ਮਾਨਸਾ, ਗੁਰਦਾਸਪੁਰ, 8 ਸਤੰਬਰ (ਸਰਬਜੀਤ ਸਿੰਘ)– 9 ਸਤੰਬਰ 1976 ਨੂੰ ਚੀਨ ਦੀ ਕਮਿਊਨਿਸਟ ਪਾਰਟੀ ਦੇ ਮਹਾਨ ਆਗੂ ਕਾਮਰੇਡ ਮਾਓ ਜ਼ੇ ਤੁੰਗ ਦਾ ਦਿਹਾਂਤ ਹੋ ਗਿਆ ਸੀ। ਅੱਜ 48 ਸਾਲ ਬਾਅਦ ਵੀ ਇਸ ਦਿਨ ‘ਤੇ ਦੁਨੀਆਂ ਭਰ ਦੇ ਕਮਿਊਨਿਸਟ ਇਨਕਲਾਬੀਆਂ ਵੱਲੋਂ ਉਹਨਾਂ ਦੇ ਯੋਗਦਾਨ ਨੂੰ ਯਾਦ ਕੀਤਾ ਜਾਵੇਗਾ। ਉਹਨਾਂ ਦਾ ਸਾਰਾ ਜੀਵਨ ਕ੍ਰਾਂਤੀਕਾਰੀ ਘਟਨਾਵਾਂ ਨਾਲ਼ ਭਰਪੂਰ ਹੈ। ਉਹਨਾਂ ਨੇ ਲੰਬਾ ਸਮਾਂ ਚੀਨ ਦੀ ਕਮਿਊਨਿਸਟ ਪਾਰਟੀ ਦੀ ਅਗਵਾਈ ਕਰਦੇ ਸਮੇਂ ਮਾਰਕਸਵਾਦ -ਲੈਨਿਨਵਾਦ ਦੀਆਂ ਬੁਨਿਆਦੀ ਧਾਰਨਾਵਾਂ ਨੂੰ ਲਾਗੂ ਕੀਤਾ ਸੀ। ਉਹਨਾਂ ਨੇ ਪਾਰਟੀ ਪ੍ਰੋਗਰਾਮ ਅਤੇ ਇਨਕਲਾਬ ਦਾ ਰਸਤਾ ਤਿਆਰ ਕਰਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਅਤੇ 1949 ਵਿੱਚ ਚੀਨ ਅੰਦਰ ਨਵ ਜਮਹੂਰੀ ਇਨਕਲਾਬ ਦੀ ਸਥਾਪਤੀ ਕੀਤੀ ਗਈ ਸੀ। ਉਹਨਾਂ ਨੇ ਕਦੇ ਵੀ ਰੂਸ ਦੇ ਇਨਕਲਾਬ ਦੀ ਨਕਲ ਨਹੀਂ ਕੀਤੀ ਅਤੇ ਇਨਕਲਾਬੀ ਤਾਕਤਾਂ ਨੂੰ ਇਹ ਵੀ ਯਾਦ ਕਰਵਾਇਆ ਕਿ ਚੀਨ ਦੀਆਂ ਠੋਸ ਹਾਲਤਾਂ ਅਤੇ ਇਥੋਂ ਦੇ ਇਨਕਲਾਬ ਦਾ ਰਸਤਾ ਸਭ ਤੋਂ ਵੱਖਰਾ ਹੈ। ਉਹਨਾਂ ਨੇ ਦੁਨੀਆਂ ਦੇ ਹੋਰਨਾਂ ਮੁਲਕਾਂ ਦੀਆਂ ਕਮਿਊਨਿਸਟ ਪਾਰਟੀਆਂ ਨੂੰ ਵੀ ਬਾਰ ਬਾਰ ਇਹ ਸਲਾਹ ਦਿੱਤੀ ਕਿ ਰੂਸ ਅਤੇ ਚੀਨ ਦੇ ਇਨਕਲਾਬ ਦੇ ਮਾਡਲ ਦੀ ਨਕਲ ਨਾਂ ਕੀਤੀ ਜਾਵੇ, ਬਲਕਿ ਹਰ ਦੇਸ਼ ਦੀਆਂ ਆਪਣੀਆਂ -2 ਠੋਸ ਹਾਲਤਾਂ ਦੇ ਅਨੁਕੂਲ ਹੀ ਪ੍ਰੋਗਰਾਮ ਅਤੇ ਇਨਕਲਾਬ ਦਾ ਰਸਤਾ ਵਿਕਸਤ ਕੀਤਾ ਜਾਵੇ। 1949 ਵਿੱਚ ਜਮਹੂਰੀ ਇਨਕਲਾਬ ਦਾ ਕਾਰਜ ਪੂਰਾ ਕਰਨ ਤੋਂ ਬਾਅਦ ‘ਚੀਨੀ ਲੋਕ ਗਣਰਾਜ’ ਦੀ ਸਥਾਪਨਾ ਕੀਤੀ ਗਈ। ਇਸ ਤੋਂ ਕੁੱਝ ਸਾਲਾਂ ਬਾਅਦ, ਜਦੋਂ ਦੇਸ਼ ਅੰਦਰ ਸਮਾਜਵਾਦ ਦਾ ਨਿਰਮਾਣ ਕਰਨਾ ਸ਼ੁਰੂ ਕੀਤਾ ਗਿਆ ਤਾਂ ਪਾਰਟੀ ਅੰਦਰਲੇ ਸੱਜੇ ਪੱਖੀ ਸੋਧਵਾਦੀ ਤੱਤਾਂ ਨੇ ਕਾਮਰੇਡ ਮਾਓ ਜ਼ੇ ਤੁੰਗ ਦੀ ਅਗਵਾਈ ਨੂੰ ਚਣੌਤੀ ਦੇਣੀ ਸ਼ੁਰੂ ਕਰ ਦਿੱਤੀ ਸੀ।ਕਾਮਰੇਡ ਸਟਾਲਿਨ ਦੀ ਮੌਤ ਤੋਂ ਬਾਅਦ 1956 ਵਿੱਚ ਸੋਵੀਅਤ ਸੰਘ ਉੱਪਰ ਸੋਧਵਾਦੀ ਪੂੰਜੀਵਾਦੀ ਰਾਹੀਆਂ ਦਾ ਕਬਜ਼ਾ ਹੋ ਗਿਆ ਸੀ। ਜਿਸ ਤੋਂ ਪ੍ਰਭਾਵਤ ਹੋ ਕੇ ਚੀਨ ਦੇ ਸੱਜੇ ਪੱਖੀ ਸੋਧਵਾਦੀਆਂ ਨੇ ਚੀਨ ਦੇ ਇਨਕਲਾਬ ਨੂੰ ਪੁੱਠੇ ਪੈਰੀਂ ਤੋਰਨਾ ਸ਼ੁਰੂ ਕਰ ਦਿੱਤਾ। ਜਿਨ੍ਹਾਂ ਨੇ ਚੀਨ ਦੀ ਕਮਿਊਨਿਸਟ ਪਾਰਟੀ ਦੇ ਅੱਠਵੇਂ ਮਹਾਂਸਮੇਲਨ ਵਿੱਚ ਕਾਮਰੇਡ ਮਾਓ ਜ਼ੇ ਤੁੰਗ ਨੂੰ ਘੱਟ ਗਿਣਤੀ ਵਿੱਚ ਲਿਆ ਖੜ੍ਹਾ ਕਰ ਦਿੱਤਾ ਸੀ। ਉਸ ਸਮੇਂ ਕਾਮਰੇਡ ਮਾਓ ਜ਼ੇ ਤੁੰਗ ਵੱਲੋਂ ਸਮਾਜਵਾਦੀ ਇਨਕਲਾਬ ਵੱਲ ਅੱਗੇ ਵਧਣ ਦਾ ਐਲਾਨ ਕੀਤਾ ਹੋਇਆ ਸੀ। ਇਸੇ ਸਮੇਂ ਦੌਰਾਨ ਚੀਨ ਦੇ ਸੋਧਵਾਦੀਆਂ ਵੱਲੋਂ “ਉਤਪਾਦਨ ਦਾ ਨਵਾਂ ਸਿਧਾਂਤ ” ਪੇਸ਼ ਕੀਤਾ ਜਾ ਰਿਹਾ ਸੀ, ਜਿਸਦਾ ਅਰਥ ਇਹ ਸੀ ਕਿ ਇਹ ਉਤਪਾਦਨ ਸਮਾਜਵਾਦ ਦੇ ਰਸਤੇ ਤੇ ਚੱਲ ਕੇ ਨਹੀਂ ਬਲਕਿ ਇਸਦਾ ਮੁੱਖ ਕਾਰਜ ਪੂੰਜੀਵਾਦੀ ਮਾਡਲ ਦੇ ਤਹਿਤ ਕੀਤਾ ਜਾਣਾ ਸੀ।ਅਮਰੀਕੀ ਸਾਮਰਾਜਵਾਦ ਦੀ ਅਗਵਾਈ ਹੇਠਲੇ ਸਾਮਰਾਜਵਾਦੀ ਖੇਮੇ ਵੱਲੋਂ ਦੂਜੀ ਸੰਸਾਰ ਜੰਗ ਤੋਂ ਬਾਅਦ ਸਮਾਜਵਾਦੀ ਖੇਮੇ ਅਤੇ ਕੌਮੀ ਮੁਕਤੀ ਘੋਲਾਂ ਦੀ ਵਧਦੀ ਤਾਕਤ ਨੂੰ ਰੋਕਣ ਲਈ ਅਤੇ ਸਾਮਰਾਜਵਾਦੀ ਵਿਵਸਥਾ ਦੇ ਆਰਥਿਕ ਮੰਦਵਾੜੇ ਵਿੱਚੋਂ ਨਿੱਕਲਣ ਲਈ ਜਿਹੜੇ ਰਸਤੇ ਦੀ ਤਲਾਸ਼ ਕੀਤੀ ਗਈ ਸੀ, ਜਿਵੇਂ 1941 ਵਿੱਚ ਅਮਰੀਕੀ ਅਤੇ ਬ੍ਰਿਟਿਸ਼ ਸਾਮਰਾਜਵਾਦੀ ਨੇਤਾਵਾਂ ਵੱਲੋਂ ਅਮਰੀਕਾ ਦੀ ਅਗਵਾਈ ਹੇਠ ‘ਐਟਲਾਂਟਿਕ ਚਾਰਟ’ ਤਿਆਰ ਕੀਤਾ ਗਿਆ। ਇਸੇ ਦਿਸ਼ਾ ਵਿੱਚ ਹੀ 1944 ਵਿੱਚ ਦੂਜੀ ਸੰਸਾਰ ਜੰਗ ਤੋਂ ਬਾਅਦ ਵਿਸ਼ਵ ਦੀ ਦੁਨੀਆਂ ਦਾ ਨਵੇਂ ਸਿਰੇ ਤੋਂ ਨਕਸ਼ਾ ਤਿਆਰ ਕਰਨ ਲਈ “ਬ੍ਰਿਟੇਨ ਵੁਡਸ ਸਮਝਾਉਤਾ ” ਕੀਤਾ ਗਿਆ। ਜਿਸ ਦੇ ਤਹਿਤ ਸਾਮਰਾਜਵਾਦੀ ਖੇਮੇ ਵੱਲੋਂ ‘ਬਸਤੀਵਾਦ’ ਦੀ ਥਾਂ ਦੁਨੀਆਂ ਨੂੰ ਲੁੱਟਣ ਦਾ ਨਵਾਂ ਚਣੌਤੀ ਭਰਿਆ ‘ਨਵ- ਬਸਤੀਵਾਦੀ’ ਸਿਧਾਂਤ ਅਪਣਾ ਲਿਆ ਗਿਆ ਸੀ। 1941 ਦੇ ਦਹਾਕੇ ਵਿੱਚ ਇਸ ਚਣੌਤੀ ਦਾ ਮੁਕਾਬਲਾ ਕਰਨ ਲਈ ਕਾਮਰੇਡ ਮਾਓ ਜ਼ੇ ਤੁੰਗ ਅਤੇ ਕਾਮਰੇਡ ਸਟਾਲਿਨ ਨੇ ਇਹਨਾਂ ਬਦਲੀਆਂ ਹੋਈਆਂ ਪ੍ਰਸਥਿਤੀਆਂ ਨੂੰ ਬਹਿਸ ਦਾ ਵਿਸ਼ਾ ਬਣਾਇਆ। ਉਸ ਸਮੇਂ ਦੇ ਪ੍ਰਸਿੱਧ ਦਾਰਸ਼ਨਿਕਾਂ ਨੇ ਕਮਿਊਨਿਸਟ ਸੂਚਨਾ ਬਿਉਰੋ ‘ਕੌਮਨਫ਼ੋਰਮ’ ਦੇ ਮੁੱਖ ਪੱਤਰਾਂ ਵਿੱਚ, 1957 ਦੇ ਮਾਸਕੋ ਘੋਸ਼ਣਾ ਪੱਤਰ ਵਿੱਚ , 1960 ਦੇ ਦੌਰਾਨ ਮਾਸਕੋ ਵਿਖੇ ਹੋਈਆਂ ਵੱਖ -ਵੱਖ ਬਹਿਸਾਂ ਸਮੇਂ ਅਤੇ ਇਸ ਤੋਂ ਵੀ ਵਧਕੇ 1963 ਵਿੱਚ ਚੀਨ ਦੀ ਕਮਿਊਨਿਸਟ ਪਾਰਟੀ ਅਤੇ ਸੋਵੀਅਤ ਸੰਘ ਦੀ ਕਮਿਊਨਿਸਟ ਪਾਰਟੀ ਵਿਚਕਾਰ ਚੱਲੀ ‘ਮਹਾਨ – ਬਹਿਸ’ ਸਮੇਂ ਪਾਸ਼ ਕੀਤੇ ਦਸਤਾਵੇਜ਼ਾਂ ਵਿੱਚ ਇਸ ਵਿਸ਼ੇ ਨੂੰ ਪ੍ਰਮੁੱਖਤਾ ਦਿੱਤੀ ਗਈ ਸੀ। ਉਸ ਸਮੇਂ ਚੀਨ ਦੀ ਕਮਿਊਨਿਸਟ ਪਾਰਟੀ ਵੱਲੋਂ ਬਸਤੀਵਾਦ ਦੇ ਮੁਕਾਬਲੇ ‘ਨਵ – ਬਸਤੀਵਾਦੀ’ ਲੁੱਟ ਨੂੰ ਜ਼ਿਆਦਾ ਘਾਤਕ ਅਤੇ ਖ਼ਤਰਨਾਕ ਦਰਸਾਇਆ ਗਿਆ ਸੀ।ਪ੍ਰੰਤੂ ਸਟਾਲਿਨ ਦੀ ਮੌਤ ਤੋਂ ਬਾਅਦ ਸੋਵੀਅਤ ਸੰਘ ਦੀ ਸੋਧਵਾਦੀ ਲੀਡਰਸ਼ਿਪ ਵੱਲੋਂ ‘ਨਵ -ਬਸਤੀਵਾਦੀ’ ਵਿਵਸਥਾ ਦਾ ਵਿਚਾਰਧਾਰਕ ਅਤੇ ਰਾਜਨੀਤਕ ਤੌਰ ‘ਤੇ ਮੁਕਾਬਲਾ ਕਰਨ ਦੀ ਬਜਾਏ ਖ਼ੁਦ ‘ਨਵ – ਬਸਤੀਵਾਦ’ ਦੀ ਪੈਰੋਕਾਰ ਬਣ ਗਈ। ਇਸੇ ਕਰਕੇ ਚੀਨ ਦੀ ਕਮਿਊਨਿਸਟ ਪਾਰਟੀ ਅੰਦਰ ਵੀ ‘ਅੰਤਰ – ਪਾਰਟੀ ਘੋਲ਼’ ਲਗਾਤਾਰ ਤਿੱਖਾ ਹੁੰਦਾ ਗਿਆ। ਉਸ ਸਮੇਂ ਚੀਨ ਉੱਪਰ ਦਬਾਅ ਪਾਉਣ ਲਈ ਸੋਵੀਅਤ ਸੰਘ ਨੇ ਚੀਨ ਤੋਂ ਆਪਣੇ ਸਾਰੇ ਮਾਹਿਰ ਵਾਪਸ ਬੁਲਾ ਲਏ ਅਤੇ ਆਰਥਿਕ ਮੱਦਦ ਬੰਦ ਕਰ ਦਿੱਤੀ। ਫਿਰ ਵੀ ਮਾਓ ਦੇ ਕਦਮ ਰੁਕੇ ਨਹੀਂ, ਉਹਨਾਂ ਨੇ ਜਨਤਾ ਨੂੰ ਲਾਮਬੰਦ ਕਰਕੇ ਸਮਾਜਵਾਦੀ ਸ਼ੁੱਧੀਕਰਨ ਅੰਦੋਲਨ ਜਾਰੀ ਰੱਖਿਆ। ਉਹਨਾਂ ਨੇ 1966 ਵਿੱਚ ‘ਸੱਭਿਆਚਾਰਕ ਇਨਕਲਾਬ’ ਸ਼ੁਰੂ ਕਰਕੇ ਪੂੰਜੀਵਾਦੀ ਰਾਹੀਆਂ ਨੂੰ (ਜਿਸ ਦੀ ਅਗਵਾਈ ‘ਲੀਓ ਸਾਓ ਚੀ’ ਅਤੇ ‘ਤੇਂਗ ਸਿਆਓ ਪਿੰਗ’ ਕਰ ਰਹੇ ਸਨ) ਜਨਤਾ ਦੇ ਸਹਿਯੋਗ ਨਾਲ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਸੀ। ਇਹ ਸੱਭਿਆਚਾਰਕ ਇਨਕਲਾਬ ਪ੍ਰਗਤੀ ਦੀ ਦਿਸ਼ਾ ਵਿੱਚ ਇੱਕ ਲੰਬੀ ਸ਼ਾਲ ਸੀ, ਜਿਸਨੇ ਜਗੀਰੂ ਅਤੇ ਅਰਧ ਜਗੀਰੂ ਚੀਨ ਨੂੰ ਇੱਕ ਅਜਿਹੇ ਦੇਸ਼ ਵਿੱਚ ਬਦਲ ਦਿੱਤਾ, ਜੋ ਸੋਧਵਾਦ ਦੇ ਨਾਲ਼ ਲੜਦੇ ਹੋਏ ਸਮਾਜਵਾਦ ਦੇ ਰਸਤੇ ਤੇ ਅੱਗੇ ਵਧਿਆ। ਲੇਕਿਨ, ਜਿਵੇਂ ਚੀਨ ਦੇ ਇਨਕਲਾਬੀ ਅੰਦੋਲਨ ਦਾ ਇਤਿਹਾਸ ਦਸਦਾ ਹੈ, ਕਿ ਜਦੋਂ ਇੱਕ ਗ਼ਲਤ ਸੱਜੇ ਪੱਖੀ ਰੁਝਾਨ ਦੇ ਖ਼ਿਲਾਫ਼ ਲੜਿਆ ਜਾ ਰਿਹਾ ਸੀ, ਤਾਂ ਉਸਦੀ ਆੜ ਵਿੱਚ ਇੱਕ ਹੋਰ ਖੱਬੇ ਪੱਖੀ ਗ਼ਲਤ ਰੁਝਾਨ ਉੱਭਰਨ ਅਤੇ ਹਾਵੀ ਹੋਣ ਦਾ ਯਤਨ ਕਰ ਰਿਹਾ ਸੀ। ਯਾਣੀ, ਜਦੋਂ ਚੀਨ ਅੰਦਰ ਸੱਜੇ ਪੱਖੀ ਸੋਧਵਾਦ ਦੇ ਖ਼ਿਲਾਫ਼ ਲੜਿਆ ਜਾ ਰਿਹਾ ਸੀ ਤਾਂ ਉਸੇ ਸਮੇਂ ਹੀ ‘ਲਿਨ ਪਿਆਓ’ ਦੀ ਅਗਵਾਈ ਹੇਠ ਖੱਬੇ ਪੱਖੀ ਸੰਕੀਰਨਤਾਵਾਦੀ ਰੁਝਾਨ ਸਾਹਮਣੇ ਆ ਗਿਆ ਸੀ। ਉਸ ਸਮੇਂ ਲਿਨ ਪਿਆਓ ਨੇ ਆਪਣੀ ਪੁਸਤਕ “ਲਮਕਮੇਂ ਲੋਕਯੁੱਧ ਦੀ ਜਿੱਤ ਲੰਬੀ ਹੋਵੇ” ਦੀ ਗ਼ਲਤ ਧਾਰਨਾ ਪੇਸ਼ ਕੀਤੀ ਜਾ ਰਹੀ ਸੀ। ਉਸਨੇ ਇਹ ਵੀ ਕਿਹਾ ਕਿ ਸਾਮਰਾਜਵਾਦੀ ਗ਼ੁਲਾਮੀ ਦੇ ਅਧੀਨ ਏਸ਼ੀਆ, ਅਫਰੀਕਾ ਅਤੇ ਦੱਖਣੀ ਅਮਰੀਕਾ ਦੇ ਤਮਾਮ ਦੇਸ਼ ‘ਅਰਧ ਬਸਤੀਵਾਦੀ ਅਤੇ ਅਰਧ ਜਗੀਰੂ’ ਹਨ ਅਤੇ ਇਹਨਾਂ ਦੇਸ਼ਾਂ ਦੀ ਸਥਿਤੀ ਓਹੀ ਹੈ, ਜੋਂ ਇਨਕਲਾਬ ਤੋਂ ਪਹਿਲਾਂ ਚੀਨ ਦੀ ਸੀ। ਇਸ ਲਈ ਇਹਨਾਂ ਦੇਸ਼ਾਂ ਦੀਆਂ ਕਮਿਊਨਿਸਟ ਪਾਰਟੀਆਂ ਨੂੰ ਚਾਹੀਦਾ ਹੈ ਕਿ ਉਹ ਲਮਕਮੇਂ ਲੋਕਯੁੱਧ ਦੇ ਰਸਤੇ ਤੇ ਚੱਲਣ। ਜਦੋਂ ਕਿ ਲਿਨ ਪਿਆਓ ਦਾ ਇਹ ਸਿਧਾਂਤ ਕਾਮਰੇਡ ਮਾਓ ਵਿਚਾਰਧਾਰਾ ਦੇ ਬਿਲਕੁਲ ਉਲਟ ਸੀ।ਵੈਸੇ ਵੀ,1969 ਵਿੱਚ ਪਾਰਟੀ ਦੇ ਨੌਵੇਂ ਮਹਾਂਸਮੇਲਨ ਵਿੱਚ ਲਿਨ ਪਿਆਓ ਦੀ ਅਤਿ ਖੱਬੀ ਸੰਕੀਰਨਤਾਵਾਦੀ ਲਾਈਨ ਸਵੀਕਾਰ ਕਰ ਲਈ ਗਈ ਅਤੇ ਇਹ ਕਿਹਾ ਗਿਆ, ਕਿ “ਦੁਨੀਆਂ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਚੁੱਕੀ ਹੈ, ਜੋਂ ਸਾਮਰਾਜਵਾਦ ਦੇ ਪੂਰਨ ਖ਼ਾਤਮੇਂ ਦਾ ਯੁੱਗ ਹੈ ਅਤੇ ਸਮਾਜਵਾਦ ਦੇ ਵਿਸ਼ਵ ਵਿਆਪੀ ਜਿੱਤ ਦਾ ਯੁੱਗ ਹੈ ਅਤੇ ਮਾਓ ਵਿਚਾਰਧਾਰਾ ਇਸ ਨਵੇਂ ਯੁੱਗ ਦਾ ਮਾਰਕਸਵਾਦ ਲੈਨਿਨਵਾਦ ਹੈ। ਲਿਨ ਪਿਆਓ ਦੀ ਇਸ ਧਾਰਨਾ ਨੇ ਕਾਮਰੇਡ ਲੈਨਿਨ ਵੱਲੋਂ ਪੇਸ਼ ਕੀਤੇ ਗਏ ਸਿਧਾਂਤ ਕਿ “ਅੱਜ ਦਾ ਯੁੱਗ ਸਾਮਰਾਜਵਾਦ ਅਤੇ ਪ੍ਰੋਲੇਤਾਰੀ ਇਨਕਲਾਬਾਂ ਦਾ ਯੁੱਗ ਹੈ” ਦੇ ਪੂਰੀ ਤਰ੍ਹਾਂ ਉਲਟ ਪੇਸ਼ ਕੀਤੀ ਗਈ। ਉਸ ਸਮੇਂ ਸੋਵੀਅਤ ਸੋਧਵਾਦ ਦੇ ਖ਼ਿਲਾਫ਼ ਵਿਚਾਰਧਾਰਕ ਅਤੇ ਰਾਜਨੀਤਕ ਲੜਾਈ ਲੜਦੇ ਹੋਏ ਦੁਨੀਆਂ ਭਰ ਵਿੱਚ ਮਾਰਕਸਵਾਦੀ ਲੈਨਿਨਵਾਦੀ ਪਾਰਟੀਆਂ ਉੱਭਰ ਰਹੀਆਂ ਸਨ। ਉਹਨਾਂ ਪਾਰਟੀਆਂ ਨੇ ਇਸ ਗ਼ਲਤ ਧਾਰਨਾ ਦੀ ਮਸ਼ੀਨੀ ਢੰਗ ਨਾਲ ਨਕਲ ਕਰਨੀ ਸ਼ੁਰੂ ਕਰ ਦਿੱਤੀ। ਜਿਸਦੇ ਕਾਰਣ ਸਮੁੱਚੀ ਕਮਿਊਨਿਸਟ ਲਹਿਰ ਨੂੰ ਗੰਭੀਰ ਧੱਕਾ ਲੱਗਿਆ ਅਤੇ ਲਹਿਰ ਜਲਦੀ ਹੀ ਖਿੰਡਿਆ ਦਾ ਸ਼ਿਕਾਰ ਹੋ ਗਈ। ਇਸ ਖੱਬੀ ਅਰਾਜਕਤਾਵਾਦੀ ਦਿਸ਼ਾ ਨੇ 1974 ਵਿੱਚ ਪੂੰਜੀਵਾਦੀ ਰਾਹੀਆਂ ਦੇ ਲਈ ਸੱਤ੍ਹਾ ਵਿੱਚ ਵਾਪਸੀ ਦਾ ਦੁਬਾਰਾ ਰਸਤਾ ਖੋਲ੍ਹ ਦਿੱਤਾ। ਮਾਓ ਨੇ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਵੀ ‘ਸ਼ੰਘਾਈ ਕਮਿਊਨ’ ਵਿੱਚ ਜਨਤਾ ਨੂੰ ਲਾਮਬੰਦ ਕਰਕੇ ਇਸਦੇ ਖਿਲਾਫ਼ ਇੱਕ ਆਖ਼ਰੀ ਲੜਾਈ ਲੜੀ ਗਈ। ਪੂੰਜੀਵਾਦੀ ਰਾਹੀਆਂ ਦੇ ਨੇਤਾ ਤੇਂਗ ਸਿਆਓ ਪਿੰਗ ਨੂੰ 1976 ਦੇ ਆਰੰਭ ਵਿੱਚ ਇੱਕ ਬਾਰ ਫਿਰ ਸੱਤਾ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ। ਇਸ ਤੋਂ ਕੁੱਝ ਮਹੀਨੇ ਬਾਅਦ ਅਚਾਨਕ ਮਾਓ ਬੀਮਾਰ ਹੋ ਗਿਆ ਅਤੇ 9 ਸਤੰਬਰ 1976 ਨੂੰ ਉਹਨਾਂ ਦਾ ਦਿਹਾਂਤ ਹੋ ਗਿਆ।ਕਿਉਂ ਕਿ ਪੂੰਜੀਵਾਦੀ ਰਾਹੀਆਂ ਦੀ ਸਾਰੇ ਪੱਧਰਾਂ ਤੇ ਪਾਰਟੀ, ਸੈਨਾ ਅਤੇ ਪ੍ਰਸ਼ਾਸਨ ਵਿੱਚ ਪੂਰੀ ਤਰ੍ਹਾਂ ਘੁਸਪੈਂਠ ਸੀ। ਮਾਓ ਦੀ ਮੌਤ ਤੋਂ ਤੁਰੰਤ ਬਾਅਦ ਉਹ ਖੁੱਲ੍ਹੇ ਆਮ ਸਾਹਮਣੇ ਆ ਗਏ। ਸੈਨਾ ਦਾ ਇਸਤੇਮਾਲ ਕਰਕੇ ਮਾਓ ਦੇ ਨੇੜਲੇ ਸਾਥੀਆਂ ਨੂੰ ਕੁਚਲ ਦਿੱਤਾ ਗਿਆ ਅਤੇ ਸੱਤ੍ਹਾ ਉੱਪਰ ਕਾਬਜ਼ ਹੋ ਗਏ। ਇਹਨਾਂ ਪੂੰਜੀਵਾਦੀ ਰਾਹੀਆਂ ਵੱਲੋਂ ਜਮਾਤੀ ਸਮਝਾਉਤਾਵਾਦੀ ‘ਤਿਨ ਦੁਨੀਆਂ ਦਾ ਸਿਧਾਂਤ’ ਪੇਸ਼ ਕੀਤਾ ਗਿਆ ਅਤੇ ਇੱਕ ਦੁਸ਼ਮਣ ਦੇ ਖ਼ਿਲਾਫ਼ ਦੂਜੇ ਦੁਸ਼ਮਣ ਨੂੰ ਨਾਲ ਹੱਥ ਮਿਲਾਉਣ ਦੀ ਵਕਾਲਤ ਕੀਤੀ ਗਈ। ਉਹਨਾਂ ਵੱਲੋਂ ਦੁਨੀਆਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ, ਜਿਸ ਵਿੱਚ ਪਹਿਲੀ ਦੁਨੀਆਂ ਵਿੱਚ ਦੋ ਮਹਾਂ ਸ਼ਕਤੀਆਂ ਅਮਰੀਕੀ ਸਾਮਰਾਜਵਾਦ ਅਤੇ ਸੋਵੀਅਤ ਸਮਾਜਿਕ ਸਾਮਰਾਜਵਾਦ ਨੂੰ ਰੱਖਿਆ ਗਿਆ,ਦੂਜੀ ਦੁਨੀਆਂ ਵਿੱਚ ਮਹਾਂਸ਼ਕਤੀਆਂ ਦੇ ਸਹਿਯੋਗੀ ਵਿਕਸਤ ਮੁਲਕਾਂ ਨੂੰ ਅਤੇ ਤੀਜ਼ੀ ਦੁਨੀਆਂ ਵਿੱਚ ਏਸ਼ੀਆ, ਅਫਰੀਕਾ ਅਤੇ ਦੱਖਣੀ ਅਮਰੀਕਾ ਦੇ ਦੇਸ਼ਾਂ ਵਿੱਚ ਵੰਡ ਕੀਤੀ ਗਈ ਸੀ। ਤਿੰਨ ਦੁਨੀਆਂ ਦੇ ਸਿਧਾਂਤ ਦੇ ਤਹਿਤ ਸੋਵੀਅਤ ਸਮਾਜਿਕ ਸਾਮਰਾਜਵਾਦ ਨੂੰ ਜ਼ਿਆਦਾ ਖੁੰਖਾਰ ਅਤੇ ਖ਼ਤਰਨਾਕ ਦੱਸਦੇ ਹੋਏ ਉਸਦੇ ਖ਼ਿਲਾਫ਼ ਬਾਕੀ ਸਾਰੇ ਦੇਸ਼ਾਂ ਦਾ ਇੱਕ ਮੋਰਚਾ ਬਨਾਉਣ ਦੀ ਵਕਾਲਤ ਵੀ ਕੀਤੀ ਗਈ ਸੀ। ਉਹ ਆਪਣੇ ਚਾਰ ਅਧੂਨਿਕੀਕਰਣ ਪ੍ਰੋਗਰਾਮ (ਖੇਤੀ, ਉਦਯੋਗ,ਰਾਸ਼ਟਰੀ ਸੁਰੱਖਿਆ ਅਤੇ ਵਿਗਿਆਨ ਅਤੇ ਤਕਨੀਕ) ਦੇ ਤਹਿਤ ਚੀਨ ਨੂੰ ਪੂੰਜੀਵਾਦੀ ਰਸਤੇ ਤੇ ਲੈਜਾਣ ਵਿੱਚ ਸਫ਼ਲ ਹੋ ਗਏ। ਅੱਜ ਚੀਨ ਇੱਕ ਅਜਿਹਾ ਦੇਸ਼ ਬਣ ਗਿਆ ਹੈ,ਜੋ ਕਹਿਣ ਨੂੰ ਸਮਾਜਵਾਦੀ ਹੈ ਪਰ ਅਮਲ ਵਿੱਚ ਪੂਰੀ ਤਰ੍ਹਾਂ ਸਾਮਰਾਜਵਾਦੀ ਬਣ ਚੁੱਕਾ ਹੈ। ਜੋ ਪੂਰੀ ਦੁਨੀਆਂ ਨੂੰ ਗ਼ੁਲਾਮ ਬਨਾਉਣ ਲਈ ਇੱਕ ਪਾਸੇ ਅਮਰੀਕੀ ਸਾਮਰਾਜਵਾਦ ਨਾਲ਼ ਸਹਿਯੋਗ ਕਰ ਰਿਹਾ ਹੈ ਤੇ ਦੂਜੇ ਪਾਸੇ ਟੱਕਰ ਲੈ ਰਿਹਾ ਹੈ। 1970 ਦੇ ਦਹਾਕੇ ਦੇ ਸ਼ੁਰੂ ਵਿੱਚ ਮਾਰਕਸਵਾਦੀ – ਲੈਨਿਨਵਾਦੀ ਪਾਰਟੀਆਂ ਵਿੱਚ ਖਿੰਡਿਆ ਤੇ ਟੁੱਟ ਭੱਜ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਤੇ ਹੁਣ ਵੀ ਇਹ ਧਾਰਨਾ ਬਣੀ ਹੋਈ ਹੈ, ਜੋਂ ਲਿਨ ਪਿਆਓ ਦੇ ‘ਲਮਕਮੇਂ ਲੋਕਯੁੱਧ ਦੇ ਸਿਧਾਂਤ’ ਉੱਪਰ ਟਿਕੀ ਹੋਈ ਹੈ। ਇਹ ਧਾਰਾ ਲਿਨ ਪਿਆਓ ਦੇ ‘ਨਵੇਂ ਯੁੱਗ’ਦੀ ਧਾਰਨਾ ਨੂੰ ਬੁਲੰਦ ਕਰ ਰਹੀ ਹੈ ਅਤੇ ਮਾਓਵਾਦ ਨੂੰ ਇਸ ਨਵੇਂ ਯੁੱਗ ਦਾ ਮਾਰਕਸਵਾਦ- ਲੈਨਿਨਵਾਦ ਕਹਿ ਰਹੀ ਹੈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਾਮਰਾਜਵਾਦ ਵੱਲੋਂ ਨਵ ਬਸਤੀਵਾਦੀ ਸਿਧਾਂਤ ਰਾਹੀਂ ਦੁਨੀਆਂ ਦੇ ਮੁਲਕਾਂ ਉੱਤੇ ਭੂਗੋਲਿਕ ਤੌਰ ‘ਤੇ ਕਾਬਜ਼ ਹੋਣ ਦੀ ਬਜਾਏ ਵਿੱਤੀ ਪੂੰਜੀ, ਬਜ਼ਾਰ ਅਤੇ ਤਕਨੀਕ ਦੇ ਜ਼ਰੀਏ ਗ਼ੁਲਾਮ ਬਣਾ ਰਿਹਾ ਹੈ।ਇਸ ਦੇ ਨਾਲ ਹੀ ਦੁਨੀਆਂ ਵਿੱਚ ਜੋ ਭਾਰੀ ਤਬਦੀਲਿਆਂ ਹੋਈਆਂ ਹਨ,ਉਸਦਾ ਵਿਸ਼ਲੇਸ਼ਣ ਕਰਨ ਦੀ ਬਜਾਏ, ਕਈ ਦੇਸ਼ਾਂ ਦੀਆਂ ਮਾਓਵਾਦੀ ਪਾਰਟੀਆਂ ਅਤੇ ਗਰੁੱਪ ਸੰਘਰਸ਼ ਦੇ ਹੋਰਨਾਂ ਰੂਪਾਂ ਨੂੰ ਨਕਾਰਕੇ ਜਾਂ ਘਟਾਕੇ, ਸਿਰਫ਼ ਹਥਿਆਰਬੰਦ ਘੋਲ ਨੂੰ ਹੀ ਸੰਘਰਸ਼ ਦਾ ਇੱਕੋ ਇੱਕ ਰੂਪ ਬਿਆਨ ਕਰ ਰਹੇ ਹਨ।