾਕੇ ਨੂੰ ਦੇਣਗੇ। ਇਲਾਕੇ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਪਰਮਪਾਲ ਕੌਰ ਨੇ ਕਿਹਾ ਕਿ ਉਹ ਇਸ ਵਾਰ ਉਨ੍ਹਾਂ ਤੇ ਭਰੋਸਾ ਕਰਦੇ ਹੋਏ ਵੋਟ ਜਰੂਰ ਪਾਉਣ ਤੇ ਕਮਲ ਦੇ ਫੁੱਲ ਵਾਲਾ ਬਟਨ ਦੱਬ ਕੇ ਉਨ੍ਹਾਂ ਨੂੰ ਲੋਕ ਸਭਾ ਚ ਭੇਜਣ। ਇਸ ਮੌਕੇ ਜਿਲ੍ਹਾ ਪ੍ਰਧਾਨ ਰਾਕੇਸ਼ ਜੈਨ, ਦਰਸ਼ਨ ਸਿੰਘ ਦਰਸ਼ੀ ਤੋਂ ਇਲਾਵਾ ਵਰਕਰ ਮੌਜੂਦ ਸਨ।


