ਗਾਜ਼ਾ ਵਿੱਚ ਜ਼ਿਓਨਵਾਦੀ ਇਜ਼ਰਾਈਲ ਵਲੋਂ ਪੱਤਰਕਾਰਾਂ ਦਾ ਕਤਲੇਆਮ

ਸੰਗਰੂਰ-ਬਰਨਾਲਾ

ਪੱਤਰਕਾਰੀ ਦੇ ਖੇਤਰ ‘ਚ ਇੱਕ ਹੋਰ ਕਾਲ਼ਾ ਦਿਨ

ਬਰਨਾਲਾ, ਗੁਰਦਾਸਪੁਰ, 13 ਅਗਸਤ (ਸਰਬਜੀਤ ਸਿੰਘ)– ਗਾਜ਼ਾ ਵਿੱਚ ਹਰ ਰੋਜ਼ ਇਜ਼ਰਾਈਲੀ ਫੌਜ ਵੱਲੋਂ  ਆਮ ਲੋਕਾਂ ਦਾ ਨਸਲੀ ਸਫ਼ਾਇਆ ਕੀਤਾ ਜਾ ਰਿਹਾ ਹੈ, ਜਿਸਦਾ ਦੁਨੀਆਂ ਪੱਧਰ ‘ਤੇ ਤਿੱਖਾ ਵਿਰੋਧ ਹੋ ਰਿਹਾ ਹੈ। ਸੀਪੀਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਮਿਲਕੇ  ਫ਼ਲਸਤੀਨੀ ਲੋਕਾਂ ਦਾ ਘਾਣ ਕੀਤਾ ਜਾ ਰਿਹਾ, ਹੁਣ ਤੱਕ 61 ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਬੱਚਿਆਂ ਦੀ ਹੈ। ਕੱਲ੍ਹ ਇਜ਼ਰਾਈਲੀ ਹਮਲੇ ਵਿੱਚ ਛੇ ਪੱਤਰਕਾਰ ਵੀ ਮਾਰੇ ਗਏ ਹਨ। ਅਲ ਜਜ਼ੀਰਾ ਦੇ  ਪੱਤਰਕਾਰ ‘ਅਨਸ ਅਲ ਸ਼ਰੀਫ਼’ ਵੱਲੋਂ ਆਪਣੀ ਮੌਤ ਤੋਂ ਪਹਿਲਾਂ   ਇੱਕ ਵੀਡਿਓ ਜਾਰੀ ਕੀਤੀ ਗਈ ਸੀ। ਜਿਨ੍ਹਾਂ ਨੂੰ ਗਾਜ਼ਾ ਵਿੱਚ ਪੰਜ ਹੋਰਨਾਂ ਪੱਤਰਕਾਰਾਂ ਸਮੇਤ ਅਤੰਕਵਾਦੀ ਜ਼ਿਓਨਵਾਦੀ ਇਜ਼ਰਾਈਲੀ ਸੈਨਾ ਨੇ ਬੰਬ ਸੁੱਟ ਕੇ ਮਾਰ  ਦਿੱਤਾ ਹੈ। ਇਹਨਾਂ ਦੀ ਹੱਤਿਆ ਇਜ਼ਰਾਈਲੀ ਫੌਜ ਵੱਲੋਂ ਉਸ ਸਮੇਂ ਕੀਤੀ ਗਈ ਜਦੋਂ ਗਾਜ਼ਾ ਵਿੱਚ ਹੋ ਰਹੀ ਭਿਆਨਕ ਬੰਬਾਰੀ ਤੋਂ ਬਚਣ ਲਈ ਆਮ ਲੋਕਾਂ ਨੇ ਇੱਕ ਹਸਪਤਾਲ ਵਿੱਚ ਤੰਬੂ ਲਾ ਕੇ ਸ਼ਰਨ ਲਈ ਹੋਈ ਸੀ। ਅਨਸ ਅਲ ਸ਼ਰੀਫ਼ ਇੱਕ ਅਜਿਹਾ ਜਾਂਬਾਜ਼ ਪੱਤਰਕਾਰ ਸੀ,  ਜੋ ਸ਼ਾਇਦ ਗਾਜ਼ਾ ਦਾ ਆਖ਼ਰੀ ਪੱਤਰਕਾਰ ਹੋਵੇ, ਜਿਸ ਨੇ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਸਮੂਹਿਕ ਕਤਲੇਆਮ ਅਤੇ ਪੈਦਾ ਕੀਤੀ ਗਈ ਭੁਖਮਰੀ  ਬਾਰੇ ਆਪਣੀ ਮੌਤ ਤੋਂ ਪਹਿਲਾਂ ਤੱਕ ਰਿਪੋਰਟ ਕਰਦਾ ਰਿਹਾ ਅਤੇ ਦੁਨੀਆਂ ਨੂੰ ਪਲ ਪਲ ਦੀ ਖ਼ਬਰ ਭੇਜ ਰਿਹਾ ਸੀ। ਬਹੁਤ  ਸਾਰੇ ਪੱਤਰਕਾਰਾਂ ਖ਼ਾਸ ਕਰਕੇ ਅਲ ਜਜ਼ੀਰਾ ਦੇ ਪੱਤਰਕਾਰਾਂ ਨੂੰ ਇਜ਼ਰਾਈਲੀ ਫੌਜ ਨੇ ਪਹਿਲਾਂ ਹੀ ਮਾਰ ਦਿੱਤਾ ਹੈ, ਗਾਜ਼ਾ ਅਤੇ ਵੈਸਟ ਬੈਂਕ ਵਿੱਚ ਉਹਨਾਂ ਦੇ ਦਫ਼ਤਰ ਬੰਦ ਕਰ ਦਿੱਤੇ ਹਨ। 28 ਸਾਲਾ ਅਨਸ ਅਲ ਸ਼ਰੀਫ਼  ਇਜ਼ਰਾਈਲੀ ਸੈਨਾ ਅਤੇ ਉਸ ਵੱਲੋਂ ਸਥਾਪਿਤ ਕੀਤੀ ‘ਗਾਜ਼ਾ ਹਿਉਮਨਟੇਰੀਅਨ ਫਾਉਂਡੇਸ਼ਨ’ ਦੇ  ਰਾਹੀਂ ਰਾਹਤ ਸਮੱਗਰੀ ਵੰਡਣ ਸਮੇਂ ਇਕੱਠੇ ਹੋਏ ਅਤੇ ਭੁੱਖੇ-ਪਿਆਸੇ ਬੱਚਿਆਂ ਸਮੇਤ ਆਮ ਲੋਕਾਂ ‘ਤੇ ਬੰਬਾਰੀ ਕੀਤੀ ਗਈ । ਸ਼ਰੀਫ਼ ਇਸ ਕਤਲੇਆਮ ਦੀਆਂ ਦੁਨੀਆਂ ਭਰ ਵਿੱਚ ਖ਼ਬਰਾਂ ਪਹੁੰਚਾਉਣ ਲਈ ਜੋਖ਼ਮ ਭਰਿਆ ਕੰਮ ਕਰ ਰਿਹਾ ਸੀ। ਇਜ਼ਰਾਈਲ ਸੈਨਾ ਵੱਲੋਂ ਅਕਤੂਬਰ 2023 ਤੋਂ ਲੈਕੇ ਹੁਣ ਤੱਕ ਗਾਜ਼ਾ ਵਿੱਚ 186 ਪੱਤਰਕਾਰਾਂ ਦੀ ਹੱਤਿਆ ਕਰ ਦਿੱਤੀ ਗਈ ਹੈ। ਇਜ਼ਰਾਈਲ ਅਤੇ ਉਸਦੇ ਸਰਪ੍ਰਸਤ ਅਮਰੀਕੀ ਸਾਮਰਾਜਵਾਦ ਵੱਲੋਂ ਮਿਲਕੇ ਗਾਜ਼ਾ ਵਿੱਚ ਚਲਾਇਆ ਜਾ ਰਿਹਾ ਫ਼ਲਸਤੀਨੀਆਂ ਦਾ ਨਸਲੀ ਸਫ਼ਾਇਆ ਮਾਨਵਤਾ ਦੇ ਖ਼ਿਲਾਫ਼ ਹੋਣ ਵਾਲ਼ਾ ਹੁਣ ਤੱਕ ਦਾ ਸਭ ਤੋਂ ਵੱਡਾ ਅਪਰਾਧ ਹੈ। ਇਸ ਖ਼ੂਨੀ ਅਪਰਾਧ ਵਿੱਚ ਫਾਸ਼ੀਵਾਦੀ ਮੋਦੀ ਸਰਕਾਰ ਵੀ ਬਰਾਬਰ ਦੀ ਜ਼ਿੰਮੇਵਾਰ ਹੈ, ਜੋ ਇਸ ਖ਼ੂਨੀ ਖੇਲ ਵਿੱਚ ਇਜ਼ਰਾਈਲ ਦੀ ਮੱਦਦ ਕਰ ਰਹੀ ਹੈ। ਦੁੱਖ ਦੀ ਗੱਲ ਇਹ ਹੈ, ਕਿ ਓਥੇ ਅੱਖਾਂ ਨਾਲ ਦੇਖੀ ਜਾਣ ਵਾਲੀ ਰਿਪੋਰਟਿੰਗ ਕਰਨ ਵਾਲਾ ਹੁਣ ਕੋਈ ਨਹੀਂ ਬਚਿਆ। ਬੈਂਜਾਮਿਨ ਨੇਤਨਯਾਹੂ ਅਤੇ ਉਸਦੇ ਆਕਾ ਟਰੰਪ   ਵੱਲੋਂ  ਯੋਜਨਾ ਵੱਧ ਢੰਗ ਨਾਲ ਗਾਜ਼ਾ ਨਿਵਾਸੀਆਂ ਦਾ  ਕਤਲੇਆਮ ਕਰਕੇ,  ਗਾਜ਼ਾ ਨੂੰ ਆਪਣੀ ਬਸਤੀ ਬਨਾਉਣਾ ਚਾਹੁੰਦੇ ਹਨ। ਇਹ ਵੀਡੀਓ ਅਨਸ ਅਲ ਸ਼ਰੀਫ਼ ਵੱਲੋਂ ਗਾਜ਼ਾ ਵਿੱਚ ਵਿਛੜੇ ਆਪਣੇ ਪ੍ਰੀਵਾਰ, ਜਿਸ ਵਿੱਚ ਉਸਦੀ ਛੋਟੀ ਬੱਚੀ ਵੀ ਹੈ , ਆਖ਼ਰੀ ਮਿਲਣੀ ਸਮੇਂ ਦੀ ਹੈ। ਇਹ ਪੱਤਰਕਾਰ ਜੋ ਤਾਨਾਸ਼ਾਹ ਅਤੇ ਜ਼ਾਲਮ ਜ਼ਿਓਨਵਾਦੀ ਨਿਯਾਮ ਦੇ ਖ਼ਿਲਾਫ਼ ਬੇਖੌਫ਼ ਤਰੀਕੇ ਨਾਲ ਗਾਜ਼ਾ ਦੀ ਜਨਤਾ ਦੇ ਪੱਖ ਵਿੱਚ ਪੱਤਰਕਾਰੀ ਕਰਦੇ ਸਨ,  ਇਹ ਦਿਨ ਪੂਰੀ ਦੁਨੀਆਂ ਦੇ ਪੱਤਰਕਾਰਾਂ ਅਤੇ ਆਮ ਲੋਕਾਂ ਦੇ  ਲਈ ਇੱਕ ਕਾਲੇ ਦਿਨ ਵਜੋਂ ਜਾਣਿਆ ਜਾਵੇਗਾ।

Leave a Reply

Your email address will not be published. Required fields are marked *