ਦੂਜੇ ਪਾਸੇ, ਕੁੱਝ ਅਜਿਹੀਆਂ ਮਾਰਕਸਵਾਦੀ – ਲੈਨਿਨਵਾਦੀ ਪਾਰਟੀਆਂ ਵੀ ਹਨ,ਜੋਂ ਮਾਓਵਾਦ ਦੀ ਬਜਾਏ ਮਾਓ ਵਿਚਾਰਧਾਰਾ ਨੂੰ ਤਾਂ ਬੁਲੰਦ ਕਰਦੀਆਂ ਹਨ ਅਤੇ ਉਹਨਾਂ ਨੇ ਜਨਤਕ ਦਿਸ਼ਾ ਵੀ ਅਪਣਾਈ ਹੋਈ ਹੈ। ਪਰ ਉਹ ਅਜੇ ਵੀ ਲਿਨ ਪਿਆਓ ਦੀ ‘ਅਰਧ -ਬਸਤੀਵਾਦੀ ,ਅਰਧ- ਜਗੀਰੂ’ ਅਤੇ ਲਮਕਮੇਂ ਲੋਕਯੁੱਧ ਦੇ ਸਿਧਾਂਤ ਨਾਲ ਚਿਪਕੀਆਂ ਹੋਈਆਂ ਹਨ ਅਤੇ ਚੀਨ ਦੇ ਰਸਤੇ ਦੀਆਂ ਗ਼ੁਲਾਮ ਬਣੀਆਂ ਹੋਈਆਂ ਹਨ।ਕਾਮਰੇਡ ਮਾਓ ਦਾ ਯੋਗਦਾਨ ਉਸਦੀਆਂ ਪੰਜ ਚੋਣਵੀਆਂ ਰਚਨਾਵਾਂ, ਉਹਨਾਂ ਦੇ ਲੇਖਾਂ ਅਤੇ ਮਹਾਨ ਬਹਿਸ ਦੇ ਦਸਤਾਵੇਜਾਂ ਵਿੱਚ ਦਰਜ਼ ਹੈ। ਮਾਓ ਨੇ ਚੀਨ ਦੀਆਂ ਠੋਸ ਹਾਲਤਾਂ ਅਨੁਸਾਰ ਮਾਰਕਸਵਾਦੀ- ਲੈਨਿਨਵਾਦੀ ਸਿਧਾਂਤ ਲਾਗੂ ਕੀਤਾ ਸੀ ਅਤੇ ਇਨਕਲਾਬੀ ਅੰਦੋਲਨ ਨੂੰ ਅੱਗੇ ਵਧਾਇਆ ਸੀ। ਉਸਨੇ ਬਾਰ ਬਾਰ ਚੇਤਾਵਨੀ ਦਿੱਤੀ ਸੀ ਕਿ ਰੂਸ ਦੇ ਰਸਤੇ, ਚੀਨ ਦੇ ਰਸਤੇ ਜਾਂ ਕਿਸੇ ਹੋਰ ਮੁਲਕ ਦੀ ਨਕਲ ਨਹੀਂ ਕੀਤੀ ਜਾ ਸਕਦੀ। ਉਸ ਵੱਲੋਂ “ਮਜ਼ਦੂਰ ਵਰਗ ਦੇ ਅੰਤਰਾਸ਼ਟਰੀਵਾਦ” ਨੂੰ ਬੁਲੰਦ ਕੀਤਾ ਗਿਆ ਸੀ ਮਾਰਕਸਵਾਦ – ਲੈਨਿਨਵਾਦ ਅਤੇ ਮਾਓ ਵਿਚਾਰਧਾਰਾ ਨੂੰ ਬੁਲੰਦ ਕਰਨ ਦਾ ਅਰਥ ਇਹ ਹੈ ਕਿ ਉਸਦੇ ਬੁਨਿਆਦੀ ਸਿਧਾਂਤਾਂ ਤੋਂ ਸਬਕ ਲੈਣਾ ਅਤੇ ਹਰ ਦੇਸ਼ ਵਿੱਚ ਬਦਲਦੀਆਂ ਪ੍ਰਸਥਿਤੀਆਂ ਅਨੁਸਾਰ ਲਾਗੂ ਕਰਨਾ। ਮਾਰਕਸਵਾਦੀ ਲੈਨਿਨਵਾਦੀ ਤਾਕਤਾਂ ਦੀ ਜ਼ਿਮੇਂਦਾਰੀ ਬਣਦੀ ਹੈ ਕਿ ਉਹ ਕਾਮਰੇਡ ਮਾਓ ਦੇ ਯੋਗਦਾਨ ਦਾ ਵਿਗਿਆਨਕ ਢੰਗ ਨਾਲ ਅਧਿਐਨ ਕਰਨ ਅਤੇ ਆਪਣੇ ਆਪਣੇ ਦੇਸ਼ ਦੀਆਂ ਠੋਸ ਸਥਿਤੀਆਂ ਦੇ ਅਧਾਰਿਤ ਲਾਗੂ ਕਰਨ, ਤਾਂ ਕਿ ਇਨਕਲਾਬੀ ਅੰਦੋਲਨ ਨੂੰ ਅੱਗੇ ਵਧਾਇਆ ਜਾ ਸਕੇ।