ਇਹ ਭੜਕਾਊ ਵਾਰਦਾਤਾਂ ਪੰਜਾਬ ਨੂੰ ਬੀਤੇ ਮਾੜੇ ਦੌਰ ਵਿੱਚ ਵਾਪਸ ਲੈਜਾਣ ਦੀ ਸੋਚੀ-ਸਮਝੀ ਸਾਜ਼ਿਸ਼
ਗੁਰਦਾਸਪੁਰ, 6 ਨਵੰਬਰ (ਸਰਬਜੀਤ ਸਿੰਘ)- ਸੀਪੀਆਈ (ਐਮਐਲ) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਨੱਤ ਨੇ ਇੱਕ ਲਿਖਿਤ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਸ਼ਿਵ ਸੈਨਾ ਹਿੰਦੋਸਤਾਨ ਦੇ ਪ੍ਰਮੁੱਖ ਸੁਧੀਰ ਸੂਰੀ ਦਾ ਕਤਲ ਪਿਛਲੇ ਕੁਝ ਅਰਸੇ ਲਈਤੋਂ ਪੰਜਾਬ ਵਿੱਚ ਨਫ਼ਰਤ ਭਰੇ ਭਾਸ਼ਣਾਂ ਰਾਹੀਂ ਮਾਹੌਲ ਨੂੰ ਖ਼ਰਾਬ ਕਰਨ ਦੀਆਂ ਯੋਜਨਾਬੱਧ ਕੋਸ਼ਿਸ਼ਾਂ ਦਾ ਨਤੀਜਾ ਹੈ। ਸੀਪੀਆਈ (ਐਮਐਲ) ਲਿਬਰੇਸ਼ਨ ਇਸ ਕਤਲ ਕਾਂਡ ਦੀ ਸਖ਼ਤ ਨਿੰਦਾ ਕਰਦੀ ਹੈ। ਪਾਰਟੀ ਨੇ ਮੁੱਖ ਮੰਤਰੀ ਭਗਵੰਤ ਮਾਨ – ਜਿੰਨਾਂ ਕੋਲ ਗ੍ਰਹਿ ਮੰਤਰਾਲਾ ਵੀ ਹੈ – ਤੋਂ ਮੰਗ ਕੀਤੀ ਹੈ ਕਿ ਹੋਰਨਾਂ ਸੂਬਿਆਂ ‘ਚ ਸਿਆਸੀ ਸਰਗਰਮੀਆਂ ਵਿਚ ਰੁਝੇ ਰਹਿਣ ਦੀ ਬਜਾਏ, ਸਭ ਤੋਂ ਪਹਿਲਾਂ ਉਹ ਪੰਜਾਬ ਦੇ ਮਾਮਲਿਆਂ ਵੱਲ ਧਿਆਨ ਦੇਣ।
ਪਾਰਟੀ ਦਾ ਕਹਿਣਾ ਹੈ ਕਿ ਚਿੰਤਾ ਦੀ ਗੱਲ ਹੈ ਕਿ ਪੰਜਾਬ ਦੀ ‘ਆਪ’ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਮੂਕ ਦਰਸ਼ਕ ਬਣ ਕੇ ਭੜਕਾਊ ਤਾਕਤਾਂ ਨੂੰ ਹੱਲਾਸ਼ੇਰੀ ਦੇ ਰਹੀਆਂ ਹਨ। ਕਿਉਂਕਿ ਪੰਜਾਬ ਵਿੱਚ ਕੋਈ ਹਿੰਦੂ ਰਾਸ਼ਟਰ ਦੀ ਆਵਾਜ਼ ਉਠਾਵੇ ਜਾਂ ਖਾਲਿਸਤਾਨ ਦੀ, ਦੋਵਾਂ ਦਾ ਸਭ ਤੋਂ ਵੱਧ ਲਾਭ ਫਿਰਕੂ ਫਾਸੀਵਾਦੀ ਸੰਘ-ਬੀਜੇਪੀ ਨੂੰ ਹੀ ਮਿਲਦਾ ਹੈ।
ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਪੰਜਾਬੀਆਂ ਨੂੰ ਸੁਚੇਤ ਕੀਤਾ ਹੈ ਕਿ ਇਹੋ ਜਹੀਆਂ ਵਾਰਦਾਤਾਂ ਪੰਜਾਬ ਨੂੰ ਮੁੜ ਬੀਤੇ ਦੇ ਮਾੜੇ ਦੌਰ ਵਿੱਚ ਵਾਪਸ ਲੈਜਾਣ ਦੀ ਸੋਚੀ-ਸਮਝੀ ਸਾਜ਼ਿਸ਼ ਹਨ। ਇਸ ਦੇ ਨਾਲ ਹੀ ਪਾਰਟੀ ਨੇ ਪੰਜਾਬੀਆਂ ਨੂੰ ਪੰਜਾਬ ਦੇ ਅਣਸੁਲਝੇ ਸਿਆਸੀ ਮਸਲਿਆਂ ਅਤੇ ਲੋਕਾਂ ਦੇ ਬੁਨਿਆਦੀ ਸਵਾਲਾਂ ਬਾਰੇ ਧਾਰਮਿਕ ਤੇ ਜਾਤੀ ਵਖਰੇਵਿਆ ਤੋਂ ਉਪਰ ਉਠਦਿਆਂ ਇਕਜੁੱਟ ਹੋ ਕੇ ਲੋਕ ਸੰਘਰਸ਼ ਤੇਜ਼ ਕਰਨ ਦਾ ਵੀ ਸੱਦਾ ਦਿੰਦੀ ਹੈ।


