ਮਾਨਸਾ, ਗੁਰਦਾਸਪੁਰ 11 ਅਕਤੂਬਰ (ਸਰਬਜੀਤ ਸਿੰਘ)- ਇਥੋਂ ਦੀਆਂ ਸਮੂਹ ਇਨਸਾਫ਼ ਜਥੇਬੰਦੀਆਂ ਵਲੋਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਗਵੱਈ ਉਤੇ ਜੁੱਤਾ ਸੁੱਟਣ ਵਾਲੇ ਜਾਤ ਹੰਕਾਰੀ ਅਤੇ ਹਰਿਆਣਾ ਦੇ ਏਡੀਜੀਪੀ ਪੂਰਨ ਕੁਮਾਰ ਵਲੋਂ ਜਾਤੀ ਅਪਮਾਨ ਕਾਰਨ ਕੀਤੀ ਖੁਦਕੁਸ਼ੀ ਦੀ ਘਟਨਾ ਖ਼ਿਲਾਫ਼ ਰੋਸ ਪ੍ਰਗਟ ਕਰਨ ਅਤੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕਰਨ ਲਈ 12 ਅਕਤੂਬਰ ਨੂੰ ਦੁਪਹਿਰ ਦੋ ਵਜੇ ਸ਼ਹਿਰ ਦੇ ਗੁਰਦੁਆਰਾ ਚੌਂਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਰੋਸ ਪ੍ਰਦਰਸ਼ਨ ਦਾ ਸੱਦਾ ਦੇਣ ਵਾਲੇ ਆਗੂਆਂ ਸੁਖਦਰਸ਼ਨ ਸਿੰਘ ਨੱਤ, ਅਮੋਲਕ ਡੇਲੂਆਣਾ, ਪਰਮਿੰਦਰ ਸਿੰਘ, ਸਿਕੰਦਰ ਸਿੰਘ ਘਰਾਂਗਣਾਂ, ਗੁਰਮੇਲ ਸਿੰਘ ਬੋੜਾਵਾਲ ਅਤੇ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਦੇ ਆਗੂ ਬਲਵਿੰਦਰ ਸਿੰਘ ਵਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ ਸੰਘ-ਬੀਜੇਪੀ ਦੀ ਸਰਪ੍ਰਸਤੀ ਅਤੇ ਮੋਦੀ ਹਕੂਮਤ ਦੀ ਹੱਲਾਸ਼ੇਰੀ ਸਦਕਾ ਸੰਵਿਧਾਨ ਵਿਰੋਧੀ ਮੰਨੂੰਵਾਦੀ ਤਾਕਤਾਂ ਵੱਲੋ ਦੇਸ਼ ਦੇ ਆਮ ਦਲਿਤ ਗਰੀਬਾਂ ਤੋਂ ਲੈ ਕੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਵਰਗੇ ਉੱਚੇ ਸੰਵਿਧਾਨਕ ਅਹੁਦੇ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਚੇ ਅਹੁਦਿਆਂ ਤੱਕ ਪਹੁੰਚੇ ਦਲਿਤਾਂ ਪਛੜਿਆਂ ਤੇ ਆਦਿਵਾਸੀਆਂ ਦੇ ਦਮਨ, ਅਪਮਾਨ ਅਤੇ ਜਾਤੀ ਵਿਤਕਰੇ ਦਾ ਕੋਈ ਮੌਕਾ ਨਹੀਂ ਜਾਣ ਦਿੱਤਾ ਜਾਂਦਾ। ਸਾਡਾ ਮਨੋਰਥ ਇਕਵੀਂ ਸਦੀ ਵਿੱਚ ਜਾਰੀ ਇਸ ਜਾਤੀ ਵਿਤਕਰੇ ਤੇ ਅਪਮਾਨ ਖ਼ਿਲਾਫ਼ ਸਮੁੱਚੀ ਦਲਿਤ ਸ਼ੋਸ਼ਿਤ ਜਨਤਾ ਨੂੰ ਜਾਗਰੂਕ ਤੇ ਜਥੇਬੰਦ ਕਰਨਾ ਹੈ। ਤਾਂ ਜੋ ਅਜਿਹੇ ਕਾਰਪੋਰੇਟ ਪ੍ਰਸਤ ਫਸਿਸਟ ਤੇ ਮੰਨੂਵਾਦੀ ਸ਼ਕਤੀਆਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਸਕੇ।


