26 ਮਈ ਨੂੰ ਸੁਨਾਮ ਵਿਖੇ ਹੋਵੇਗਾ ਇੱਕਠ
ਸੁਨਾਮ ਉੱਧਮ ਸਿੰਘ ਵਾਲਾ, ਗੁਰਦਾਸਪੁਰ, 20 ਮਈ (ਸਰਬਜੀਤ ਸਿੰਘ)–ਦੇਸ਼ ਦੀ ਪ੍ਰਮੁੱਖ ਇਨਕਲਾਬੀ ਕਮਿਊਨਿਸਟ ਪਾਰਟੀ ਸੀਪੀਆਈ ਐੱਮਐੱਲ ਲਿਬਰੇਸ਼ਨ ਨੇ ਐਲਾਨ ਕੀਤਾ ਹੈ ਕਿ ਲੋਕ ਸਭਾ ਚੋਣਾਂ ਵਿੱਚ ਮੋਦੀ ਸਰਕਾਰ ਦੀ ਫਿਰਕੂ ਫਾਸਿਸਟ ਪਹੁੰਚ ਖ਼ਿਲਾਫ਼ ਸੰਗਰੂਰ ਸੀਟ ਤੋਂ ਕਾਂਗਰਸ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਡਟਵੀਂ ਸਰਗਰਮ ਹਿਮਾਇਤ ਕੀਤੀ ਜਾਵੇਗੀ।
ਅੱਜ ਇੱਥੇ ਲਿਬਰੇਸ਼ਨ ਮੇਲਾ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਜੰਗ ਵਿਰੋਧੀ ਲਹਿਰ ਦੇ ਸ਼ਹੀਦਾਂ ਬਲਵਿੰਦਰ ਸਿੰਘ ਸਮਾਓ ਤੇ ਮਨੋਜ ਕੁਮਾਰ ਭੀਖੀ ਨੂੰ ਸਰਧਾਂਜਲੀ ਭੇਂਟ ਕਰਨ ਤੋਂ ਬਾਅਦ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਸੂਬਾ ਆਗੂ ਗੋਬਿੰਦ ਸਿੰਘ ਛਾਜਲੀ ਤੇ ਹਰਭਗਵਾਨ ਭੀਖੀ ਨੇ ਕਿਹਾ ਕਿ ਅੱਜ ਜਿਸ ਪੱਧਰ ਉੱਤੇ ਦੇਸ਼ ਤੇ ਫਿਰਕੂ ਹਮਲਾ ਮੰਡਰਾ ਰਿਹਾ ਹੈ ਉਸ ਨੂੰ ਨਕੇਲ ਪਾਉਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਪੱਧਰ ਤੇ ਮੋਦੀ ਹਕੂਮਤ ਨੂੰ ਕਾਂਗਰਸ ਦੀ ਅਗਵਾਈ ਵਿੱਚ ਟੱਕਰ ਦਿੱਤੀ ਜਾ ਸਕਦੀ ਹੈ।
ਲਿਬਰੇਸ਼ਨ ਆਗੂਆਂ ਨੇ ਕਿਹਾ ਕਿ ਪਾਰਟੀ ਸਮਝਦੀ ਹੈ ਕਿ ਇੰਡੀਆ ਗਠਜੋੜ ਦੀਆਂ ਦੋਵੇਂ ਭਾਈਵਾਲ ਪਾਰਟੀਆਂ ਕਾਂਗਰਸ ਤੇ ਆਪ ਕਾਰਪੋਰੇਟ ਘਰਾਣਿਆਂ ਦੀਆਂ ਚਾਪਲੂਸ ਹਨ ਤੇ ਲਿਬਰੇਸ਼ਨ ਕਾਂਗਰਸ ਵੱਲੋਂ ਲਾਈ ਐਮਰਜੈਂਸੀ,ਚੁਰਾਸੀ ਤੇ ਅੱਤਵਾਦ ਦੇ ਕਾਲੇ ਦੌਰ ਅਤੇ ਦੇਸ਼ ਦੀ ਪ੍ਰਭੂਸੱਤਾ ਤੇ ਸਵੈਮਾਣ ਨੂੰ ਗਿਰਵੀਂ ਰੱਖ ਲਾਗੂ ਕੀਤੀਆਂ ਆਰਥਿਕ ਨੀਤੀਆਂ ਨੂੰ ਕਦੇ ਨਹੀਂ ਭੁੱਲ ਸਕਦੀ।ਪਰ ਅੱਜ ਜਿਸ ਨਾਜ਼ੁਕ ਦੌਰ ਵਿੱਚ ਦੇਸ਼ ਭਾਜਪਾ ਨੇ ਫਸਾ ਦਿੱਤਾ ਹੈ ਉਸ ਹਾਲਤ ਵਿੱਚ ਪਾਰਟੀ ਦਾਅਪੇਚਕ ਤੌਰ ਤੇ ਕਾਂਗਰਸ ਦੀ ਡਟਵੀਂ ਹਿਮਾਇਤ ਕਰੇਗੀ। ਉਨ੍ਹਾਂ ਕਿਹਾ ਕਿ 26ਮਈ ਨੂੰ ਸੁਨਾਮ ਵਿਖੇ ਲਿਬਰੇਸ਼ਨ ਵੱਲੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਵਿਸ਼ਾਲ ਇਕੱਤਰਤਾ ਕੀਤੀ ਜਾਵੇਗੀ। ਮੀਟਿੰਗ ਨੂੰ ਘੁਮੰਡ ਸਿੰਘ ਖਾਲਸਾ, ਸੰਤੋਸ਼ ਰਾਣੀ ਦਿੜ੍ਹਬਾ, ਧਰਮਪਾਲ ਸੁਨਾਮ,ਬਿੱਟੂ ਖੋਖਰ,ਜੰਟੀ ਸਿੰਘ ,ਰਾਮ ਸਿੰਘ ਕੁਲਾਰ, ਸੁਖਪਾਲ ਕੌਰ,ਰਾਮ ਕਾਲ ਬੰਜਾਰਾ ਆਦਿ ਨੇ ਵੀ ਸੰਬੋਧਨ ਕੀਤਾ।
