ਤਰਗੋਤਰਾ ਇਓਸ਼ਧੀ ਅਤੇ ਇਸ਼ੂਸ਼ੂਰਤ ਆਨਲਾਈਨ ਪੋਰਟਲ ਦਾ ਕੀਤਾ ਬਾਈਕਾਟ
ਮਾਨਸਾ, ਗੁਰਦਾਸਪੁਰ, 11 ਅਪ੍ਰੈਲ ( ਸਰਬਜੀਤ ਸਿੰਘ)– ਕਮਿਊਨਟੀ ਹੈਲਥ ਅਫ਼ਸਰ ਐਸੋਸੀਏਸ਼ਨ ਦੇ ਪ੍ਰਧਾਨ ਡਾ ਸੁਨੀਲ ਤਰਗੋਤਰਾ ਨੇ ਦੱਸਿਆ ਕਿ ਸੂਬੇ ਵਿੱਚ 2500 ਸੀ ਐੱਚ ਓ ਪਿੰਡਾਂ ਵਿੱਚ ਚੱਲਦੇ ਆਯੂਸ਼ਮਾਨ ਅਰੋਗਿਆ ਕੇਂਦਰਾਂ ਵਿੱਚ ਸਿਹਤ ਸੇਵਾਵਾਂ ਦੇ ਰਹੇ ਹਨ ਅਤੇ ਪਿੰਡਾਂ ਵਿੱਚ ਗ਼ੈਰ ਸੰਚਾਰੂ ਬਿਮਾਰੀਆਂ ਨੂੰ ਨੱਥ ਪਾਉਣ ਵਿੱਚ ਆਪਣਾ ਅਹਿਮ ਯੋਗਦਾਨ ਦੇ ਰਹੇ ਹਨ ।ਪਰੰਤੂ ਸਰਕਾਰ ਵੱਲੋਂ ਸਿਹਤ ਨੂੰ ਸਿਰਫ਼ ਆਂਕੜੀਆਂ ਦੀ ਖੇਡ ਬਣਾਇਆ ਜਾ ਰਿਹਾ ਹੈ ਜਿਸਦੇ ਚਲਦੇ ਕਮਿਊਨਟੀ ਹੈਲਥ ਅਫ਼ਸਰ ਪਹਿਲਾਂ ਤੋਂ ਹੀ 7 ਆਨਲਾਈਨ ਪੋਰਟਲਾਂ ਉੱਤੇ ਕੰਮ ਕਰ ਰਹੇ ਹਨ ਅਤੇ ਹੁਣ ਦੋ ਨਵੇਂ ਪੋਰਟਲ ਇਓਸ਼ਧੀ ਅਤੇ ਈਸੁਸ਼ਰਤ ਨੂੰ ਵੀ ਕਮਿਊਨਟੀ ਹੈਲਥ ਅਫਸਰਾਂ ਦੇ ਮੱਥੇ ਮੜ੍ਹਨ ਦੀ ਤਿਆਰੀ ਕੀਤੀ ਜਾ ਰਹੀ ਹੈ ।ਪਰੰਤੂ ਹੁਣ ਯੂਨੀਅਨ ਵਲੋਂ ਇਸਦੀ ਸਖ਼ਤ ਵਿਰੋਧਤਾ ਕਰਦੇ ਹੋਏ ਇਹਨਾਂ ਦੋਨਾਂ ਆਨਲਾਈਨ ਪੋਰਟਲਾਂ ਨੂੰ ਸਿਰੇ ਤੋਂ ਬਾਇਕੌਟ ਕੀਤਾ ਗਿਆ ਹੈ ਅਤੇ ਵਿਭਾਗ ਅਤੇ ਸਰਕਾਰ ਕੋਲੋਂ ਇਹ ਮੰਗ ਕੀਤੀ ਗਈ ਹੈ ਕਿ ਆਯੂਸ਼ਮਾਨ ਆਰੋਗਿਆ ਕੇਂਦਰਾਂ ਤੇ ਆਨਲਾਈਨ ਕੰਮ ਕਰਨ ਲਈ ਕੰਪਿਊਟਰ ਓਪਰੇਟਰ ਮੋਹਈਆ ਕਰਵਾਏ ਜਾਣ ਕਿਉਂਕਿ ਜਦੋਂ ਸੀਐਚਓ ਵਲੋਂ ਸੈਂਟਰਾਂ ਉੱਤੇ ਬੈਠ ਕੇ ਆਨਲਾਈਨ ਕੰਮ ਕੀਤਾ ਜਾਂਦਾ ਹੈ ਇਸ ਨਾਲ ਸਿਹਤ ਸੇਵਾਵਾਂ ਵੱਡੇ ਪੱਧਰ ਤੇ ਪ੍ਰਭਾਵਿਤ ਹੁੰਦੀਆਂ ਹਨ ਡਿਊਟੀ ਦੇ ਸਮੇਂ ਵਿਚੋਂ ਵੱਡਾ ਹਿੱਸਾ ਆਨਲਾਈਨ ਪੋਰਟਲਾਂ ਉੱਤੇ ਕੰਮ ਕਰਨ ਵਿਚ ਨਿਕਲਦਾ ਹੈ ਅਤੇ ਮਰੀਜ਼ਾਂ ਦੀ ਝੋਲੀ ਵਿਚ ਘੱਟ ਸਮਾਂ ਪੈਂਦਾ ਹੈ । ਤੇ ਜੇ ਹੁਣ ਨਵੇਂ ਆਏ ਦੋਨੋਂ ਪੋਰਟਲ ਉੱਤੇ ਵੀ ਕਮਿਊਨਟੀ ਹੈਲਥ ਅਫ਼ਸਰਾਂ ਕੋਲੋਂ ਹੀ ਕੰਮ ਕਰਵਾਇਆ ਜਾਏਗਾ ਤੇ ਜ਼ਮੀਨੀ ਪੱਧਰ ਤੇ ਸਿਹਤ ਸਹੂਲਤਾਂ ਲਗਭਗ ਨਾਮਾਤਰ ਰਹਿ ਜਾਣਗੀਆਂ ।ਇਸ ਲਈ ਲੋਕਹਿੱਤ ਨੂੰ ਮੁੱਖ ਰੱਖਦੇ ਹੋਏ ਅਸੀਂ ਇਹਨਾਂ ਦੋਨਾਂ ਪੋਰਟਲਾਂ ਦਾ ਬਾਇਕੌਟ ਕਰਦੇ ਹਾਂ ਅਤੇ ਸਰਕਾਰ ਨੂੰ ਆਯੂਸ਼ਮਾਨ ਅਰੋਗਿਆ ਕੇਂਦਰਾ ਉੱਤੇ ਕੰਪਿਊਟਰ ਓਪਰੇਟਰ ਭਰਤੀ ਕਰਨ ਦੀ ਅਪੀਲ ਕਰਦੇ ਹਾਂ।ਉਹਨਾਂ ਵੱਲੋਂ ਆਪਣੀਆਂ ਮੰਗਾਂ ਦੋਹਰਾਉਂਦੇ ਹੋਏ ਕਿਹਾ ਗਿਆ ਕਿ ਪੰਜਾਬ ਵਿੱਚ ਸੀ ਐਚ ਓ ਨੂੰ ਬਾਕੀ ਸੂਬਿਆਂ ਨਾਲ਼ੋਂ 5000/- ਘੱਟ ਤਨਖ਼ਾਹ ਦਿੱਤੀ ਜਾ ਰਹੀ ਹੈ ਇਸ ਲਈ ਮੁੱਢਲੀ ਤਨਖ਼ਾਹ ਵਿੱਚ ਸੋਧ ਕਰਕੇ ਬਾਕੀ ਸੂਬਿਆਂ ਦੇ ਬਰਾਬਰ ਤਨਖ਼ਾਹ ਕੀਤੀ ਜਾਵੇ, ਨੌਕਰੀ ਦੇ ਪੰਜ ਸਾਲ ਪੂਰੇ ਕਰਨ ਤੇ ਮਿਲਣ ਵਾਲਾ 15% ਲੋਇਲਟੀ ਬੋਨਸ ਜਾਰੀ ਕੀਤਾ ਜਾਵੇ, ਉਹਨਾਂ ਦੇ ਤਨਖ਼ਾਹ ਅਤੇ ਇਨਸੈਂਟਿਵ ਮਰਜ਼ ਕੀਤੇ ਜਾਣ ।


