ਮਾਨਸਾ ਗੁਰਦਾਸਪੁਰ, 21 ਮਾਰਚ (ਸਰਬਜੀਤ ਸਿੰਘ)– ਅੰਤਰਰਾਸ਼ਟਰੀ ਭਾਈਚਾਰੇ ਅਤੇ ਅਰਬ ਦੁਨੀਆਂ ਦੇ ਲਈ ਸਭ ਤੋਂ ਵੱਧ ਸ਼ਰਮ ਵਾਲੀ ਗੱਲ ਇਹ ਹੈ ਕਿ ਅੱਜ ਫ਼ਲਸਤੀਨੀ ਜਨਤਾ ਦੇ ਉੱਪਰ ਹੋ ਰਹੇ ਭਿਆਨਕ ਹਮਲੇ ਨੂੰ ਉਹ ਮਹਿਜ਼ ਮੂਕਦਰਸ਼ਕ ਦਰਸ਼ਕ ਬਣਕੇ ਦੇਖ ਰਹੇ ਹਨ! ਕੱਲ੍ਹ ਇਜ਼ਰਾਈਲ ਨੇ ਗਾਜ਼ਾ ਪੱਟੀ ਉੱਪਰ ਬੇ ਰਹਿਮ ਅਤੇ ਅਣਮਨੁੱਖੀ ਹਮਲਾ ਕਰਕੇ ਹੁਣ ਤੱਕ ਦੇ ਹੋਏ ਹਮਲਿਆਂ ਨਾਲੋਂ ਸਭ ਤੋਂ ਵੱਧ ਵੱਡੇ ਪੱਧਰ ਤੇ ਬੰਬਾਰੀ ਕਰਕੇ ਪਹਿਲਾਂ ਤੋਂ ਹੀ ਬੇਸਹਾਰਾ ਅਤੇ ਭੁੱਖੇ ਪਿਆਸੇ 500 ਸੌ ਦੇ ਕਰੀਬ ਫ਼ਲਸਤੀਨੀ ਲੋਕਾਂ ਨੂੰ ਸਦਾ ਦੀ ਨੀਂਦ ਸੁਲਾ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਇੱਕ ਤਿਹਾਈ ਨਿੱਕੇ- ਨਿੱਕੇ ਮਾਸੂਮ ਬੱਚੇ ਅਤੇ ਔਰਤਾਂ ਸਨ। ਇਸ ਸਮੂਹਿਕ ਹੱਤਿਆ ਕਾਂਡ ਵਿੱਚ ਗਾਜ਼ਾ ਪ੍ਰਸ਼ਾਸ਼ਨ ਦੇ ਕਰਮਚਾਰੀ ਵੀ ਸ਼ਾਮਿਲ ਹਨ, ਜਿੱਥੇ ਵਿਆਪਕ ਵਿਨਾਸ਼ ਹੋਇਆ ਹੈ। ਇਹ ਸਮੂਹਿਕ ਕਤਲੇਆਮ ਉਸ ਸਮੇਂ ਕੀਤਾ ਗਿਆ ਜਦੋਂ ਨਾਲ਼ੋ ਨਾਲ਼ ਜੰਗਬੰਦੀ ਦਾ ਅਮਲ ਵੀ ਚੱਲ ਰਿਹਾ ਸੀ। ਪਿਛਲੇ 18 ਮਹੀਨਿਆਂ ਤੋਂ ਚੱਲੀ ਲੰਬੀ ਲੜਾਈ ਦੌਰਾਨ ਹੋਏ ਦਰਦਨਾਕ ਸਮੂਹਕ ਹੱਤਿਆ ਕਾਂਡ ਦੀ ਇਹ ਅਮਰੀਕਾ -ਇਜਰਾਈਲ ਗੱਠਜੋੜ ਦੀ ਸਭ ਤੋਂ ਭਿਆਨਕ ਘਟਨਾ ਹੈ, ਜੋ ਸਭ ਤੋਂ ਵੱਧ ਨਿੰਦਣਯੋਗ ਹੈ। ਜਿਸ ਵਿੱਚ ਹੁਣ ਤੱਕ ਗਾਜ਼ਾ ਪੱਟੀ ਦੇ ਲੱਗਭਗ 61700 ਬੇਕਸੂਰ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਜ਼ਰਾਈਲ ਵੱਲੋਂ ਹਰ ਵਾਰ ਜੋ ਨਵੀਨਤਮ ਖੁੰਖਾਰ ਹਥਿਆਰਾਂ ਦੀ ਪ੍ਰਦਰਸ਼ਨੀ ਕੀਤੀ ਜਾਂਦੀ ਹੈ,ਸਭ ਅਮਰੀਕੀ ਸਾਮਰਾਜਵਾਦ ਵੱਲੋਂ ਸਪਲਾਈ ਕੀਤੇ ਜਾਂਦੇ ਰਹੇ ਹਨ। ਦੋਵੇਂ ਸ਼ਕਤੀਆਂ ਵੱਲੋਂ ਮਿਲਕੇ ਅਤੇ ਜੰਗੀ ਤਾਲਮੇਲ ਕਰਕੇ ਹੀ ਸਮੂਹਿਕ ਹੱਤਿਆ ਕਾਂਡ ਨੂੰ ਅੰਜ਼ਾਮ ਦਿੱਤਾ ਜਾਂਦਾ ਸੀ। ਇਸਦੇ ਨਾਲ ਹੀ ਹੁਣ ਫ਼ਲਸਤੀਨੀ ਨਾਗਰਿਕਾਂ ਦਾ ਜ਼ਿਓਨਵਾਦੀ ਨਸਲੀ ਸਫ਼ਾਇਆ ਇੱਕ ਨਵੇਂ ਦੌਰ ਵਿੱਚ ਦਾਖ਼ਲ ਹੋ ਗਿਆ ਹੈ।
ਇਹ ਇਸ ਲਈ ਵੀ ਸਭ ਤੋਂ ਘਾਤਕ ਹੱਤਿਆ ਕਾਂਡ ਹੈ, ਜਦੋਂ ਇਜ਼ਰਾਈਲ ਵੱਲੋਂ ਭੋਜਨ, ਪਾਣੀ, ਬਿਜਲੀ ਅਤੇ ਇੱਥੋਂ ਤੱਕ ਕਿ ਲੋੜੀਂਦੀਆਂ ਦਵਾਈਆਂ ਦੀ ਸਪਲਾਈ ਲਾਈਨ ਬੰਦ ਕਰਕੇ ਲੰਬੀ ਨਾਕਾਬੰਦੀ ਕੀਤੀ ਹੋਈ ਹੈ। ਇਹ ਜਿਸ ਤਰ੍ਹਾਂ ਯਮਨ ਉੱਤੇ ਅਮਰੀਕੀ ਹਮਲੇ ਕੀਤੇ ਗਏ ਹਨ, ਬਿਲਕੁਲ ਓਵੇਂ ਹੀ ਅਤੇ ਉਹਨਾਂ ਦੀ ਲਗਾਤਾਰਤਾ ਦੇ ਅਨੁਸਾਰ ਇੱਕ ਸੋਚੀ ਸਮਝੀ ਸਾਜ਼ਿਸ਼ ਦਾ ਹੀ ਹਿੱਸਾ ਹੈ। ਇਹ ਅਮਰੀਕੀ ਹਥਿਆਰਾਂ ਦੀ ਨਵੇਂ ਸਿਰੇ ਤੋਂ ਅਤੇ ਵੱਡੇ ਪੱਧਰ ਤੇ ਵਿਕਰੀ ਕਰਨ ਲਈ ਅਤੇ ਕਰੂਰਤਾ ਦੀ ਹੱਦ ਤੱਕ ਜਾਣ ਲਈ ਅਮਰੀਕਾ ਵੱਲੋਂ ਆਪਣੇ ਹੱਕ ਵਿੱਚ ਪ੍ਰਭਾਵਸ਼ਾਲੀ ਮਹੌਲ ਸਿਰਜਿਆ ਜਾ ਰਿਹਾ ਹੈ। ਇਹ ਵੀ ਜੱਗ ਜ਼ਾਹਰ ਹੈ ਕਿ ਇਹ ਹਮਲਾ ਰਮਜ਼ਾਨ ਦੇ ਮਹੀਨੇ ਆਮ ਜਨਤਾ ਦੇ ਮਨਾਂ ਵਿੱਚ ਵੱਡਾ ਡਰ ਬਠਾਉਣ ਲਈ ਕੀਤਾ ਗਿਆ ਅਤੇ ਇਜ਼ਰਾਈਲ ਅਮਰੀਕਾ ਦੀ ਯੁੱਧ ਨੀਤੀ ਦਾ ਹਿੱਸਾ ਹੈ। ਮੌਜੂਦਾ ਜੰਗਬੰਦੀ ਨੂੰ ਚਕਨਾਚੂਰ ਕਰਕੇ ਅਤੇ ਯੁੱਧ ਨੂੰ ਹੋਰ ਤੇਜ਼ ਕਰਨ ਦੇ ਬਹਾਨੇ ਫਾਸ਼ੀਵਾਦੀ ‘ਨੇਤਨਯਾਹੂ’ ਜੋ ਧੁਰ ਸੱਜੇ ਪੱਖੀ ਨਵ ਜ਼ਿਓਨਵਾਦੀਆਂ ਦੇ ਸਮਰਥਨ ਨਾਲ ਸੱਤਾ ਵਿੱਚ ਬਣਿਆਂ ਰਹਿਣਾ ਚਾਹੁੰਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਰਾਦਾ ਵੀ ਇਹੀ ਹੈ ਕਿ ਇਸ ਖਿੱਤੇ ਨੂੰ ਪੱਕੇ ਤੌਰ ‘ਤੇ ਅਮਰੀਕਾ ਦੇ ਸਥਾਈ ਅੱਡੇ ਦੇ ਰੂਪ ‘ਚ ਬਣਾਈ ਰੱਖਣ ਲਈ ਅਤੇ ਇਸਦੀ ਵਰਤੋਂ ਫ਼ਲਸਤੀਨੀਆਂ ਨੂੰ ਇੱਥੋਂ ਭਜਾਕੇ ਅਤੇ ਪੂਰੀ ਗਾਜ਼ਾ ਪੱਟੀ ਤੇ ਪੂਰਨ ਕਬਜ਼ਾ ਕਰਕੇ ਇਸਨੂੰ ਸੈਲਾਨੀਆਂ ਦੇ ਅੱਡੇ ਦੇ ਰੂਪ ‘ਚ ਵਿਕਸਿਤ ਕੀਤਾ ਜਾਵੇ।
ਜਦੋਂ ਅਮਰੀਕੀ ਸਾਮਰਾਜ ਦੁਨੀਆਂ ਦੇ ਪੀੜਤ ਅਤੇ ਬੇਸਹਾਰਾ ਲੋਕਾਂ ਉੱਪਰ ਬਾਰ ਬਾਰ ਹਮਲੇ ਕਰਕੇ ਅਤੇ ਜ਼ਬਰ ਢਾਹਕੇ ਆਪਣੇ ਖੁੰਖਾਰ ਇਤਿਹਾਸ ਨੂੰ ਮੁੜ ਦੁਹਰਾਉਂਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਆਪਣੇ ਪੁਰਾਣੇ ਭੂ-ਰਾਜਨੀਤਕ ਹਿਤਾਂ ਨੂੰ ਮੱਦੇਨਜ਼ਰ ਰਖਦਿਆਂ ਇਜ਼ਰਾਇਲ ਨੂੰ ਆਪਣੀ ਸੈਨਾ ਚੌਂਕੀ ਦੇ ਰੂਪ ‘ਚ ਵਿਕਸਿਤ ਕਰਦਾ ਆ ਰਿਹਾ ਹੈ। ਅੱਜ ਇਹ ਦੋਵੇਂ ਮੁਲਕ ਮਿਲਕੇ ਫ਼ਲਸਤੀਨੀਆਂ ਦੀ ਨਸਲਕੁਸ਼ੀ ਕਰਨ ਲੱਗੇ ਹੋਏ ਹਨ। ਜਦੋਂ ਕਿ ਇਹ ਵਰਤਾਰਾ ਨਾਂ ਕੇਵਲ ਇੱਕ ਦਰਦਨਾਕ ਹੈ, ਬਲਕਿ ਅੰਤਰਰਾਸ਼ਟਰੀ ਭਾਈਚਾਰੇ ਅਤੇ ਅਰਬ ਦੇਸ਼ਾਂ ਦੇ ਲਈ ਇੱਕ ਬੇਹੱਦ ਸ਼ਰਮਨਾਕ ਵੀ ਹੈ , ਜਿਹੜੇ ਇਸਨੂੰ ਮੂਕ ਦਰਸ਼ਕ ਬਣ ਕੇ ਦੇਖ ਰਹੇ ਹਨ। ਅੱਜ ਤਮਾਮ ਸਾਮਰਾਜਵਾਦ ਵਿਰੋਧੀ ਅਤੇ ਫਾਸ਼ੀਵਾਦ ਵਿਰੋਧੀ ਲੋਕਤੰਤਰਿਕ ਤਾਕਤਾਂ ਨੂੰ ਇਸ ਕਠਨ ਸਮੇਂ ‘ਤੇ ਫ਼ਲਸਤੀਨ ਦੀ ਪੀੜਤ ਜਨਤਾ ਦੇ ਨਾਲ ਖੜ੍ਹੇ ਹੋਣ ਦੀ ਲੋੜ ਹੈ। ਸਾਮਰਾਜੀ ਮੁਲਕਾਂ ਅਤੇ ਕਾਰਪੋਰੇਟ ਪੂੰਜੀਵਾਦੀ ਘਰਾਣਿਆਂ ਵੱਲੋਂ ਲਤਾੜੀ ਜਾ ਰਹੀ ਸਮੁੱਚੀ ਜਨਤਾ ਨੂੰ ਅਮਰੀਕਾ -ਇਜ਼ਰਾਇਲ ਵੱਲੋਂ ਮਿਲਕੇ ਕੀਤੀ ਜਾ ਰਹੀ ਤਬਾਹੀ ਦਾ ਡਟਕੇ ਵਿਰੋਧ ਕਰਨਾ ਚਾਹੀਦਾ ਹੈ। ਮਿਤੀ 19 ਮਾਰਚ 2025


