ਸੀ.ਪੀ.ਐਮ.ਐਲ ਲਿਬਰੇਸ਼ਨ ਅਤੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਮੁਜਾਰਿਆਂ ਦੇ‌‌ ਲਗਾਨ ਜਮਾ ਕਰਾਉਣ ਦੇ ਸਬੰਧ ਵਿੱਚ ਸੁਪਰਡੰਟ ਨੂੰ ਸੌਂਪਿਆ ਮੰਗ ਪੱਤਰ

ਗੁਰਦਾਸਪੁਰ


ਗੁਰਦਾਸਪੁਰ, 5 ਦਸੰਬਰ (ਸਰਬਜੀਤ ਸਿੰਘ)– ਸੀ.ਪੀ.ਐਮ.ਐਲ ਲਿਬਰੇਸ਼ਨ ਅਤੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਗੁਰਦੁਆਰਾ ਤੇਜਾ ਕਲਾਂ ਦੀ ਜਮੀਨ ਦੇ ਪਿੰਡ ਖੰਨਾ ਚਮਾਰਾਂ ਅਤੇ ਰਾਮ ਦੁਵਾਲੀ ਦੇ ਮੁਜਾਰਿਆਂ ਦੇ‌‌ ਲਗਾਨ ਜਮਾ ਕਰਾਉਣ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਗੈਰ ਹਾਜ਼ਰੀ ਵਿੱਚ ਉਹਨਾਂ ਦੇ ਸੁਪਰਡੰਟ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧੀ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ, ਕਿਸਾਨ ਆਗੂ ਸੁਖਦੇਵ ਸਿੰਘ ਭਾਗੋਕਾਵਾਂ ਅਤੇ ਅਸ਼ਵਨੀ ਕੁਮਾਰ ਲੱਖਣ ਕਲਾਂ ਨੇ ਦੱਸਿਆ ਕਿ ਕਰੀਬ 7 ਦਹਾਕਿਆਂ ਤੋਂ ਮੁਜਾਰੇ ਇਸ ਜਮੀਨ ਉੱਪਰ ਕਾਸਤ ਕਰਦੇ ਆ ਰਹੇ ਹਨ, ਸਾਲ 2009 ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁਜਾਰਿਆਂ ਨੂੰ ਜਬਰੀ ਉਜੜਨ ਲਈ ਪਿੰਡ ਖੰਨਾ ਚਮਾਰਾਂ ਵਿੱਚ ਹਥਿਆਰਬੰਦ ਹੋ ਕੇ ਮੁਜਾਰਿਆ ਉੱਪਰ ਹਮਲਾ ਕਰ ਦਿੱਤਾ ਸੀ ਜਿਸ ਦੌਰਾਨ ਦੋ ਮੁਜਾਰੇ ਬਲਵਿੰਦਰ ਸਿੰਘ ਅਤੇ ਕਸ਼ਮੀਰ ਸਿੰਘ ਮਾਰੇ ਗਏ ਸਨ ਜਿਨਾਂ ਕਤਲਾਂ ਬਾਬਤ ਕਰੀਬ 25 ਐਸ ਜੀ ਪੀ ਸੀ ਦੇ ਮੁਲਾਜ਼ਮਾਂ ਵਿਰੁੱਧ 302 ਦਾ ਪਰਚਾ ਦਰਜ ਹੋਇਆ ਸੀ ਪਰ ਆਖਰ 2 ਸਾਲ ਬਾਅਦ ਮਜਾਰਿਆਂ ਅਤੇ ਐਸਜੀਪੀਸੀ ਵਿੱਚ ਸਮਝੌਤਾ ਹੋ ਗਿਆ ਸੀ ਜਿਸ ਨਿਆਇਕ ਸਮਝੌਤੇ ਅਨੁਸਾਰ ਕਰੀਬ 57 ਮੁਜਾਰੇ ਪਰਿਵਾਰਾਂ ਤੋਂ 2500 ਰੁਪਿਆ ਪ੍ਰਤੀ ਏਕੜ ਲਗਾਨ ਲੈਣਾ ਤੈ ਹੋਇਆ ਸੀ ਪਰ ਐਸਜੀਪੀਸੀ‌ ਬੀਤੇ ਪੰਜਾਂ ਸਾਲਾਂ ਤੋਂ ਇਹਨਾਂ ਮੁਜ਼ਾਰਿਆਂ ਤੋਂ ਲਗਾਨ ਜਮਾ ਨਹੀਂ ਕਰਵਾ ਰਹੀ ਜਿਸ ਬਾਬਤ ਸਰਕਾਰੀ ਖਜ਼ਾਨੇ ਵਿੱਚ ਲਗਾਨ ਜਮਾ ਕਰਾਉਣ ਲਈ ਐਸਡੀਐਮ ਡੇਰਾ ਬਾਬਾ ਨਾਨਕ ਨੂੰ ਅਰਜੀਆਂ ਦੀਆਂ ਦਿੱਤੀਆਂ ਗਈਆਂ ਸਨ ਪਰ ਕਰੀਬ ਅੱਧਾ ਦਹਾਕਾ ਬੀਤ ਜਾਣ ਉਪਰੰਤ ਵੀ ਐਸਡੀਐਮ ਡੇਰਾ ਬਾਬਾ ਨਾਨਕ ਸਰਕਾਰੀ ਖਜ਼ਾਨੇ ਵਿੱਚ ਲਗਾਮ ਜਮਾ ਕਰਾਉਣ ਦੇ ਹੁਕਮ ਜਾਰੀ ਨਹੀਂ ਕਰ ਰਿਹਾ ਜਿਸ ਕਾਰਨ ਮੁਜਾਰਿਆਂ ਨੂੰ ਸਾਲਾਂ ਤੋਂ ਐਸਡੀਐਮ ਦਫਤਰ ਦੇ ਚੱਕਰ ਮਾਰਨੇ ਪੈ ਰਹੇ ਹਨ। ਅਫਸੋਸ ਦੀ ਗੱਲ ਇਹ ਹੈ ਕਿ ਜਦੋਂ ਤੋ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਕੋਈ ਵੀ ਐਸਡੀਐਮ ਇੱਕ ਮਹੀਨੇ ਤੋਂ ਵੱਧ ਇਸ ਦਫਤਰ ਵਿੱਚ ਨਹੀਂ ਠਹਿਰਦਾ‌ , ਜਿਸ ਦੀ ਵਜਹਾ ਕਰਕੇ ਇਹ ਮਸਲਾ ਲਗਾਤਾਰ ਲਟਕਦਾ ਆ ਰਿਹਾ ਹੈ। ਆਗੂਆਂ ਦੱਸਿਆ ਕਿ ਐਸਡੀਐਮ ਦਫਤਰ ਡੇਰਾ ਬਾਬਾ ਨਾਨਕ ਵਲੋਂ ਹੋ ਰਹੀ ਪਰੇਸ਼ਾਨੀ ਦੇ ਸੰਬੰਧ ਵਿੱਚ ਤਤਕਾਲੀ ਚਾਰ ਡਿਪਟੀ ਕਮਿਸ਼ਨਰਾਂ ਨੂੰ ਮਿਲ ਕੇ ਸ਼ਿਕਾਇਤਾਂ ਦੇ ਚੁੱਕੇ ਹਨ ਅਤੇ ਕਈ ਵਾਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਧਰਨੇ ਮਾਰੇ ਗਏ ਹਨ ਪਰ ਇਸ ਦੇ ਬਾਵਜੂਦ ਵੀ ਮਸਲਾ ਜਿਉਂ ਦਾ ਤਿਉਂ ਖੜਾ ਹੈ। ਆਗੂਆਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇੱਕ ਹਫਤੇ ਦੇ ਅੰਦਰ ਅੰਦਰ ਮੁਜ਼ਾਰਿਆਂ ਦੇ ਲਗਾਨ ਜਮਾ ਨਾ ਕੀਤੇ ਗਏ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ‌ਡੇਰਾ ਬਾਬਾ ਨਾਨਕ ਜਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫਤਰ ਮੂਹਰੇ ਅਣਮਿਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ ਜਿਸ ਦੀ ਸਾਰੀ ਜਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਵਫਦ ਵਿੱਚ ਕੁਲਵੰਤ ਸਿੰਘ, ਹਰਦੀਪ ਸਿੰਘ, ਮਨਜੀਤ ਸਿੰਘ, ਪ੍ਰਗਟ ਸਿੰਘ, ਮੇਜਰ ਸਿੰਘ, ਮਹਿੰਦਰ ਸਿੰਘ, ਬਲਬੀਰ ਸਿੰਘ ਉੱਚਾ ਧਕਾਲਾ, ਐਡਵੋਕੇਟ ਹਰਵਿੰਦਰ ਸਿੰਘ ਮੱਲ੍ਹੀ ਅਤੇ ਪਲਵਿੰਦਰ ਸਿੰਘ ਸ਼ਾਮਲ ਸਨ.

Leave a Reply

Your email address will not be published. Required fields are marked *