ਗੁਰਦਾਸਪੁਰ, 5 ਨਵੰਬਰ (ਸਰਬਜੀਤ ਸਿੰਘ)– ਅਗਾਂਹਵਧੂ ਕਿਸਾਨ ਸੁਖਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ, ਵਾਸੀ ਕਾਦੀਆਂ, ਗੁਰਦਾਸਪੁਰ, ਦੂਜੇ ਕਿਸਾਨਾਂ ਲਈ ਮਿਸਾਲ ਬਣਿਆ ਹੈ, ਜਿਸ ਵੱਲੋਂ ਡੀ.ਏ.ਪੀ.ਖਾਦ ਤੋ ਬਿਨ੍ਹਾਂ ਡੰਗਰਾਂ ਦੇ ਗੋਹੇ ਅਤੇ ਫਸਲ ਦੀ ਰਹਿੰਦ- ਖੂੰਹਦ ਨੂੰ ਖੇਤ ਵਿਚ ਵਾਹ ਕੇ ਕਣਕ ਦੀ ਬਿਜਾਈ ਕੀਤੀ ਹੈ।ਅਗਾਂਹਵਧੂ ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ 8 ਏਕੜ ਵਿਚ ਪਿਛਲੇ 4 ਸਾਲਾਂ ਤੋਂ ਆਪਣੇ ਖੇਤਾਂ ਵਿੱਚ ਡੀ.ਏ.ਪੀ ਖਾਦ ਦੀ ਵਰਤੋਂ ਨਹੀਂ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡੰਗਰਾਂ ਦੇ ਗੋਹੇ (ਹੇਲ) ਨੂੰ ਇੱਕਠਾ ਕਰਕੇ ਪੈਲੀ ਵਿੱਚ ਮਿਕਸ ਕਰਕੇ ਕਣਕ ਦੀ ਬਿਜਾਈ ਕਰਦਾ ਹੈ। ਕਿਸਾਨ ਸੁਖਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਡੀ.ਏ.ਪੀ. ਖਾਦ ਦੀ ਵਰਤੋ ਕੀਤੇ ਬਿਨ੍ਹਾਂ ਇਸ ਤਰ੍ਹਾਂ ਕਣਕ ਬੀਜਣ ਨਾਲ, ਉਨ੍ਹਾਂ ਦੀ ਫਸਲ ਦਾ ਝਾੜ ਵਧਿਆ ਹੈ ਅਤੇ ਨੇੜਲੇ ਪਿੰਡਾਂ ਦੇ ਕਿਸਾਨਾਂ ਵਲੋਂ ਉਸ ਪਾਸ ਆ ਕੇ ਇਸ ਸਬੰਧੀ ਜਾਣਕਾਰੀ ਵੀ ਲਈ ਜਾਂਦੀ ਹੈ। ਅਗਾਂਹਵਧੂ ਕਿਸਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਖੇਤੀ, ਆਪਣੀ ਸੋਚ ਅਤੇ ਮਾਹਿਰਾਂ ਦੀ ਸਲਾਹ ਨਾਲ ਕਰਨੀ ਚਾਹੀਦੀ ਹੈ ਅਤੇ ਦੌੜ ਵਿੱਚ ਪੈਂਣ ਦੀ ਥਾਂ, ਠਰੁੰਮੇ ਨਾਲ ਫਸਲ ਬੀਜਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮਿਹਨਤ ਤੇ ਸ਼ਿੱਦਤ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਬਿਨ੍ਹਾਂ ਡੀ.ਏ.ਪੀ. ਖਾਦ ਵਰਤੇ, ਕਣਕ ਦੀ ਬਿਜਾਈ ਕਰਨ, ਇਸ ਨਾਲ ਫਸਲ ਦਾ ਝਾੜ ਦੂਜਿਆਂ ਨਾਲ ਵੱਧ ਨਿਕਲਦਾ ਹੈ।
